ਪੰਜਾਬ ਸਰਕਾਰ ਨੇ 3 ਮਹੀਨਿਆਂ ਦੀਆਂ ਕਿਸ਼ਤਾਂ ਇਕੱਠੀਆਂ ਕੀਤੀਆਂ ਜਾਰੀ
ਧੂਰੀ (ਸੰਗਰੂਰ), 1 ਜੁਲਾਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਧੂਰੀ ਨੇੜੇ ਇਕ ਵਿਸ਼ਾਲ ਸਮਾਰੋਹ ਦੌਰਾਨ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਵੱਡੀ ਗਿਣਤੀ ’ਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਇਕ ਹੋਰ ਵਾਅਦੇ ਅਨੁਸਾਰ ਅੱਜ 40 ਲੱਖ ਦੇ ਕਰੀਬ ਰਜਿਸਟਰਡ ਹੋ ਚੁੱਕੀਆਂ ਮਾਵਾਂ-ਧੀਆਂ ਤੇ ਭੈਣਾਂ ਦੇ ਖਾਤਿਆਂ ’ਚ ਮੁੱਖ ਮੰਤਰੀ ਸਨਮਾਨ ਰਾਸ਼ੀ ਦੀ ਰਕਮ ਪੈਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਬੈਂਕਾਂ ਵਲੋਂ ਇਹ ਪੈਸੇ ਟੂੰ ਟੂੰ ਦੇ ਸੰਦੇਸ਼ ਰਾਹੀਂ ਮਾਵਾਂ-ਭੈਣਾਂ ਤੇ ਧੀਆਂ ਦੇ ਖਾਤਿਆਂ ’ਚ ਪਾਏ ਜਾ ਰਹੇ ਹਨ। ਜੁਲਾਈ, ਅਗਸਤ ਤੇ ਸਤੰਬਰ ਸਮੇਤ ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਜਨਰਲ ਵਰਗ ਲਈ 3000 ਰੁਪਏ ਤੇ ਦਲਿਤ ਭਾਈਚਾਰੇ ਦੀਆਂ ਮਾਵਾਂ-ਭੈਣਾਂ ਲਈ 4500 ਰੁਪਏ ਦੀ ਰਾਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਯੋਜਨਾ ਨਾ ਹੀ ਬੰਦ ਹੋਵੇਗੀ ਤੇ ਨਾ ਹੀ ਵਾਪਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਰਾਸ਼ੀ ਮਾਵਾਂ ਨੂੰ ਆਪਣੀਆਂ ਬੇਟੀਆਂ ਨੂੰ ਸ਼ਗਨ ਦੇਣ, ਬੱਚਿਆਂ ਦੀ ਪੜ੍ਹਾਈ ਤੇ ਹੋਰ ਕਬੀਲਦਾਰੀ ਦੇ ਖਰਚਿਆਂ ਵਿਚ ਸਹਾਈ ਹੋਵੇਗੀ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ’ਚ ਅਜਿਹੀਆਂ ਪਾਰਟੀਆਂ ਸੱਤਾ ’ਤੇ ਕਾਬਜ਼ ਹਨ, ਜੋ ਕੇਵਲ ਵਾਅਦੇ ਕਰਦੀਆਂ ਹਨ, ਪਰ ਉਨ੍ਹਾਂ ਵਲੋਂ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਜਦਕਿ ਆਮ ਆਦਮੀ ਪਾਰਟੀ ਕੇਵਲ ਅਜਿਹੀ ਪਾਰਟੀ ਹੈ, ਜਿਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਹਨ ਉਹ ਕਰਦੇ ਹਨ ਤੇ ਅੱਜ ਪੰਜਾਬ ਦੀਆਂ ਮਾਵਾਂ-ਭੈਣਾਂ ਦੇ ਖਾਤਿਆਂ ’ਚ ਪੈਸਾ ਨਹੀਂ, ਬਲਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ਵਾਸ ਟਰਾਂਸਫਰ ਹੋ ਰਿਹਾ ਹੈ ਤੇ ਲੋਕਾਂ ਨੂੰ ਯਕੀਨ ਹੋ ਗਿਆ ਹੈ ਕਿ ਭਗਵੰਤ ਮਾਨ ਦੀ ਕਹੀ ਹਰ ਗੱਲ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਓ.ਐਸ. ਡੀ. ਸੁਖਬੀਰ ਸਿੰਘ ਸੁੱਖੀ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸ.ਐਸ.ਪੀ. ਰਵਜੋਤ ਗਰੇਵਾਲ, ਦਲਵੀਰ ਸਿੰਘ ਢਿੱਲੋ, ਰਾਜਵੰਤ ਸਿੰਘ ਘੁੱਲੀ, ਅਨਵਰ ਭਸੌੜ, ਸਤਿੰਦਰ ਸਿੰਘ ਚੱਠਾ, ਅਸ਼ੋਕ ਕੁਮਾਰ ਲੱਖਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਅਮਨਦੀਪ ਕੌਰ ਅਰੋੜਾ, ਇੰਦਰਜੀਤ ਕੌਰ ਮਾਨ ਤੇ ਜੀਵਨਜੋਤ ਕੌਰ ਆਦਿ ਹਾਜ਼ਰ ਸਨ।
ਸਮਾਗਮ ਦੌਰਾਨ ਹੀ ਔਰਤਾਂ ਦੇ ਮੋਬਾਈਲਾਂ ’ਤੇ ਆਏ ਸੁਨੇਹੇ
ਮੁੱਖ ਮੰਤਰੀ ਦੇ ਭਾਸ਼ਨ ਦੌਰਾਨ ਕੁਝ ਔਰਤਾਂ ਨੇ ਆਪਣੇ ਮੋਬਾਈਲ ਫੋਨ ’ਤੇ ਆਏ ਸੰਦੇਸ਼ ਦੇ ਹਵਾਲੇ ਨਾਲ ਮੁੱਖ ਮੰਤਰੀ ਨੂੰ ਸਟੇਜ ’ਤੇ ਆ ਕੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ਵਿਚ 4500 ਰੁਪਏ ਦੀ ਸਨਮਾਨ ਰਾਸ਼ੀ ਆ ਚੁੱਕੀ ਹੈ ਤੇ ਮੁੱਖ ਮੰਤਰੀ ਦੇ ਭਾਸ਼ਨ ਦੌਰਾਨ ਜਦੋਂ ਹਾਜ਼ਰ ਔਰਤਾਂ ਨੂੰ ਸਨਮਾਨ ਰਾਸ਼ੀ ਮਿਲਣ ਦੇ ਸੁਨੇਹੇ ਮਿਲਣੇ ਸ਼ੁਰੂ ਹੋਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਬੀਬੀਆਂ ਬੋਲਣ ਲੱਗ ਪਈਆਂ ਹਨ। ਇਸ ਦੌਰਾਨ ਹਾਜ਼ਰ ਔਰਤਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਵਿਚ ਨਾਅਰੇ ਵੀ ਲਗਾਏ।
ਔਰਤਾਂ ਦੇ ਬੈਂਕ ਖਾਤਿਆਂ ’ਚ ਆਏ 3000-4500 ਰੁਪਏ
ਅਜੀਤ ਡੈਸਕ
02-07-2026