ਅੰਮ੍ਰਿਤਸਰ, 27 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਭੁਚਾਲ ਅਤੇ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ਼ ਦੇ ਪਾਕਿਸਤਾਨ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ ’ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਮੁਸਾਖੇਲ ’ਚ ਅੱਜ ਸਵੇਰੇ ਆਏ ਤੇਜ਼ ਭੁਚਾਲ ’ਚ 90 ਤੋਂ ਵੱਧ ਘਰ ਢਹਿ ਗਏ ਜਾਂ ਪੂਰੀ ਤਰ੍ਹਾਂ ਨੁਕਸਾਨੇ ਗਏ। ਸਹਾਇਕ ਕਮਿਸ਼ਨਰ ਨਜ਼ੀਬੁੱਲਾ ਕਾਕੜ ਨੇ ਕਿਹਾ ਕਿ ਇਲਾਕੇ ’ਚ ਘਰ ਢਹਿ ਜਾਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ 3-4 ਲੋਕ ਮਾਰੇ ਗਏ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਨਾਲ ਅਜੇ ਸੰਪਰਕ ਬਹਾਲ ਨਹੀਂ ਹੋ ਸਕਿਆ ਹੈ, ਜਿਸ ਕਾਰਨ ਭੁਚਾਲ ਨਾਲ ਹੋਏ ਨੁਕਸਾਨ ਦਾ ਪੂਰੀ ਤਰ੍ਹਾਂ ਨਾਲ ਪਤਾ ਲਗਾਉਣਾ ਫਿਲਹਾਲ ਸੰਭਵ ਨਹੀਂ ਹੈ। ਦੂਜੇ ਪਾਸੇ, ਗਿਲਗਿਤ-ਬਾਲਟਿਸਤਾਨ ਦੇ ਚਿਲਾਸ ਸ਼ਹਿਰ ਦੇ ਥੋਰ ਖੇਤਰ ’ਚ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਥੋਰਮਾਕ, ਥੋਰੰਗਾਰਾ ਅਤੇ ਨੇੜਲੇ ਖੇਤਰਾਂ ’ਚ ਵੱਡੇ ਪੱਧਰ ’ਤੇ ਤਬਾਹੀ ਹੋਈ। ਹੜ੍ਹਾਂ ਨੇ ਘਰਾਂ, ਖੇਤੀਬਾੜੀ ਜ਼ਮੀਨਾਂ, ਵਾਹਨਾਂ, ਪਸ਼ੂਆਂ, ਕੀਮਤੀ ਸਮਾਨ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਇਆ।