ਦੇਸ਼ ਭਰ ’ਚ ਕਹਿਰ ਦੀ ਗਰਮੀ ਨੇ ਬਿਜਲੀ ਕੰਪਨੀਆਂ ਦੇ ਕਰਵਾਏ ਹੱਥ ਖੜ੍ਹੇ-265 ਗੀਗਾਵਾਟ ’ਤੇ ਪੁੱਜੀ ਮੰਗ
ਅਜੀਤ ਡੈਸਕ
29-06-2026
ਸ਼ਿਵ ਸ਼ਰਮਾ
ਜਲੰਧਰ, 28 ਜੂਨ- ਦੇਸ਼ ਦੇ ਕਈ ਸੂਬਿਆ ’ਚ ਕਹਿਰ ਦੀ ਗਰਮੀ ਨੇ ਬਿਜਲੀ ਕੰਪਨੀਆਂ ਦੇ ਵੀ ਹੱਥ ਖੜ੍ਹੇ ਕਰਵਾ ਦਿੱਤੇ ਹਨ। ਦੇਸ਼ ਭਰ ’ਚ ਗਰਮੀ ਦਾ ਪ੍ਰਕੋਪ ਵਧਣ ਨਾਲ ਬਿਜਲੀ ਦੀ ਮੰਗ ਪਹਿਲਾਂ 241 ਗੀਗਾ ਵਾਟ ਚੱਲ ਰਹੀ ਸੀ, ਪਰ ਹੁਣ ਇਸ ਦੀ ਮੰਗ 265 ਗੀਗਾਵਾਟ ’ਤੇ ਪੁੱਜ ਗਈ ਹੈ। ਬਿਜਲੀ ਕੰਪਨੀਆਂ ਦੀ ਟੇਕ ਹੁਣ ਬਿਜਲੀ ਐਕਸਚੇਂਜ ’ਤੇ ਹੈ ਕਿ ਉਹ ਉਸ ਨੂੰ ਪੂਰੀ ਬਿਜਲੀ ਉਪਲਬਧ ਕਰਵਾਏ। ਪੰਜਾਬ ’ਚ ਵੀ ਇਸ ਵੇਲੇ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਉੱਪਰ ਚਲੀ ਗਈ ਹੈ। ਪਾਵਰਕਾਮ ਵਲੋਂ ਦਿਨ ਵੇਲੇ ਤਾਂ ਸੂਰਜੀ ਬਿਜਲੀ ਦੀ ਖ਼ਰੀਦ ਕੀਤੀ ਜਾ ਰਹੀ ਹੈ, ਪਰ ਸ਼ਾਮ ਨੂੰ ਬਿਜਲੀ ਐਕਸਚੇਂਜ ਨੇ ਜ਼ਿਆਦਾ ਪੈਸੇ ਦੇਣ ਦੇ ਬਾਵਜੂਦ ਵੀ ਬਿਜਲੀ ਉਪਲਬਧ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਦਿਨ ਵੇਲੇ ਬਿਜਲੀ ਦੀ ਜ਼ਿਆਦਾ ਮੰਗ ਤੇ ਕਹਿਰ ਦੀ ਗਰਮੀ ਕਾਰਨ ਕਈ ਥਾਵਾਂ ’ਤੇ ਬਿਜਲੀ ਲਾਈਨਾਂ ’ਚ ਨੁਕਸ ਪੈ ਰਹੇ ਹਨ। ਪਾਵਰਕਾਮ ਨੇ ਇਸ ਵੇਲੇ ਆਪਣੀ ਬਿਜਲੀ ਖ਼ਰੀਦ ਵੀ ਵਧਾ ਦਿੱਤੀ ਹੈ ਤੇ ਪਾਵਰਕਾਮ ਵਲੋਂ ਹਰ ਹਾਲਤ ’ਚ ਮਹਿੰਗੀ ਬਿਜਲੀ ਹੋਣ ਦੇ ਬਾਵਜੂਦ ਖ਼ਰੀਦ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕਈ ਖੇਤਰਾਂ ਵਿਚ ਬਿਜਲੀ ਦੇ ਕੱਟਾਂ ਨਾਲ ਜ਼ਰੂਰ ਲੋਕ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਪਾਵਰਕਾਮ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਚੰਗੇ ਮੀਂਹ ਪੈਣ ਜਾਣ ਤਾਂ ਇਸ ਨਾਲ ਬਿਜਲੀ ਮੰਗ ’ਤੇ ਕਾਫ਼ੀ ਅਸਰ ਪੈ ਸਕਦਾ ਹੈ। ਸੂਬੇ ਵਿਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਸਾਲ 2023-24 ਵਿਚ ਬਿਜਲੀ ਦੀ ਮੰਗ 15325 ਮੈਗਾਵਾਟ ਮੰਗ ਸੀ। 2024-25 ਵਿਚ ਮੰਗ ਵੱਧ ਕੇ 15058 ਮੈਗਾਵਾਟ ਤੱਕ ਪੁੱਜ ਗਈ ਸੀ। 2025-26 ਵਿਚ ਬਿਜਲੀ ਦੀ ਮੰਗ 16700 ਮੈਗਾਵਾਟ ਨੂੰ ਛੂ ਗਈ ਸੀ। ਹੁਣ ਇਸ ਦੀ ਮੰਗ 16500 ਤੱਕ ਪੁੱਜ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਮੰਗ ਜਾਰੀ ਰਹਿਣ ਦੀ ਸੰਭਾਵਨਾ ਹੈ।