ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। 3500 ਘੰਟੇ ਤੋਂ ਵੱਧ ਫਾਈਟਰ ਜੈੱਟ ਉਡਾਉਣ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਏਅਰ ਮਾਰਸ਼ਲ ਦੀਕਸ਼ਿਤ ਇਸ ਸਾਲ ਅਕਤੂਬਰ ਵਿਚ ਮੌਜੂਦਾ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਦੇਸ਼ ਦੇ ਅਗਲੇ ਹਵਾਈ ਸੈਨਾ ਮੁਖੀ ਬਣਨ ਦੀ ਦੌੜ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਹਨ। ਉਨ੍ਹਾਂ ਨੇ ਏਅਰ ਮਾਰਸ਼ਲ ਨਾਗੇਸ਼ ਕਪੂਰ ਦੀ ਜਗ੍ਹਾ ਲਈ ਹੈ, ਜੋ ਸੇਵਾਮੁਕਤ ਹੋ ਗਏ ਹਨ। ਇਸ ਅਹੁਦੇ ’ਤੇ ਆਉਣ ਤੋਂ ਪਹਿਲਾਂ ਏਅਰ ਮਾਰਸ਼ਲ ਦੀਕਸ਼ਿਤ ‘ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼’ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਜੋ ਕਿ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਅਧੀਨ ਤਿੰਨਾਂ ਸੈਨਾਵਾਂ (ਥਲ, ਜਲ ਅਤੇ ਹਵਾਈ ਸੈਨਾ) ਦੀ ਸਾਂਝੀ ਸੰਸਥਾ ਹੈ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਆਪਸੀ ਤਾਲਮੇਲ ਨੂੰ ਵਧਾਉਣ ਅਤੇ ਦੇਸ਼ ਵਿਚ ‘ਥੀਏਟਰ ਕਮਾਂਡਾਂ’ ਸਥਾਪਤ ਕਰਨ ਦੀ ਪ੍ਰਕਿਰਿਆ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਦਸੰਬਰ 1986 ਵਿਚ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿਚ ਕਮਿਸ਼ਨਡ ਹੋਏ ਏਅਰ ਮਾਰਸ਼ਲ ਦੀਕਸ਼ਿਤ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਟਾਫ਼ ਸਰਵਿਸਿਜ਼ ਕਾਲਜ (ਬੰਗਲਾਦੇਸ਼) ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਐਲੂਮਨੀ (ਵਿਦਿਆਰਥੀ) ਰਹਿ ਚੁੱਕੇ ਹਨ।
ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸੰਭਾਲੀ ਹਵਾਈ ਫ਼ੌਜ ਦੇ ਉਪ ਮੁਖੀ ਦੀ ਕਮਾਨ
ਅਜੀਤ ਡੈਸਕ
02-07-2026