ਸੈਸ਼ਲਜ਼ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰਪਤੀ ਪੈਟ੍ਰਿਕ ਵਲੋਂ ਨਿੱਘਾ ਸਵਾਗਤ
ਅਜੀਤ ਡੈਸਕ
28-06-2026
ਵਿਕਟੋਰੀਆ, 27 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਦੌਰੇ ਲਈ ਸੈਸ਼ਲਜ਼ ਪਹੁੰਚੇ ਗਏ ਹਨ। ਸੈਸ਼ਲਜ਼ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨੇ ਹਵਾਈ ਅੱਡੇ ’ਤੇ ਪ੍ਰੋਟੋਕੋਲ ਤੋੜਦੇ ਹੋਏ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਆਪਣੇ ਸਵਾਗਤ ਤੋਂ ਪ੍ਰਭਾਵਿਤ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਡਾ: ਹਰਮਿਨੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੈਸ਼ਲਜ਼ ਇਕ ਮੁੱਖ ਸਮੁੰਦਰੀ ਭਾਈਵਾਲ ਅਤੇ ਹਿੰਦ ਮਹਾਸਾਗਰ ਵਿਚ ਭਾਰਤ ਦਾ ਕਰੀਬੀ ਦੋਸਤ ਹੈ। ਉਨ੍ਹਾਂ ਨੇ ਇਸ ਦੌਰੇ ਬਾਰੇ ਉਤਸ਼ਾਹ ਪ੍ਰਗਟ ਕੀਤਾ, ਜਿਸ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਲਈ ਸਹਿਯੋਗ ਵਧਾਉਣਾ ਹੈ। ਉਹ ਸੈਸ਼ਲਜ਼ ਗਣਰਾਜ ਦੇ ਰਾਸ਼ਟਰਪਤੀ ਦੇ ਸੱਦੇ ’ਤੇ ਇਹ ਸਰਕਾਰੀ ਦੌਰਾ ਕਰ ਰਹੇ ਹਨ। ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੈਸ਼ਲਜ਼ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ਵਿਚ ਹਿੱਸਾ ਲੈਣਗੇ ਅਤੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨਾਲ ਦੁਵੱਲੀ ਗੱਲਬਾਤ ਕਰਨਗੇ। ਆਪਣੀ ਰਵਾਨਗੀ ਤੋਂ ਪਹਿਲਾਂ ਜਾਰੀ ਇਕ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਸੈਸ਼ਲਜ਼ ਨੂੰ ਇਕ ਮੁੱਖ ਸਮੁੰਦਰੀ ਗੁਆਂਢੀ ਅਤੇ ‘ਸਮੁੰਦਰੀ ਦ੍ਰਿਸ਼ਟੀ’ ਅਤੇ ‘ਗਲੋਬਲ ਸਾਊਥ’ ਪ੍ਰਤੀ ਭਾਰਤ ਦੀ ਸਾਂਝੀ ਵਚਨਬੱਧਤਾ ਵਿਚ ਇਕ ਪ੍ਰਮੁੱਖ ਭਾਈਵਾਲ ਦੱਸਿਆ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੁਵੱਲੀ ਚਰਚਾਵਾਂ ਲਈ ਉਤਸੁਕਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ, ਇਕੱਠੇ, ਉਹ ਆਪਣੇ-ਆਪਣੇ ਲੋਕਾਂ ਦੀ ਤਰੱਕੀ ਨੂੰ ਅੱਗੇ ਵਧਾਉਣ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ।
ਸੈਸ਼ਲਜ਼ ਦੇ ਰਾਸ਼ਟਰਪਤੀ ਪੈਟਿ੍ਕ ਹਰਮਿਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ’ਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਮੌਕੇ ਦੋਵੇਂ ਨੇਤਾਵਾਂ ਨੇ ਭਾਰਤ ਅਤੇ ਸੈਸ਼ਲਜ਼ ਦਰਮਿਆਨ ਮਜ਼ਬੂਤ ਸਾਂਝੇਦਾਰੀ ਨੂੰ ਅੱਗੇ ਵੀ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਹਰਮਿਨੀ ਦੇ ਨਾਲ ਸੈਸ਼ਲਜ਼ ਦੇ ਰਾਸ਼ਟਰੀ ਬੋਟੈਨੀਕਲ ਗਾਰਡਨ ਦਾ ਦੌਰਾ ਵੀ ਕੀਤਾ ਅਤੇ 194 ਸਾਲ ਦੇ ਕੱਛੂਕੁੰਮੇ ਨੂੰ ਦੇਖਿਆ। ਇਸ ਮੌਕੇ ਦੋਵੇਂ ਨੇਤਾਵਾਂ ਨੇ ਪੌਦਾ ਵੀ ਲਗਾਇਆ।
ਸੈਸ਼ਲਜ਼ ਕੋਸਟ ਗਾਰਡ ਨੂੰ ‘ਮੇਡ ਇਨ ਇੰਡੀਆ’ ਜਹਾਜ਼ ਤੇ ਐਂਬੂਲੈਂਸਾਂ ਸੌਂਪੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਜ਼ ਤੱਟ ਰੱਖਿਅਕ ਨੂੰ ‘ਮੇਡ ਇਨ ਇੰਡੀਆ’ ਫਾਸਟ ਪੈਟਰੋਲ ਵੈਸਲ ਸੌਂਪਿਆ, ਜਿਸ ਨਾਲ ਨਵੀਂ ਦਿੱਲੀ ਦੀ ਟਾਪੂ-ਸਮੂਹ ਦੇਸ਼ ਦੀ ਸਮੁੰਦਰੀ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਹੋਈ। ਪ੍ਰਧਾਨ ਮੰਤਰੀ ਮੋਦੀ ਅਤੇ ਸੈਸ਼ਲਜ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਹਿੰਦ ਮਹਾਸਾਗਰ ਟਾਪੂ ਸਮੂਹ ਦੇ ਤਿੰਨ ਦਿਨਾਂ ਦੇ ਸਰਕਾਰੀ ਦੌਰੇ ਦੌਰਾਨ ਇੱਥੇ ਕੋਸਟ ਗਾਰਡ ਬੇਸ ਵਿਖੇ ਸੌਂਪਣ ਸਮਾਰੋਹ ਵਿਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਪੀ. ਐਸ. ਐਲ. ਈ. ਐਸ. ਪੀ. ਡਬਲਿਊ.ਏ. ਆਰ ਸੈਸ਼ਲਜ਼ ਦੀ ਸਮੁੰਦਰੀ ਨਿਗਰਾਨੀ ਅਤੇ ਵਿਸ਼ੇਸ਼ ਆਰਥਿਕ ਜ਼ੋਨ ਗਸ਼ਤ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਨੇ 6 ਐਂਬੂਲੈਂਸਾਂ, 10 ਉਪਯੋਗੀ ਵਾਹਨ ਅਤੇ ਪੰਜ ਲੇਜ਼ਰ ਰੇਡੀਅਲ ਕਿਸ਼ਤੀਆਂ ਵੀ ਸੌਂਪੀਆਂ, ਜੋ ਕਿ ਸੈਸ਼ਲਜ਼ ਦੇ ਵਿਕਾਸ ਅਤੇ ਸੁਰੱਖਿਆ ਵਿੱਚ ਹੋਰ ਯੋਗਦਾਨ ਪਾਉਣਗੀਆਂ।
ਭਾਰਤੀ ਭਾਈਚਾਰੇ ਵਲੋਂ ਗਰਮਜੋਸ਼ੀ ਨਾਲ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਜ਼ ਪੁੱਜਣ ’ਤੇ ਇਥੇ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਕਿਹਾ ‘ਸ਼ਾਨਦਾਰ ਸੰਸਕ੍ਰਿਤਕ ਜੁੜਾਅ’। ਸੈਸ਼ਲਜ਼ ਹਵਾਈ ਅੱਡੇ ’ਤੇ ਸਵਾਗਤ ਦੌਰਾਨ ਕੱਛ ਦਾ ਡਾਂਸ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਪ੍ਰਵਾਸੀ ਲੋਕਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਸੱਭਿਆਚਾਰ ਨੂੰ ਸੰਜੋ ਕੇ ਰੱਖਿਆ ਹੈ ਤੇ ਉਸ ਨੂੰ ਮਨਾਇਆ ਹੈ ਉਹ ਤਾਰੀਫ਼ ਦੇ ਕਾਬਿਲ ਹੈ। ਜਦੋਂ ਮੋਦੀ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਵੱਡੀ ਗਿਣਤੀ ’ਚ ਭਾਰਤੀ ਮੂਲ ਦੇ ਲੋਕ ਉਥੇ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕਈ ਲੋਕਾਂ ਨਾਲ ਗੱਲਬਾਤ ਵੀ ਕੀਤੀ। ਬਾਅਦ ’ਚ ਮੋਦੀ ਸੈਸ਼ਲਜ਼ ਦੇ ਨੈਸ਼ਨਲ ਬਾਟਨੀਕਲ ਗਾਰਡਨ ਵੀ ਗਏ, ਜਿੱਥੇ ਉਨ੍ਹਾਂ ਨੇ ਇਕ ਵੱਡੇ ਕੱਛੂ ਕੰਮਿਆਂ ਦੇ ਵਾੜੇ ਨੂੰ ਵੇਖਿਆ ਤੇ ਬੂਟੇ ਲਗਾਉਣ ਦੇ ਪ੍ਰੋਗਰਾਮ ’ਚ ਹਿੱਸਾ ਵੀ ਲਿਆ।