ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)- ‘ਆਪ੍ਰੇਸ਼ਨ ਸੰਧੂਰ’ ਦੌਰਾਨ ਸ਼ਹੀਦ ਹੋਣ ਵਾਲੇ 6 ਜਵਾਨਾਂ ਦੇ ਨਾਂਅ ਪਹਿਲੀ ਵਾਰ ਅਧਿਕਾਰਕ ਤੌਰ ’ਤੇ ਜਨਤਕ ਕੀਤੇ ਗਏ। ਇਨ੍ਹਾਂ ਨਾਵਾਂ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਵੈੱਬਸਾਈਟ ’ਤੇ ‘ਰੋਲ ਆਫ਼ ਆਨਰ’ ’ਚ ਸ਼ਾਮਿਲ ਕੀਤਾ ਗਿਆ। ਇਸ ਵੈੱਬਸਾਈਟ ’ਤੇ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਂਅ ਦਰਜ ਹਨ, ਜਿਨ੍ਹਾਂ ਨੇ ਭਾਰਤ ਲਈ ਕਿਸੇ ਵੀ ਜੰਗ ਜਾਂ ਆਪ੍ਰੇਸ਼ਨ ’ਚ ਹਿੱਸਾ ਲਿਆ ਹੋਵੇ। ‘ਆਪ੍ਰੇਸ਼ਨ ਸੰਧੂਰ’ ਨਾਲ ਸੰਬੰਧਿਤ ਜਿਹੜੇ ਨਾਂਅ ਵੈੱਬਸਾਈਟ ’ਤੇ ਦਰਜ ਕੀਤੇ ਗਏ ਹਨ ਉਨ੍ਹਾਂ ’ਚ ਸੂਬੇਦਾਰ ਮੇਜਰ ਪਵਨ ਕੁਮਾਰ, ਰਾਇਫਲਮੈਨ ਸੁਨੀਲ ਕੁਮਾਰ, ਲਾਂਸਨਾਇਕ ਦਿਨੇਸ਼ ਕੁਮਾਰ, ਏ.ਵੀ. ਸੂਦ, ਮੁਰਲੀਨਾਇਕ, ਹਵਲਦਾਰ ਸੁਨੀਲ ਕੁਮਾਰ ਸਿੰਘ ਅਤੇ ਸਾਰਜੇਂਟ ਸੁਰਿੰਦਰ ਕੁਮਾਰ ਸ਼ਾਮਿਲ ਹਨ। ਇਨ੍ਹਾਂ ’ਚੋਂ ਸਾਰਜੇਂਟ ਸੁਰਿੰਦਰ ਕੁਮਾਰ ਹਵਾਈ ਫ਼ੌਜ ਤੋਂ ਸਨ, ਜਦਕਿ ਬਾਕੀ ਪੰਜੇ ਹਥਿਆਰਬੰਦ ਫ਼ੌਜ ਤੋਂ ਸਨ। ਇਨ੍ਹਾਂ ਸ਼ਹੀਦਾਂ ਦੇ ਨਾਂਅ ਨਵੀਂ ਦਿੱਲੀ ਸਥਿਤ ‘ਨੈਸ਼ਨਲ ਵਾਰ ਮੈਮੋਰੀਅਲ’ ਦੀ ਥ੍ਰੀ ਡੀ ਵਾਲ ’ਤੇ ਸਾਲ 2025 ਦੇ ਸੈਕਸ਼ਨ ’ਚ ਵੀ ਦਰਜ ਕੀਤੇ ਗਏ ਹਨ। ਇਥੇ ਕੁੱਲ 26,626 ਸ਼ਹੀਦਾਂ ਦੇ ਨਾਂਅ ਦਰਜ ਹਨ। ਇਨ੍ਹਾਂ ਸ਼ਹੀਦਾਂ ’ਚ 1947-48 ’ਚ ਪਾਕਿਸਤਾਨ ਦੇ ਨਾਲ ਹੋਈ ਜੰਗ ਤੋਂ ਲੈ ਕੇ ‘ਆਪ੍ਰੇਸ਼ਨ ਸੰਧੂਰ’ ਤੱਕ ਸ਼ਾਮਿਲ ਜਵਾਨਾਂ ਦੇ ਨਾਂਅ ਸ਼ਾਮਿਲ ਹਨ। ਇਹ ਪਹਿਲੀ ਵਾਰ ਹੈ ਜਦੋਂ ‘ਆਪ੍ਰੇਸ਼ਨ ਸੰਧੂਰ’ ’ਚ ਸ਼ਹੀਦ ਹੋਏ ਫ਼ੌਜੀਆਂ ਦੇ ਨਾਂਅ ਸਾਹਮਣੇ ਆਏ ਹਨ। ਪਹਿਲਾਂ ਕੁਝ ਫ਼ੌਜੀਆਂ ਦੀ ਸ਼ਹਾਦਤ ਦੀ ਖ਼ਬਰ ਸੀ ਪਰ ਸਰਕਾਰ ਵਲੋਂ ਅਧਿਕਾਰਕ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਸੀ।