ਅੰਮ੍ਰਿਤਸਰ, 24 ਜੂਨ (ਰੇਸ਼ਮ ਸਿੰਘ)-ਅੱਜ ਇਥੇ ਮਾਝੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਦੀ ਮੌਜੂਦਗੀ ’ਚ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਕਿ ਉਹ ਕਾਂਗਰਸ ਦੇ ਵਿਧਾਇਕਾਂ ਸਮੇਤ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਰਹੇ ਹਨ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਪਾਸ ਹੋਣ ਉਪਰੰਤ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਪੱਸ਼ਟੀਕਰਨ ਲਈ ਜਵਾਬ ਤਲਬੀ ਕੀਤੇ ਜਾਣ ਲਈ ਪੇਸ਼ ਹੋਣ ਲਈ ਤਾਕੀਦ ਕੀਤੀ ਗਈ ਹੈ। ਅੱਜ ਇਥੇ ਅੰਮ੍ਰਿਤਸਰ ਵਿਖੇ ਕਰਵਾਏ ਪੱਤਰਕਾਰ ਸੰਮੇਲਨ ’ਚ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਭਗਵੰਤ ਮਾਨ ਦਾ ਸਮਾਜਿਕ ਤੇ ਸਿਆਸੀ ਬਾਈਕਾਟ ਕੀਤਾ ਜਾ ਰਿਹਾ ਹੈ ਜਿਸ ਲਈ ਆਉਂਦੇ ਦੋ ਤਿੰਨ ਦਿਨਾਂ ’ਚ ਇਕ ਮੁਹਿੰਮ ਵੀ ਛੇੜੀ ਜਾ ਰਹੀ ਹੈ । ਉਨ੍ਹਾਂ ਹਰਿਆਣਾ ਪੁਲਿਸ ਵਲੋਂ ਫਰਜ਼ੀ ਲੈਬ ਰਿਪੋਰਟ ਦੇ ਮਾਮਲੇ ’ਚ ਦਰਜ ਮਾਮਲੇ ’ਚ ਕਿਹਾ ਕਿ ਇਸ ਲਈ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਤੇ ਇਕ ਐੱਸ ਪੀ. ਜ਼ਿੰਮੇਵਾਰ ਹੈ ਜਿਨ੍ਹਾਂ ਦਾ ਨਾਂਅ ਪਰਚੇ ’ਚ ਨਾਮਜ਼ਦ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਉਪ ਮੁਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਮੰਤਰੀ ਅਨਿਲ ਜੋਸ਼ੀ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਡੈਨੀ, ਸੰਤੋਖ ਸਿੰਘ ਭਲਾਈਪੁਰ, ਭਗਵੰਤਪਾਲ ਸਿੰਘ ਸੱਚਰ, ਸੁਨੀਲ ਦੱਤੀ, ਸੁਖਪਾਲ ਸਿੰਘ ਖਹਿਰਾ, ਵਿਕਾਸ ਸੋਨੀ, ਜੋਗਿੰਦਪਾਲ ਢੀਂਗਰਾ, ਅਸ਼ਵਨੀ ਪੱਪੂ ਆਦਿ ਆਗੂ ਹਾਜ਼ਰ ਸਨ।
ਕਾਂਗਰਸੀ ਵਿਧਾਇਕਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਵਾਂਗਾ ਪੇਸ਼-ਬਾਜਵਾ
ਅਜੀਤ ਡੈਸਕ
25-06-2026