ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਵਲੋਂ ਅਸਤੀਫ਼ਾ-8 ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 27-06-2026
ਅਯੁੱਧਿਆ (ਉੱਤਰ ਪ੍ਰਦੇਸ਼), 26 ਜੂਨ (ਪੀ.ਟੀ.ਆਈ.)-ਅਯੁੱਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਦੇ ਮਾਮਲੇ ’ਚ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਡਾ. ਅਨਿਲ ਮਿਸ਼ਰਾ ਨੇ ਅਸਤੀਫ਼ਾ ਦੇ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਲਈ ਪ੍ਰਾਪਤ ਦਾਨ ਦੀ ਕਥਿਤ ਦੁਰਵਰਤੋਂ ਦੇ ਸਬੰਧ ਵਿੱਚ ਐੱਫ.ਆਈ.ਆਰ. ਵਿੱਚ ਨਾਮਜ਼ਦ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਦੀ ਸ਼ਿਕਾਇਤ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਹ ਕਾਰਵਾਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੀ ਸ਼ੁਰੂਆਤੀ ਰਿਪੋਰਟ ਵਿੱਚ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਸੀ। ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਕਿਹਾ, “ਐੱਫ. ਆਈ. ਆਰ. ਵਿੱਚ ਨਾਮਜ਼ਦ ਸਾਰੇ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।” ਅਯੁੱਧਿਆ ਦੇ ਐੱਸ.ਐੱਸ.ਪੀ. ਗੌਰਵ ਗਰੋਵਰ ਨੇ ਦੱਸਿਆ, “ਮੁਲਜ਼ਮ ਸਾਡੀ ਹਿਰਾਸਤ ਵਿੱਚ ਹਨ। ਮਾਮਲੇ ਸੰਬੰਧੀ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।” ਇੱਕ ਅਧਿਕਾਰੀ ਨੇ ਦੱਸਿਆ ਕਿ ਐੱਫ.ਆਈ.ਆਰ. ਵਿੱਚ ਨਾਮਜ਼ਦ ਲੋਕ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਾਮਸ਼ੰਕਰ ਮਿਸ਼ਰਾ, ਸੁਭਾਸ਼ ਸ੍ਰੀਵਾਸਤਵ ਅਤੇ ਰਾਮਸ਼ੰਕਰ ਯਾਦਵ ਉਰਫ਼ ਟੀਨੂੰ ਹਨ। ਇਹ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 306 (ਮਾਲਕ ਦੀ ਜਾਇਦਾਦ ਦੀ ਕਲਰਕ ਜਾਂ ਨੌਕਰ ਦੁਆਰਾ ਚੋਰੀ), 316 (ਅਪਰਾਧਿਕ ਵਿਸ਼ਵਾਸਘਾਤ), 317 (ਬੇਈਮਾਨੀ ਨਾਲ ਚੋਰੀ ਕੀਤੇ ਸਾਮਾਨ ਪ੍ਰਾਪਤ ਕਰਨਾ) ਅਤੇ 61 (ਅਪਰਾਧਿਕ ਸਾਜ਼ਿਸ਼) ਦੇ ਤਹਿਤ ਦਰਜ ਕੀਤਾ ਗਿਆ ਹੈ। ਰਾਮ ਮੰਦਰ ਲਈ ਪ੍ਰਾਪਤ ਦਾਨ ਦੀ ਕਥਿਤ ਦੁਰਵਰਤੋਂ ਦਾ ਵਿਵਾਦ 7 ਜੂਨ ਨੂੰ ਸਾਹਮਣੇ ਆਇਆ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੇਨਤੀ ‘ਤੇ, ਉੱਤਰ ਪ੍ਰਦੇਸ਼ ਸਰਕਾਰ ਨੇ 13 ਜੂਨ ਨੂੰ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ, ਜਿਸ ਨੇ 23 ਜੂਨ ਨੂੰ ਸਰਕਾਰ ਨੂੰ ਆਪਣੀ ਮੁੱਢਲੀ ਰਿਪੋਰਟ ਸੌਂਪ ਦਿੱਤੀ। ਸਿਟ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ, 25 ਜੂਨ ਦੀ ਰਾਤ ਨੂੰ ਇੱਕ ਐੱਫ.ਆਈ. ਆਰ.ਦਰਜ ਕੀਤੀ ਗਈ ਸੀ ਅਤੇ ਅਯੁੱਧਿਆ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਸੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵਲੋਂ 7 ਜੂਨ ਨੂੰ ਇਹ ਮੁੱਦਾ ਉਠਾਉਣ ਤੋਂ ਬਾਅਦ ਕੁਝ ਮੁਲਜ਼ਮਾਂ ਦੇ ਨਾਂਅ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਸਨ। ਬਾਅਦ ਵਿੱਚ ਇਹ ਮਾਮਲਾ ਇੱਕ ਵੱਡੇ ਰਾਜਨੀਤਿਕ ਵਿਵਾਦ ਵਿੱਚ ਬਦਲ ਗਿਆ, ਜਿਸ ਵਿੱਚ ਵੀ.ਐੱਚ.ਪੀ, ਅਤੇ ਆਮ ਆਦਮੀ ਪਾਰਟੀ ਨੇ ਵੀ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਰਿਪੋਰਟਾਂ ਦੇ ਅਨੁਸਾਰ ਸੁਭਾਸ਼ ਚੰਦਰ ਸ੍ਰੀਵਾਸਤਵ ਨਕਦੀ ਗਿਣਤੀ ਸਟਾਫ ਦੇ ਇੰਚਾਰਜ ਸਨ, ਜਦੋਂ ਕਿ ਹੋਰ ਦੋਸ਼ੀ ਨਕਦੀ ਅਤੇ ਕੀਮਤੀ ਸਾਮਾਨ ਦੀ ਗਿਣਤੀ ਕਰਨ ਵਿੱਚ ਜਾਂ ਇਸ ਪ੍ਰਕਿਰਿਆ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸ਼ਾਮਿਲ ਸਨ। ਐੱਫ.ਆਈ.ਆਰ. ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਰਾਮ ਸ਼ੰਕਰ ਯਾਦਵ ਉਰਫ਼ ਟੀਨੂੰ ਯਾਦਵ ਵੀ ਸ਼ਾਮਿਲ ਹੈ, ਜਿਸਨੂੰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਦਾ ਸਾਬਕਾ ਡਰਾਈਵਰ ਦੱਸਿਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਜੁਰਮਾਨੇ ਨਾਲ ਨਹੀਂ ਹੋਵੇਗਾ ਛੁਟਕਾਰਾ, ਅਦਾਲਤ ’ਚ ਚੱਲੇਗਾ ਕੇਸ ਅਗਲੀ ਖ਼ਬਰ ਵੈਨੇਜ਼ੁਏਲਾ ’ਚ ਭੁਚਾਲ ਨਾਲ ਹੁਣ ਤੱਕ 920 ਮੌਤਾਂ, 3000 ਤੋਂ ਵੱਧ ਜ਼ਖ਼ਮੀ
Ad Position 24
No active advertisement