* ਚੰਨੀ ਨੂੰ ਬਣਾਇਆ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ * ਬਾਜਵਾ ਵਿਰੋਧੀ ਧਿਰ ਦੇ ਨੇਤਾ ਵਜੋਂ ਬਰਕਰਾਰ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਜੁਲਾਈ-ਪੰਜਾਬ ਕਾਂਗਰਸ ’ਚ ਬਦਲਾਅ ਦੀਆਂ ਕਿਆਸ ਅਰਾਈਆਂ ਨੂੰ ਆਖਿਰਕਾਰ ਬੁੱਧਵਾਰ ਨੂੰ ਪਾਰਟੀ ਨੇ ਵਿਰਾਮ ਲਾ ਦਿੱਤਾ, ਜਿਸ ’ਚ ਸਾਲ 2022 ਦੇ ‘ਨਾਕਾਮ’ ਰਹੇ ਤਜਰਬੇ ਨੂੰ ਕੇਂਦਰ ’ਚ ਰੱਖਦਿਆਂ ਅਹਿਮ ਅਹੁਦਿਆਂ ’ਤੇ ਕੋਈ ਬਦਲਾਅ ਨਾ ਕਰਦਿਆਂ ਸੂਬਾ ਪ੍ਰਧਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦਿਆਂ ’ਤੇ ਬਰਕਰਾਰ ਰੱਖਿਆ ਗਿਆ ਹੈ। ਹਾਲਾਂਕਿ ਦਲਿਤ, ਜੱਟ ਅਤੇ ਹਿੰਦੂ ਚਿਹਰਿਆਂ ਦੇ ਸੰਤੁਲਨ ਨੂੰ ਧਿਆਨ ’ਚ ਰੱਖਦਿਆਂ ਕਈ ਹੋਰ ਆਗੂਆਂ ਨੂੰ ਵੀ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ, ਜਿਸ ’ਚ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ, ਵਿਜੈਇੰਦਰ ਸਿੰਗਲਾ ਨੂੰ ਚੋਣ ਤਾਲਮੇਲ ਕਮੇਟੀ, ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਅਤੇ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਕਾਂਗਰਸ ਵਲੋਂ ਲੰਮੇ ਸਮੇਂ ਤੋਂ ਚੱਲ ਰਹੇ ਮੰਥਨ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਪਾਰਟੀ ਜਨਰਲ ਸਕੱਤਰ ਵਲੋਂ ਜਾਰੀ ਬਿਆਨ ’ਚ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ 2027 ਲਈ ਕਈ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ’ਚ ਪਾਰਟੀ ਵਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣਗੇ। ਵੜਿੰਗ ਦੇ ਪ੍ਰਧਾਨ ਬਣੇ ਰਹਿਣ ਦੇ ਨਾਲ ਹੀ ਪਾਰਟੀ ਵਲੋਂ 3 ਕਾਰਜਕਾਰੀ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ, ਜਿਸ ’ਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਦਾ ਨਾਂਅ ਸ਼ਾਮਿਲ ਹੈ। ਭਾਜਪਾ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਲੈ ਕੇ ਲਗਾਤਾਰ ਭੰਬਲਭੂਸਾ ਜਾਰੀ ਸੀ, ਜਿਸ ’ਚ ਜੱਟ ਸਿੱਖ ਚਿਹਰੇ ਅਤੇ ਦਲਿਤ ਚਿਹਰੇ ਨੂੰ ਲੈ ਕੇ ਵਿਚਾਰ ਚਰਚਾ ਲਗਾਤਾਰ ਚਲ ਰਹੀ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਦਲਿਤ ਅਤੇ ਓ. ਬੀ. ਸੀ. ਭਾਈਚਾਰੇ ਨੂੰ ਉਨ੍ਹਾਂ ਦਾ ਬਣਦਾ ਦਰਜਾ ਦੇਣ ਨੂੰ ਲੈ ਕੇ ਲਗਾਤਾਰ ਉਠਾਈ ਜਾ ਰਹੀ ਆਵਾਜ਼ ਕਾਰਨ ਇਹ ਕਿਆਸ ਲਾਏ ਜਾ ਰਹੇ ਸਨ ਕਿ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜਾ ਸਕਦੀ ਹੈ। ਪਰ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਦਲਿਤ ਮੁੱਖ ਮੰਤਰੀ ਵਾਲਾ ਕਾਰਡ ਨਾਕਾਮ ਹੋਣ ਕਾਰਨ ਜਿਸ ’ਚ ਪਾਰਟੀ 70 ਸੀਟਾਂ ਤੋਂ 17 ਸੀਟਾਂ ’ਤੇ ਪਹੁੰਚ ਗਈ ਸੀ, ਪਾਰਟੀ ਹਾਈਕਮਾਨ ਵਲੋਂ ਚੋਣਾਂ ਤੋਂ ਪਹਿਲਾਂ ਬਦਲਾਅ ਨੂੰ ਕੇ ਫ਼ੈਸਲੇ ਲੈਣ ਸੰਬੰਧੀ ਝਿਜਕ ਮਹਿਸੂਸ ਕੀਤੀ ਜਾ ਰਹੀ ਸੀ। ਹਲਕਿਆਂ ਮੁਤਾਬਿਕ ਕਾਂਗਰਸ ਨੇ ਇਕ ਪ੍ਰਧਾਨ ਅਤੇ 3 ਕਾਰਜਕਾਰੀ ਪ੍ਰਧਾਨ ਬਣਾ ਕੇ ਜੱਟ, ਦਲਿਤ ਅਤੇ ਓ. ਬੀ. ਸੀ. ਭਾਈਚਾਰੇ ’ਚ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਥੇ ਵੜਿੰਗ ਜੱਟ ਸਿੱਖ ਚਿਹਰਾ ਹਨ ਉਥੇ ਵੇਰਕਾ ਅਤੇ ਡੈਨੀ ਪੱਟੀਦਰਜ ਜਾਤ (ਐੈਸ. ਸੀ.) ਨਾਲ ਤਾਅਲੁਕ ਰੱਖਦੇ ਹਨ, ਜਦਕਿ ਗਿਲਜੀਆਂ ਓ. ਬੀ. ਸੀ. ਭਾਈਚਾਰੇ ਨਾਲ ਸੰਬੰਧਿਤ ਹਨ। ਜ਼ਿਕਰਯੋਗ ਹੈ ਪੰਜਾਬ ’ਚ ਦਲਿਤ ਭਾਈਚਾਰੇ ਦੀ ਤਦਾਦ ਦੇਸ਼ ’ਚ ਸਭ ਤੋਂ ਵੱਧ ਹੈ ਪਰ ਚਲੀ ਆ ਰਹੀ ਰਵਾਇਤ ਮੁਤਾਬਿਕ ਸਿਆਸੀ ਫ਼ੈਸਲੇ ਜੱਟ ਭਾਈਚਾਰਾ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ।
ਚੰਨੀ ਬਣੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ
ਪਾਰਟੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵਲੋਂ ਜਾਰੀ ਰਿਲੀਜ਼ ਮੁਤਾਬਿਕ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਕਮੇਟੀ ’ਚ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਅਤੇ ਡਾ. ਧਰਮਵੀਰ ਗਾਂਧੀ ਨੂੰ ਉਪ ਮੁਖੀ ਬਣਾਇਆ ਗਿਆ ਹੈ। ਕੰਪੇਨ ਕਮੇਟੀ ’ਚ ਵੀ ਪਾਰਟੀ ਨੇ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਸਦਕਾ ਇਕ ਦਲਿਤ ਜੱਟ ਅਤੇ ਇਕ ਹਿੰਦੂ ਚਿਹਰੇ ਨੂੰ ਥਾਂ ਦਿੱਤੀ ਹੈ। ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਦੋਵੇਂ ਮੌਜੂਦਾ ਵਿਧਾਇਕ ਵੀ ਹਨ। ਖਹਿਰਾ ਭੁਲੱਥ ਤੋਂ ਅਤੇ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਵਿਧਾਇਕ ਹਨ। ਖਹਿਰਾ ਭਾਰਤੀ ਕਿਸਾਨ ਕਾਂਗਰਸ ਦੇ ਚੇਅਰਮੈਨ ਵੀ ਹਨ, ਜਦਕਿ ਸੰਸਦ ਮੈਂਬਰ ਡਾ. ਗਾਂਧੀ ਲੋਕ ਸਭਾ ’ਚ ਸੂਬੇ ਦੇ ਮਸਲੇ ਉਠਾਉਂਦੇ ਨਜ਼ਰ ਆਉਂਦੇ ਹਨ।
ਚੋਣ ਪ੍ਰਬੰਧਕ ਅਤੇ ਤਾਲਮੇਲ ਕਮੇਟੀ ਦੀ ਕਮਾਨ ਵਿਜੈ ਇੰਦਰ ਸਿੰਗਲਾ ਦੇ ਹੱਥ
ਪਾਰਟੀ ਵਲੋਂ ਬਣਾਈ ਗਈ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੀ ਕਮਾਨ ਵਿਜੈ ਇੰਦਰ ਸਿੰਗਲਾ ਦੇ ਹੱਥ ਸੌਂਪੀ ਗਈ ਹੈ। ਪ੍ਰਭਾਵੀ ਹਿੰਦੂ ਚਿਹਰੇ ਸਿੰਗਲਾ ਦਾ ਨਾਂਅ ਸੂਬਾ ਪ੍ਰਧਾਨ ਦੀ ਰੇਸ ’ਚ ਵੀ ਅੱਗੇ ਆ ਰਿਹਾ ਸੀ। ਕਮੇਟੀ ’ਚ 5 ਉਪ ਪ੍ਰਧਾਨ ਵੀ ਬਣਾਏ ਗਏ ਹਨ, ਜਿਨ੍ਹਾਂ ’ਚ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਦਾ ਨਾਂਅ ਸ਼ਾਮਿਲ ਹੈ। ਇਸ ਤੋਂ ਇਲਾਵਾ ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਨ ਆਸ਼ੂ ਦਾ ਨਾਂਅ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਬੁੱਧਵਾਰ ਨੂੰ ਐਲਾਨੀਆਂ ਗਈਆਂ ਕਮੇਟੀਆਂ ’ਚ ਰਜੀਆ ਸੁਲਤਾਨਾ ਇਕਲੌਤੀ ਔਰਤ ਹੈ।
ਸੁਖਜਿੰਦਰ ਸਿੰਘ ਰੰਧਾਵਾ ਬਣੇ ਕੋਰ ਕਮੇਟੀ ਦੇ ਚੇਅਰਮੈਨ
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ।
ਡਾ. ਅਮਰ ਸਿੰਘ ਸੰਭਾਲਣਗੇ ਮੈਨੀਫੈਸਟੋ ਕਮੇਟੀ
ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਸਾਬਕਾ ਆਈ. ਏ. ਐਸ. ਅਧਿਕਾਰੀ ਸੰਸਦ ’ਚ ਵੀ ਬਾਰੀਕ ਨੁਕਤਿਆਂ ’ਤੇ ਪਾਰਟੀ ਵਲੋਂ ਵਿਚਾਰ ਰੱਖਦੇ ਹਨ। ਡਾ. ਸਿੰਘ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕਮੇਟੀ ਦੇ ਉਪ ਪ੍ਰਧਾਨ ਥਾਪੇ ਗਏ ਹਨ।
ਰਾਜਾ ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ
ਅਜੀਤ ਡੈਸਕ
02-07-2026