ਜੀ.ਪੀ. ਸਿੰਘ
ਰਾਜਪੁਰਾ, 28 ਜੂਨ-ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ (1,400 ਮੈਗਾਵਾਟ) ਨੂੰ ਅਹਿਮਦਾਬਾਦ ਦੀ ਮਸ਼ਹੂਰ ਕੰਪਨੀ ਟੋਰੈਂਟ ਪਾਵਰ ਨੇ ਖ਼ਰੀਦ ਲਿਆ ਹੈ। ਇਹ ਸੌਦਾ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ.ਸੀ.ਆਈ.) ਦੀ ਮਨਜ਼ੂਰੀ ਤੋਂ ਬਾਅਦ ਮੁਕੰਮਲ ਹੋ ਗਿਆ। ਜਾਣਕਾਰੀ ਅਨੁਸਾਰ ਟੋਰੈਂਟ ਪਾਵਰ ਨੇ ਲਾਰਸਨ ਐਂਡ ਟੂਬਰੋ (ਐਲ.ਐਂਡ.ਟੀ.) ਦੀ ਸਬਸਿਡਰੀ ਕੰਪਨੀ ਤੋਂ ਇਸ ਪਲਾਂਟ ਦੇ 100 ਫ਼ੀਸਦੀ ਸ਼ੇਅਰ 3632.35 ਕਰੋੜ ਵਿਚ ਖ਼ਰੀਦੇ ਹਨ। ਜੇਕਰ ਪਲਾਂਟ ਦੇ ਸਿਰ ਚੜ੍ਹੇ ਕਰਜ਼ੇ ਅਤੇ ਹੋਰ ਦੇਣਦਾਰੀਆਂ ਨੂੰ ਵੀ ਜੋੜ ਲਿਆ ਜਾਵੇ ਤਾਂ ਇਸ ਪੂਰੇ ਸੌਦੇ ਦੀ ਕੁੱਲ ਕੀਮਤ 6,889 ਕਰੋੜ ਬਣਦੀ ਹੈ। ਦੱਸਣਯੋਗ ਹੈ ਕਿ ਐਲ.ਐਂਡ.ਟੀ. ਨੇ ਇਹ ਸੌਦਾ ਹੁਣ ਹੀ ਘੱਟ ਮੁੱਲ ’ਤੇ ਤੈਅ ਕੀਤਾ ਹੈ ਕਿਉਂਕਿ ਐਲ.ਐਂਡ.ਟੀ. ਪਿਛਲੇ 6 ਸਾਲਾਂ ਤੋਂ ਇਸ ਪਲਾਂਟ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੁਰੂਆਤ ਵਿਚ ਐਲ.ਐਂਡ.ਟੀ. ਨੇ ਪੰਜਾਬ ਸਰਕਾਰ (ਪੀ.ਐੱਸ.ਪੀ.ਸੀ.ਐਲ.) ਨੂੰ ਇਹ ਪਲਾਂਟ ਕਰੀਬ 9,690 ਕਰੋੜ ਵਿਚ ਵੇਚਣ ਦੀ ਪੇਸ਼ਕਸ਼ ਕੀਤੀ ਸੀ ਪਰ ਗੱਲ ਅੱਗੇ ਨਹੀਂ ਵਧੀ। ਹੁਣ ਇਹ ਪਲਾਂਟ ਟੋਰੈਂਟ ਪਾਵਰ ਨੂੰ ਕਾਫ਼ੀ ਘੱਟ ਕੀਮਤ ’ਤੇ ਮਿਲ ਗਿਆ ਹੈ। ਦੱਸ ਦੇਈਏ ਕਿ ਰਾਜਪੁਰਾ ਦਾ ਇਹ ਨਾਭਾ ਥਰਮਲ ਪਲਾਂਟ 1400 ਮੈਗਾਵਾਟ ਦਾ ਹੈ ਤੇ ਜਿਸ ਵਿਚ 700-700 ਮੈਗਾਵਾਟ ਦੇ ਦੋ ਯੂਨਿਟ ਹਨ। ਇਹ ਪਲਾਂਟ ਭਾਰਤ ਦੇ ਸਭ ਤੋਂ ਵਧੀਆ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇਣ ਵਾਲੇ ਨਿੱਜੀ ਥਰਮਲ ਪਲਾਂਟਾਂ ’ਚੋਂ ਇਕ ਹੈ। ਸਾਲ 2024-25 ਵਿਚ ਇਸ ਪਲਾਂਟ ਦੀ ਉਪਲਬਧਤਾ 95.36 ਫ਼ੀਸਦੀ ਰਹੀ ਸੀ। ਜਾਣਕਾਰੀ ਅਨੁਸਾਰ ਜੇਕਰ ਇਸ ਥਰਮਲ ਪਲਾਂਟ ਦਾ ਮਾਲਕ ਬਦਲ ਗਿਆ ਹੈ ਪਰ ਇਸ ਨਾਲ ਬਿਜਲੀ ਸਪਲਾਈ ਅਤੇ ਕੀਮਤਾਂ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਪੰਜਾਬ ਸਰਕਾਰ (ਪੀ.ਐੱਸ.ਪੀ.ਸੀ.ਐਲ.) ਦਾ ਇਸ ਪਲਾਂਟ ਨਾਲ ਪਹਿਲਾਂ ਹੀ 25 ਸਾਲਾਂ ਦਾ ਬਿਜਲੀ ਖ਼ਰੀਦ ਸਮਝੌਤਾ (ਪੀ.ਪੀ.ਏ.) ਕੀਤਾ ਹੋਇਆ ਹੈ। ਟੋਰੈਂਟ ਪਾਵਰ ਇਸੇ ਸਮਝੌਤੇ ਤਹਿਤ ਪੰਜਾਬ ਨੂੰ ਬਿਜਲੀ ਦੀ ਸਪਲਾਈ ਜਾਰੀ ਰੱਖੇਗੀ।
3632 ਕਰੋੜ ’ਚ ਵਿਕਿਆ ਰਾਜਪੁਰਾ ਦਾ ਥਰਮਲ ਪਲਾਂਟ-ਗੁਜਰਾਤ ਦੀ ਕੰਪਨੀ ਨੇ ਖ਼ਰੀਦਿਆ
ਅਜੀਤ ਡੈਸਕ
29-06-2026