ਭਾਰਤ ਵਲੋਂ ਪਾਕਿ ਦੇ ਦੋਸ਼ ਖ਼ਾਰਜ
ਅਜੀਤ ਡੈਸਕ
29-06-2026
ਨਵੀਂ ਦਿੱਲੀ, 28 ਜੂਨ (ਏਜੰਸੀ)-ਭਾਰਤ ਨੇ ਕਰਾਚੀ ’ਚ ਇਕ ਫੌ਼ਜੀ ਕੈਂਪ ’ਤੇ ਸਨਿਚਰਵਾਰ ਨੂੰ ਹੋਏ ਹਮਲੇ ’ਚ ਭਾਰਤ ਦਾ ਹੱਥ ਹੋਣ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਖਾਰਜ ਕੀਤਾ। ਇਸ ਹਮਲੇ ’ਚ 4 ਪਾਕਿ ਫ਼ੌਜੀ ਮਾਰੇ ਗਏ ਸਨ। ਭਾਰਤ ਨੇ ਕਿਹਾ ਕਿ ਗੁਆਂਢੀ ਦੇਸ਼ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਤੇ ਆਪਣੀ ਜ਼ਮੀਨ ’ਤੇ ਮੌਜੂਦ ਅੱਤਵਾਦੀ ਨੈੱਟਵਰਕ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਕਰਾਚੀ ’ਚ ਹਾਲ ਹੀ ’ਚ ਹੋਈ ਘਟਨਾ ਬਾਰੇ ਭਾਰਤ ’ਤੇ ਬੇ-ਬੁਨਿਆਦ ਦੋਸ਼ ਲਗਾਉਣ ਵਾਲੀਆਂ ਪਾਕਿਸਤਾਨੀ ਖਬਰਾਂ ਵੇਖੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹਾਂ। ਦੂਸਰਿਆਂ ’ਤੇ ਉਂਗਲੀ ਚੁੱਕਣ ਦੀ ਬਜਾਏ ਪਾਕਿਸਤਾਨ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਅੰਦਰ ਝਾਕੇ, ਆਪਣੀ ਜ਼ਮੀਨ ’ਤੇ ਮੌਜੂਦ ਅੱਤਵਾਦੀ ਨੈੱਟਵਰਕ ਖਿਲਾਫ਼ ਠੋਸ ਕਾਰਵਾਈ ਕਰੇ ਅਤੇ ਸਰਕਾਰੀ ਨੀਤੀ ਦੇ ਹਥਿਆਰ ਵਜੋਂ ਅੱਤਵਾਦ ’ਤੇ ਨਿਰਭਰ ਰਹਿਣ ਦੀ ਆਪਣੀ ਆਦਤ ਛੱਡੇ।