ਅਯੁੱਧਿਆ (ਉੱਤਰ ਪ੍ਰਦੇਸ਼), 26 ਜੂਨ (ਪੀ.ਟੀ.ਆਈ.) ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਰਾਮ ਮੰਦਰ ਲਈ ਦਾਨ ਦੀ ਕਥਿਤ ਦੁਰਵਰਤੋਂ ਵਿੱਚ ਸ਼ਾਮਿਲ ਲੋਕਾਂ ਦੇ ਸਮਾਜਿਕ ਬਾਈਕਾਟ ਦੀ ਅਪੀਲ ਕੀਤੀ। ਉਨ੍ਹਾਂ ਇਸ ਮੁੱਦੇ ਨੂੰ ‘ਧਾਰਮਿਕ ਯੁੱਧ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੱਕ ਆਰਾਮ ਨਾਲ ਨਹੀਂ ਬੈਠਣਗੇ।”ਮੈਂ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਕਾਨੂੰਨ ਕਾਰਵਾਈ ਕਰੇ ਜਾਂ ਨਾ ਕਰੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਾਨੂੰਨ ਆਪਣਾ ਕੰਮ ਕਰੇ। ਭਗਵਾਨ ਰਾਮ ਵੀ ਦੋਸ਼ੀਆਂ ਨੂੰ ਸਜ਼ਾ ਦੇਣਗੇ... ਜੋ ‘ਦਾਨ ਚੋਰ’ ਹਨ ਅਤੇ ਜੋ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ, ਤੁਸੀਂ ਵੀ ਇਸ ਪਾਪ ਦੇ ਭਾਈਵਾਲ ਬਣ ਜਾਓਗੇ,” ਕੇਜਰੀਵਾਲ ਨੇ ਅਯੁੱਧਿਆ ਵਿੱਚ ਪੱਤਰਕਾਰਾਂ ਨੂੰ ਕਿਹਾ।‘‘ਦਾਅਵਾ ਕਰਦੇ ਹੋਏ ਕਿ ਭਾਜਪਾ ਭਗਵਾਨ ਰਾਮ ਦੇ ਨਾਂਅ ਦੀ ਵਰਤੋਂ ਕਰਕੇ ਸੱਤਾ ਵਿੱਚ ਆਈ ਸੀ, ਉਨ੍ਹਾਂ ਦੋਸ਼ ਲਗਾਇਆ, “ਉਹ ਰਾਮ ਦੇ ਨਾਂਅ ‘ਤੇ ਸੱਤਾ ਵਿੱਚ ਆਏ ਸਨ, ਅਤੇ ਹੁਣ ਰਾਮ ਖੁਦ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।” ਇਸ ਮੁੱਦੇ ਨੂੰ “ਧਾਰਮਿਕ ਯੁੱਧ” ਦੱਸਦੇ ਹੋਏ, ਕੇਜਰੀਵਾਲ ਨੇ ਕਿਹਾ, “ਸਾਰਿਆਂ ਨੂੰ ਉੱਠਣਾ, ਇੱਕਜੁੱਟ ਹੋਣਾ ਅਤੇ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਵੇਗੀ। ਅੱਜ, ਭਗਵਾਨ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਸੰਕਲਪ ਲਿਆ ਹੈ ਕਿ ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਉਨ੍ਹਾਂ ਰਾਖਸ਼ਾਂ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ।” ਆਪ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਸੰਜੇ ਸਿੰਘ ਦੇ ਨਾਲ, ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸ਼ਰਧਾਲੂਆਂ ਦਾ ਮੰਦਿਰ ਦੇ ਪ੍ਰਬੰਧਨ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਸਿੰਧੀ ਸੰਗਠਨ, ਜਿਸਨੇ 2021 ਵਿੱਚ 21 ਕਿਲੋ ਚਾਂਦੀ ਦਾਨ ਕੀਤੀ ਸੀ, ਹੁਣ ਕਥਿਤ ਦੁਰਵਰਤੋਂ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਦਾਨ ਦਾ ਹਿਸਾਬ ਮੰਗ ਰਿਹਾ ਹੈ। ਜਾਂਚ ’ਤੇ ਸਵਾਲ ਉਠਾਉਂਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਨਿੱਜੀ ਤੌਰ ’ਤੇ ਜਾਂਚ ਦੀ ਨਿਗਰਾਨੀ ਕਰ ਰਹੇ ਹਨ, ਜਦੋਂ ਕਿ ਸਿਰਫ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ “ਇੱਕ ਵੀ ਭਾਜਪਾ ਆਗੂ” ਨੇ ਮੰਦਰ ਦੇ ਦਾਨ ਦੀ ਕਥਿਤ ਚੋਰੀ ਦੀ ਆਲੋਚਨਾ ਨਹੀਂ ਕੀਤੀ ਹੈ।