ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅੰਬਾਲਾ ’ਚ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ

Ad Position 21
No active advertisement
ਅਜੀਤ ਡੈਸਕ 02-07-2026

ਖੇਤ ਮਾਲਕ ਸਮੇਤ 3 ਖ਼ਿਲਾਫ਼ ਮਾਮਲਾ ਦਰਜ
ਅੰਬਾਲਾ, 1 ਜੁਲਾਈ (ਪੀ.ਟੀ.ਆਈ)-ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਬਰਾੜਾ ਖੇਤਰ ਦੇ ਧਨੌਰਾ ਪਿੰਡ ਵਿਚ 220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਚਾਰ ਸਾਲਾ ਬੱਚੇ ਨਿਰਵੈਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਬੁੱਧਵਾਰ ਤੜਕੇ 21 ਘੰਟੇ ਦੇ ਬਚਾਅ ਕਾਰਜਾਂ ਤੋਂ ਬਾਅਦ ਉਸ ਨੂੰ ਮ੍ਰਿਤਕ ਹਾਲਤ ’ਚ ਬਾਹਰ ਕੱਢਿਆ ਗਿਆ। ਇਸ ਦੁੱਖਦਾਈ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਪੁਲਿਸ ਨੇ ਖੇਤ ਦੇ ਮਾਲਕ ਅਤੇ ਉਸ ਜ਼ਮੀਨ ਨਾਲ ਜੁੜੇ ਦੋ ਹੋਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨਿਰਵੈਰ ਸਿੰਘ ਨੂੰ ਸਵੇਰੇ 3.40 ਵਜੇ ਬੋਰਵੈੱਲ ’ਚੋਂ ਬਾਹਰ ਕੱਢਿਆ ਗਿਆ ਅਤੇ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਮੈਡੀਕਲ ਅਫ਼ਸਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਬੱਚੇ ਨੂੰ ਬੋਰਵੈੱਲ ‘ਚੋਂ ਕੱਢਦੇ ਹੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।ਪੋਸਟਮਾਰਟਮ ਪੈਨਲ ਦੇ ਮੈਂਬਰ ਡਾ. ਸੁਮਿਤ ਕੁਕਰੇਜਾ ਦੇ ਅਨੁਸਾਰ ਬੱਚੇ ਦੀ ਮਿ੍ਤਕ ਦੇਹ ਸਵੇਰੇ 4 ਵਜੇ ਦੇ ਕਰੀਬ ਹਸਪਤਾਲ ਲਿਆਂਦੀ ਗਈ।ਉਨ੍ਹਾਂ ਦੱਸਿਆ ਕਿ ਬੱਚੇ ਦੇ ਸਰੀਰ ਖਾਸ ਕਰਕੇ ਛਾਤੀ, ਸਿਰ ਅਤੇ ਦੋਵੇਂ ਗੋਡਿਆਂ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਇਸ ਤੋਂ ਇਲਾਵਾ ਫੇਫੜਿਆਂ ’ਚ ਚਿੱਕੜ ਵਾਲਾ ਪਾਣੀ ਪਾਇਆ ਗਿਆ। ਅੰਬਾਲਾ ਦੇ ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਖੇਤ ਮਾਲਕ ਹਰਨੇਕ ਸਿੰਘ ਅਤੇ ਖੇਤ ਕਿਰਾਏ ‘ਤੇ ਲੈਣ ਵਾਲੇ ਦੋ ਵਿਅਕਤੀਆਂ ਵਿਰੁੱਧ ਬੀ.ਐਨ.ਐਸ. ਦੀ ਧਾਰਾ 106 (ਲਾਪ੍ਰਵਾਹੀ ਕਾਰਨ ਮੌਤ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਮੋਟਰ ਹਟਾਉਣ ਤੋਂ ਬਾਅਦ ਬੋਰਵੈੱਲ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਖੇਤ ਮਾਲਕ ਨੇ ਨਾ ਤਾਂ ਬੋਰਵੈੱਲ ਦੇ ਨੇੜੇ ਚੇਤਾਵਨੀ ਦਾ ਚਿੰਨ੍ਹ ਲਗਾਇਆ ਸੀ ਅਤੇ ਨਾ ਹੀ ਇਸ ਨੂੰ ਢਕਿਆ ਸੀ। ਇਸ ਲਾਪ੍ਰਵਾਹੀ ਕਾਰਨ ਨਿਰਵੈਰ ਸਿੰਘ ਬੋਰਵੈੱਲ ਵਿਚ ਡਿੱਗ ਗਿਆ ਅਤੇ ਉਸ ਦੀ ਜਾਨ ਚਲੀ ਗਈ।
ਨਮ ਅੱਖਾਂ ਨਾਲ ਅੰਤਿਮ ਸੰਸਕਾਰ
ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਮਿ੍ਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮੀਂਹ ਦੇ ਮਾਹੌਲ ’ਚ ਪਿੰਡ ਧਨੌਰਾ ਵਿਖੇ ਹੀ ਨਿਰਵੈਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ। ਉਸ ਦੇ ਪਿਤਾ ਮਨਜੀਤ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ। ਨਿਰਵੈਰ ਦੇ ਚਾਚਾ ਹਰਿੰਦਰ ਸਿੰਘ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਪੂਰੀ ਮਦਦ ਕੀਤੀ, ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ।

Ad Position 22
No active advertisement
ਪਿਛਲੀ ਖ਼ਬਰ ਵਪਾਰਕ ਗੈਸ ਸਿਲੰਡਰ 183.50 ਰੁਪਏ ਹੋਇਆ ਸਸਤਾ ਅਗਲੀ ਖ਼ਬਰ ਔਰਤਾਂ ਦੇ ਬੈਂਕ ਖਾਤਿਆਂ ’ਚ ਆਏ 3000-4500 ਰੁਪਏ
Ad Position 24
No active advertisement