* ਜੰਮੂ-ਕਸ਼ਮੀਰ ਦੇ ਡੋਡਾ ’ਚ ਬੱਦਲ ਫਟਿਆ * ਹਿਮਾਚਲ ’ਚ ਭਾਰੀ ਮੀਂਹ ਨਾਲ ਕਈ ਸੜਕਾਂ ਬੰਦ
ਚੰਡੀਗੜ੍ਹ,ਸ਼ਿਮਲਾ, ਜੰਮੂ, 1 ਜੁਲਾਈ (ਏਜੰਸੀ)-ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਪਏ ਮੀਂਹ ਅਤੇ ਚੱਲੀਆਂ ਹਵਾਵਾਂ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਤੋਂ ਰਾਹਤ ਮਿਲੀ ਹੈ। ਬੁੱਧਵਾਰ ਸਵੇਰੇ ਮੁਹਾਲੀ, ਖਰੜ, ਪਠਾਨਕੋਟ, ਪਟਿਆਲਾ, ਹੁਸ਼ਿਆਰਪੁਰ, ਚੰਡੀਗੜ੍ਹ ਅਤੇ ਹਰਿਆਣਾ ਦੇ ਕਰਨਾਲ, ਅੰਬਾਲਾ, ਯਮੁਨਾਨਗਰ, ਸੋਨੀਪਤ, ਹਿਸਾਰ ਅਤੇ ਰੋਹਤਕ ’ਚ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਪਠਾਨਕੋਟ ’ਚ ਸਭ ਤੋਂ ਵੱਧ ਮੀਂਹ ਪੈਣ ਦੀਆਂ ਖ਼ਬਰਾਂ ਹਨ। ਇਥੇ ਕਰੀਬ 5 ਘੰਟੇ ਲਗਾਤਾਰ ਮੀਂਹ ਪੈਣ ਨਾਲ ਸ਼ਹਿਰ ’ਚ ਕਈ ਥਾਈਂ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ ਪਠਾਨਕੋਟ ’ਚ 6.1 ਐਮ.ਐਮ., ਹੁਸ਼ਿਆਰਪੁਰ ’ਚ 5.5 ਐਮ.ਐਮ., ਹਰਿਆਣਾ ਦੇ ਯਮੁਨਾਨਗਰ ’ਚ 10.5 ਐਮ.ਐਮ., ਰੋਹਤਕ ’ਚ 3 ਐਮ.ਐਮ. ਅਤੇ ਸੋਨੀਪਤ ’ਚ 5 ਐਮ.ਐਮ. ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕੁਝ ਹਿੱਸਿਆਂ ’ਚ ਅਗਲੇ 2-3 ਦਿਨਾਂ ’ਚ ਮੌਨਸੂਨ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਸੁਰਿੰਦਰ ਪਾਲ ਅਨੁਸਾਰ ਅਗਲੇ 2 ਤੋਂ 3 ਦਿਨ ਮੌਨਸੂਨ ਦੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵੱਲ ਵਧਣ ਲਈ ਅਨੁਕੂਲ ਹਨ। ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ’ਚ ਕਈ ਥਾਈ ਪ੍ਰੀ-ਮੌਨਸੂਨ ਦਾ ਮੀਂਹ ਵੀ ਪਿਆ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੋਂ 6 ਜੁਲਾਈ ਤੱਕ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ’ਚ ਕਈ ਥਾਈਂ ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਡੋਡਾ ’ਚ ਬੱਦਲ ਫਟਿਆ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਦੋ ਵਾਰ ਬੱਦਲ ਫਟਣ ਨਾਲ ਅਚਾਨਕ ਹੜ੍ਹ ਵਰਗੇ ਹਾਲਾਤ ਬਣ ਗਏ ਅਤੇ ਜ਼ਮੀਨ ਖਿਸਕਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀ ਰਾਤ ਪਏ ਭਾਰੀ ਮੀਂਹ ਕਾਰਨ ਭਲੇਸਾ ਦੇ ਕਲਾਲਗਿਸਾਰ ਇਲਾਕੇ ’ਚ ਦੋ ਵਾਰ ਬੱਦਲ ਫਟੇ, ਜਿਸ ਨਾਲ ਅਚਾਨਕ ਹੜ੍ਹ ਵਰਗੇ ਹਾਲਾਤ ਬਣ ਗਏ। ਉਨ੍ਹਾਂ ਦੱਸਿਆ ਕਿ ਮਲਬੇ ਅਤੇ ਚਿੱਕੜ ਕਾਰਨ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਮੌਸਮ ਠੀਕ ਹੋਣ ਦੇ ਬਾਅਦ ਬਹਾਲ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ
ਅਜੀਤ ਡੈਸਕ
02-07-2026