ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ) - ਪੰਜਾਬ ਦੀ ਖ਼ੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦਿਆਂ ਪੰਜਾਬ ਰਾਜ ਖ਼ੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਨੇ ਅੱਜ ਇੱਥੇ ਆਪਣੀ ਅਗਵਾਈ ਹੇਠ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਿਤ ਵਿਚਾਰ-ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ।ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਵਿਚਾਰ-ਵਟਾਂਦਰੇ ਦਾ ਆਗਾਜ਼ ਕੀਤਾ ਅਤੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਅਤੇ ਜਲਵਾਯੂ ਦੇ ਆਪਸ ਵਿਚ ਡੂੰਘਾਈ ਨਾਲ ਜੁੜੇ ਹੋਣ ’ਤੇ ਜ਼ੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਵਿਚਾਰ-ਚਰਚਾ ਸੈਸ਼ਨ ਇਸ ਸਾਲ ਅਪ੍ਰੈਲ ਵਿਚ ਸ਼ੁਰੂ ਕੀਤੀ ਗਈ ‘ਮਿੱਟੀ ਤੋਂ ਥਾਲੀ’ (ਮਿੱਟੀ ਤੋਂ ਪਲੇਟ ਤੱਕ) ਪਹਿਲਕਦਮੀ ਦਾ ਵਿਸਥਾਰ ਸੀ।ਰੀਜਨਰੇਟਿੰਗ ਪੰਜਾਬ ਦੀ ਸੰਸਥਾਪਕ ਸੁਮੀਤ ਸੰਧੂ ਨਾਲ ਮਿਲ ਕੇ ‘ਜੀਵਿਤ ਮਿੱਟੀ ਮਿਸ਼ਨ’ ਅਤੇ ‘ਧਰਤੀ ਦੀਆਂ ਧੀਆਂ’ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਬਿਹਤਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੀ ਮਿੱਟੀ ਵਿਚਲੇ ਜੈਵਿਕ ਪਦਾਰਥ ਮਹਿਜ 0.5 ਪ੍ਰਤੀਸ਼ਤ ਹਨ ਜਦੋਂ ਕਿ ਲੋੜੀਂਦੀ ਦਰ 5 ਪ੍ਰਤੀਸ਼ਤ ਹੈ। ਅਜਿਹਾ ਇਸ ਲਈ ਹੈ ਤਾਂ ਜੋ ਮਿੱਟੀ ਵਿਚ ਮੌਜੂਦ ਸੂਖਮ ਪੌਸ਼ਟਿਕ ਤੱਤਾਂ ਦਾ ਆਪਣੀ ਪੂਰੀ ਸਮਰੱਥਾ ਤੱਕ ਵਧਣਾ ਯਕੀਨੀ ਬਣਾਇਆ ਜਾ ਸਕੇ ਜੋ ਕਿ ਮਿਆਰੀ ਅਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਲਈ ਬੇਹੱਦ ਸਹਾਈ ਹਨ।ਸੁਮੀਤ ਸੰਧੂ ਨੇ ਕਿਹਾ ਕਿ ਇਸ ‘ਰੀਜਨਰੇਟਿਵ ਕ੍ਰਾਂਤੀ’ ਨੂੰ ਸਫਲ ਬਣਾਉਣ ਲਈ ਕਈ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ ਜਿਵੇਂ ਕਿ ਮਿੱਟੀ ਅਤੇ ਵਾਤਾਵਰਨ, ਪਾਣੀ ਸਬੰਧੀ ਪ੍ਰਣਾਲੀਆਂ, ਕਿਸਾਨੀ ਜੀਵਨ, ਬਾਜ਼ਾਰ ਅਤੇ ਮੁੱਲ ਲੜੀ, ਡੇਟਾ ਆਦਿ ਵਰਗੇ ਪਹਿਲੂਆਂ ’ਤੇ ਕੇਂਦ੍ਰਿਤ ਕਾਰਜ ਸਮੂਹਾਂ ਦਾ ਗਠਨ ਕਰਨਾ ਅਤੇ ਖੇਤੀਬਾੜੀ ਸੈਕਟਰ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਸੂਬਾ ਪੱਧਰ ਉੱਤੇ ਮਿੱਟੀ ਦੀ ਸਮਰੱਥਾ ਤੇ ਗੁਣਵੱਤਾ ਦੀ ਜਾਂਚ ਕਰਨਾ।ਕਮਿਸ਼ਨ ਦੇ ਚੇਅਰਮੈਨ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਇਕ ਟੈਸਟ ਕੇਸ ਵਜੋਂ ਮੋਗਾ ਦੇ ਪਿੰਡ ਘੋਲੀਆਂ ਕਲਾਂ ਵਿਚ ਇਕ ਮਿੱਟੀ ਦੀ ਜਾਂਚ ਸਬੰਧੀ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ।ਇਸ ਮੌਕੇ ‘ਧਰਤੀ ਦੀਆਂ ਧੀਆਂ’ ਦੇ ਇਕ ਨਵੇਂ ਵਿਚਾਰ ਦੀ ਸ਼ੁਰੂਆਤ ਵੀ ਹੋਈ ਜਿਸ ਵਿਚ ਔਰਤਾਂ ਨੂੰ ਸੂਆਇਲ ਰੀਜਨਰੇਸ਼ਨ ਚੈਂਪੀਅਨਸ ਅਤੇ ਵਾਤਾਵਰਨ ਸੰਭਾਲ ਆਗੂਆਂ ਵਜੋਂ ਪਾਲਣ-ਪੋਸ਼ਣ ਅਤੇ ਸਿਖਲਾਈ ਦੇਣਾ ਸ਼ਾਮਿਲ ਹੈ ਜੋ ਪੰਜਾਬ ਦੀ ਜ਼ਮੀਨ, ਪਾਣੀ ਅਤੇ ਭੋਜਨ ਪ੍ਰਣਾਲੀਆਂ ਦੀ ਰੀਜਨਰੇਸ਼ਨ ਨੂੰ ਸੇਧ ਅਤੇ ਪ੍ਰੇਰਨਾ ਦੇਣ ਵਿਚ ਸਹਾਈ ਸਾਬਿਤ ਹੋਣਗੀਆਂ। ਸੂਬੇ ਦੇ 23 ਜ਼ਿਲ੍ਹਿਆਂ ਵਿਚ ਅਜਿਹੀਆਂ 100 ਮਹਿਲਾ ਆਗੂਆਂ ਦੀ ਚੋਣ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਜਨਰੇਟਿੰਗ ਪੰਜਾਬ ਦੇ ਸਹਿ-ਸੰਸਥਾਪਕ ਅਰਿੰਦਮ ਮੁਖਰਜੀ, ਡਾਇਰੈਕਟਰ (ਸੇਵਾਮੁਕਤ) ਟਾਊਨ ਪਲਾਨਿੰਗ ਵਿਭਾਗ, ਪੰਜਾਬ ਐਮ.ਐਸ. ਔਜਲਾ, ਪਿੰਡ ਘੋਲੀਆਂ ਕਲਾਂ ਦੇ ਸਰਪੰਚ ਏਕਮਪ੍ਰੀਤ ਸਿੰਘ ਅਤੇ ਜੈਵਿਕ ਕਿਸਾਨ ਚਮਕੌਰ ਸਿੰਘ ਸ਼ਾਮਿਲ ਸਨ।