ਲੰਡਨ, 26 ਜੂਨ (ਪੀ. ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿਚ ਵਪਾਰੀਆਂ ਲਈ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਯੂ.ਕੇ. ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਦਾ ਮੁੱਖ ਉਦੇਸ਼ ਵੱਡੇ ਬਦਲਾਅ ਲਿਆਉਣ ਵਾਲਾ ਵਿਕਾਸ ਹੋਣਾ ਚਾਹੀਦਾ ਹੈ।ਗੋਇਲ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀ.ਈ.ਟੀ.ਏ.) ਨੂੰ ਲਾਗੂ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਤਿਆਰੀ ਦੀ ਸਮੀਖਿਆ ਲਈ ਤਿੰਨ ਦਿਨਾਂ ਦੇ ਦੌਰੇ ‘ਤੇ ਯੂ.ਕੇ. ਵਿਚ ਹਨ, ਜੋ ਕਿ 15 ਜੁਲਾਈ ਤੋਂ ਲਾਗੂ ਹੋ ਰਿਹਾ ਹੈ।ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਗੋਇਲ ਨੇ ਫੈਡਰੇਸ਼ਨ ਆਫ਼ ਇੰਡੀਅਨ ਕਾਮਰਸ ਐਂਡ ਇੰਡਸਟਰੀ ਦੀ ਅਗਵਾਈ ਵਾਲੇ ਵਫ਼ਦ ਦੇ ਮੈਂਬਰਾਂ ਤੋਂ ਸੀ.ਈ.ਟੀ.ਏ. ਤੋਂ ਪੇਸ਼ ਕੀਤੇ ਜਾਣ ਵਾਲੇ ਸੈਕਟਰ-ਵਿਆਪੀ ਮੌਕਿਆਂ, ਜਿਵੇਂ ਕਿ ਉੱਨਤ ਨਿਰਮਾਣ, ਖਪਤਕਾਰ ਵਸਤੂਆਂ, ਨਵਿਆਉਣਯੋਗ ਊਰਜਾ, ਸਿਹਤ ਸੰਭਾਲ ਅਤੇ ਸੈਰ-ਸਪਾਟਾ ਬਾਰੇ ਸੁਣਿਆ।ਡਬਲ ਕੰਟਰੀਬਿਊਸ਼ਨ ਕਨਵੈਨਸ਼ਨ (ਡੀ.ਸੀ.ਸੀ.) ਦੇ ਵਿਸ਼ੇ ’ਤੇ ਜੋ ਅਗਲੇ ਮਹੀਨੇ ਸੀ.ਈ.ਟੀ.ਏ. ਦੇ ਨਾਲ ਵੀ ਲਾਗੂ ਹੋਵੇਗਾ। ਮੰਤਰੀ ਨੇ ਕਾਰੋਬਾਰਾਂ ਨੂੰ ਸੂਚਿਤ ਕੀਤਾ ਕਿ ਇਹ ਪੰਜ ਸਾਲਾਂ ਦੀ ਮਿਆਦ ਲਈ ਦੋਵਾਂ ਦੇਸ਼ਾਂ ਵਿਚ ਅਸਥਾਈ ਕਰਮਚਾਰੀਆਂ ‘ਤੇ ਲਾਗੂ ਹੋਵੇਗਾ।ਭਾਰਤੀ ਜੋ ਇਥੇ ਪੰਜ ਸਾਲਾਂ ਤੱਕ ਅਸਥਾਈ ਵਰਕ ਪਰਮਿਟ ’ਤੇ ਕੰਮ ਕਰਨ ਆਉਂਦੇ ਹਨ, ਉਹ ਆਪਣੀ ਬੱਚਤ ਵਿਚ ਸਿੱਧੇ 25 ਫ਼ੀਸਦੀ ਬਚਾ ਸਕਦੇ ਹਨ। ਇਸ ਤੋਂ ਪਹਿਲਾਂ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਰਤਾਨਵੀ ਹਮਰੁਤਬਾ ਪੀਟਰ ਕਾਇਲ ਨਾਲ ਅਰਥਪੂਰਨ ਚਰਚਾ ਕੀਤੀ ਤਾਂ ਜੋ ਦੁਵੱਲੇ ਆਰਥਿਕ ਅਤੇ ਵਪਾਰਕ ਸਹਿਯੋਗ ਨੂੰ ਡੂੰਘਾ ਕਰਨ ਲਈ ਨਵੇਂ ਮੌਕਿਆਂ ਦੀ ਖੋਜ ਕੀਤੀ ਜਾ ਸਕੇ।