* ਤਾਲਿਬਾਨ ਨੇ ਪਾਕਿ ’ਚ ਆਈ. ਐੱਸ. ਆਈ. ਐੱਸ. ਦੇ ਟਿਕਾਣਿਆਂ ’ਤੇ ਕੀਤੇ ਹਵਾਈ ਹਮਲੇ * ਹਮਲਿਆਂ ’ਚ ਕਈ ਅੱਤਵਾਦੀ ਮਾਰੇ ਜਾਣ ਦਾ ਦਾਅਵਾ * ਪਾਕਿ ਨੇ ਬਲੋਚਿਸਤਾਨ ’ਚ 4 ਅਫ਼ਗਾਨ ਡਰੋਨ ਸੁੱਟਣ ਦਾ ਕੀਤਾ ਦਾਅਵਾ
ਸੁਰਿੰਦਰ ਕੋਛੜ
ਅੰਮ੍ਰਿਤਸਰ, 1 ਜੁਲਾਈ-ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ ਦੇ ਪਕਤੀਆ, ਪਕਤਿਕਾ ਅਤੇ ਕੁਨਾਰ ਪ੍ਰਾਂਤਾ ’ਚ ਹਵਾਈ ਹਮਲਿਆਂ ਦੌਰਾਨ ਨਾਗਰਿਕ ਘਰਾਂ ਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਉਣ ਦੇ 48 ਘੰਟਿਆਂ ਦੇ ਅੰਦਰ ਹੀ ਤਾਲਿਬਾਨ ਨੇ ਇਸ ਦਾ ਬਦਲਾ ਲੈਂਦਿਆਂ ਪਾਕਿ ਦੇ ਬਲੋਚਿਸਤਾਨ ਤੇ ਖ਼ੈਬਰ ਪਖਤੂਨਖਵਾ ਸੂਬਿਆਂ ’ਚ ਜਿਹਾਦੀ ਸੰਗਠਨ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ) ਦੇ ਠਿਕਾਣਿਆਂ ’ਤੇ ਹਵਾਈ ਹਮਲੇ ਕੀਤੇ । ਦੱਸਣਯੋਗ ਹੈ ਕਿ ਆਈ. ਐੱਸ. ਆਈ. ਐੱਸ. ਨੂੰ ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੇਵੈਂਟ/ਦਾਇਸ਼ ਵੀ ਕਿਹਾ ਜਾਂਦਾ ਹੈ। ਪਾਕਿ ਹਮੇਸ਼ਾਂ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਇਹ ਸਮੂਹ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਤੇ ਪਾਕਿਸਤਾਨੀ ਫ਼ੌਜ ਦੀ ਸਰਪ੍ਰਸਤੀ ਹੇਠ ਵੱਧ-ਫੁੱਲ ਰਿਹਾ ਹੈ। ਇਹ ਸਮੂਹ ਅਫ਼ਗਾਨਿਸਤਾਨ ਤੇ ਭਾਰਤ ’ਚ ਹਮਲੇ ਕਰਨ ਦੇ ਨਾਲ-ਨਾਲ ਦੁਨੀਆ ਦੇ ਕਈ ਮੁਲਕਾਂ ਨੂੰ ਅਸਥਿਰ ਕਰਨ ਦੀਆਂ ਕਾਰਵਾਈਆਂ ਕਰ ਰਿਹਾ ਹੈ । ਅਫ਼ਗਾਨ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨਿਸ਼ਾਨਾ ਬਣਾਏ ਗਏ ਠਿਕਾਣਿਆਂ ਦੀ ਵਰਤੋਂ ਆਈ. ਐੱਸ. ਆਈ. ਐੱਸ. ਵਲੋਂ ਅਫ਼ਗਾਨਿਸਤਾਨ ’ਚ ਹਮਲਿਆਂ ਦੀ ਯੋਜਨਾ ਬਣਾਉਣ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ। ਮੰਤਰਾਲੇ ਅਨੁਸਾਰ ਇਹ ਕਾਰਵਾਈਆਂ ਬਲੋਚਿਸਤਾਨ ਦੇ ਪਿਸ਼ਿਨ ਜ਼ਿਲ੍ਹੇ ਦੇ ਸਰਾਨਨ, ਖ਼ੈਬਰ ਪਖਤੂਨਖਵਾ ਦੇ ਕੰਬਰ ਖੇਲ ਅਤੇ ਚਿਤਰਾਲ ’ਚ ਸ਼ਾਹ ਸਲੀਮ ਘਾਟੀ ’ਚ ਕੀਤੀਆਂ ਗਈਆਂ । ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਅੱਜ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ’ਚ ਸਰਹੱਦ ਪਾਰ ਅਫ਼ਗਾਨ ਤਾਲਿਬਾਨ ਸ਼ਾਸਨ ਦੁਆਰਾ ਲਾਂਚ ਕੀਤੇ ਗਏ ਚਾਰ ਡਰੋਨਾਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ।
ਫ਼ੌਜੀ ਕੈਂਪਾਂ ਤੱਕ ਸਪਲਾਈ ਪਹੁੰਚਾਉਣ ਵਾਲੇ ਦਸਤਿਆਂ ’ਤੇ ਹਮਲਾ
ਬਲੋਚਿਸਤਾਨ ਦੇ ਮਸਤੁੰਗ ਦੇ ਦਸ਼ਤ ਖੇਤਰ ’ਚ ਕੁਰੀ ਡੋਰ ਨਾਮਕ ਸਥਾਨ ’ਤੇ ਹਥਿਆਰਬੰਦ ਵਿਅਕਤੀਆਂ ਨੇ ਪਾਕਿਸਤਾਨੀ ਫ਼ੌਜਾਂ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਆਪਣੇ ਕੈਂਪਾਂ ਲਈ ਸਪਲਾਈ ਪਹੁੰਚਾ ਰਹੇ ਸਨ । ਹਮਲੇ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ ਤੇ ਲੰਬੇ ਸਮੇਂ ਤੱਕ ਜਾਰੀ ਰਹੀਆਂ । ਝੜਪਾਂ ਦੌਰਾਨ ਪਾਕਿਸਤਾਨੀ ਫ਼ੌਜ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਿਆ।
ਪਾਕਿ-ਅਫ਼ਗਾਨਿਸਤਾਨ ’ਚ ਵਧਿਆ ਤਣਾਅ
ਅਜੀਤ ਡੈਸਕ
02-07-2026