ਸੋਨਮ ਵਾਂਗਚੁਕ ਨੇ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ
ਅਜੀਤ ਡੈਸਕ
29-06-2026
ਨਵੀਂ ਦਿੱਲੀ, 28 ਜੂਨ (ਉਪਮਾ ਡਾਗਾ ਪਾਰਥ)- ਨੀਟ ਪੇਪਰ ਲੀਕ ਅਤੇ ਸੀ.ਬੀ.ਐਸ.ਈ. ਦੀਆਂ ਗੜਬੜੀਆਂ ਦੇ ਵਿਰੋਧ ’ਚ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵਲੋਂ ਜੰਤਰ ਮੰਤਰ ’ਤੇ ਕੀਤੇ ਜਾ ਰਹੇ ਪ੍ਰਦਰਸ਼ਨ ਨੇ ਨੌਵੇਂ ਦਿਨ ਲੱਦਾਖ ਦੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਐਤਵਾਰ ਨੂੰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਵਾਂਗਚੁਕ ਅਤੇ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਦਿਪਕੇ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਵਿਰੋਧ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦੇ ਆਪਣੇ ਫ਼ੈਸਲੇ ਬਾਰੇ ਵਾਂਗਚੁਕ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਸਿੱਖਿਆ ਉਸ ਦੇ ਦਿਲ ਦੇ ਬਹੁਤ ਕਰੀਬ ਰਹੀ ਹੈ ਤੇ ਜਦੋਂ ਨੌਜਵਾਨ ਸਿੱਖਿਆ ਵਿਵਸਥਾ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹੋਣ ਤਾਂ ਉਹ ਚੁੱਪ ਨਹੀਂ ਰਹਿ ਸਕਦੇ।