ਟਰੰਪ ਨਾਲ ਨਾਟੋ ਮੁਖੀ ਦੀ ਅਹਿਮ ਮੁਲਾਕਾਤ
ਅਜੀਤ ਡੈਸਕ
29-06-2026
ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੱਛਮੀ ਦੇਸ਼ਾਂ ਦੇ ਸਾਂਝੇ ਸੁਰੱਖਿਆ ਗੱਠਜੋੜ (ਨਾਟੋ) ਦੇ ਮੁਖੀ ਮਾਰਕ ਰੁੱਟੇ ਵਿਚਾਲੇ ਵਾਸ਼ਿੰਗਟਨ ’ਚ ਉੱਚ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਜੁਲਾਈ ’ਚ ਤੁਰਕੀ ਦੀ ਰਾਜਧਾਨੀ ਅੰਕਾਰਾ ’ਚ ਹੋਣ ਵਾਲੇ ਸਿਖਰ ਸੰਮੇਲਨ ਦੀਆਂ ਤਿਆਰੀਆਂ ਅਤੇ ਵਿਸ਼ਵ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਮਾਰਕ ਰੁੱਟੇ ਨੇ ਕਿਹਾ ਕਿ ਯੂਰਪ ਅਤੇ ਕੈਨੇਡਾ ਨੇ ਰੱਖਿਆ ਖਰਚ ’ਚ ਵੱਡਾ ਵਾਧਾ ਕੀਤਾ ਹੈ ਅਤੇ ਹੁਣ ਉਹ ਅਮਰੀਕਾ ਦੇ ਨਾਲ ਆਪਣੀਆਂ ਸੁਰੱਖਿਆ ਜ਼ਿੰਮੇਵਾਰੀਆਂ ਨੂੰ ਹੋਰ ਮਜ਼ਬੂਤੀ ਨਾਲ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਰੱਖਿਆ ਖਰਚ ’ਚ ਲਗਭਗ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 2016 ਤੋਂ ਲੈ ਕੇ ਹੁਣ ਤੱਕ ਯੂਰਪੀ ਦੇਸ਼ਾਂ ਅਤੇ ਕੈਨੇਡਾ ਨੇ ਰੱਖਿਆ ਖੇਤਰ ’ਚ ਇਕ ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਵਾਧੂ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਯੂਰਪੀ ਰੱਖਿਆ ਉਦਯੋਗ ਅਮਰੀਕਾ ’ਚ 83 ਹਜ਼ਾਰ ਤੋਂ ਵੱਧ ਨੌਕਰੀਆਂ ਨੂੰ ਵੀ ਸਹਾਰਾ ਦੇ ਰਿਹਾ ਹੈ। ਮੀਟਿੰਗ ਦੌਰਾਨ ਯੂਕਰੇਨ ਦੀ ਸਥਿਤੀ ਤੇ ਉਸ ਨੂੰ ਦਿੱਤੀ ਜਾ ਰਹੀ ਮਦਦ ਵੀ ਚਰਚਾ ਦਾ ਮੁੱਖ ਵਿਸ਼ਾ ਰਹੀ।