ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ (GST) ਨਾਲ ਜੂਨ ਦੇ ਮਹੀਨੇ ’ਚ ਸਰਕਾਰੀ ਖ਼ਜ਼ਾਨੇ ’ਚ ਜ਼ਬਰਦਸਤ ਉਛਾਲ ਆਇਆ ਹੈ। ਜੀ. ਐਸ. ਟੀ. ਦੇ ਰਿਲੀਜ਼ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਜੂਨ 2026 ’ਚ ਭਾਰਤ ਦਾ ਜੀ. ਐਸ. ਟੀ. ਕੁਲੈਕਸ਼ਨ ਸਾਲਾਨਾ ਆਧਾਰ ’ਤੇ 13.9 ਫੀਸਦੀ ਦੇ ਵਾਧੇ ਨਾਲ 1.94 ਲੱਖ ਕਰੋੜ ’ਤੇ ਪਹੁੰਚ ਗਿਆ, ਜਦਕਿ ਪਿਛਲੇ ਸਾਲ ਜੂਨ ’ਚ ਇਹ ਕੁਲੈਕਸ਼ਨ 1.71 ਲੱਖ ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਸਾਲ ਜੂਨ ਮਹੀਨੇ ’ਚ ਜੀ. ਐਸ. ਟੀ. ਕੁਲੈਕਸ਼ਨ ’ਚ ਇਹ ਵਾਧਾ ਪਿਛਲੇ 15 ਮਹੀਨਿਆਂ ’ਚ ਸਭ ਤੋਂ ਤੇਜ਼ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਜੂਨ ’ਚ ਕੁੱਲ ਘਰੇਲੂ ਆਮਦਨ 6.5 ਫੀਸਦੀ ਵਾਧੇ ਨਾਲ 1,34,774 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਇਸ ਸਮੇਂ ’ਚ 1,26,505 ਕਰੋੜ ਰੁਪਏ ਸੀ। ਜਦਕਿ ਕੁੱਲ ਆਯਾਤ ਆਮਦਨ 34.6 ਫੀਸਦੀ ਵੱਧ ਕੇ 60,038 ਕਰੋੜ ਹੋ ਗਿਆ। ਸੂਬਿਆਂ ‘ਚ ਜੀ. ਐਸ. ਟੀ. ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਅਤੇ ਅਸਾਮ ਮੋਹਰੀ ਸੂਬੇ ਰਹੇ। ਜਿਥੇ ਉੱਤਰ ਪ੍ਰਦੇਸ਼ 19 ਫੀਸਦੀ ਅਤੇ ਅਸਾਮ ’ਚ 17 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਪੰਜਾਬ ਜੀ. ਐਸ. ਟੀ. ਕੁਲੈਕਸ਼ਨ ’ਚ 14 ਫੀਸਦੀ ਦੇ ਵਾਧੇ ਦੇ ਨਾਲ ਤੀਜੇ ਨੰਬਰ ’ਤੇ ਰਿਹਾ। ਗੁਜਰਾਤ ’ਚ ਜੀ. ਐਸ. ਟੀ. ਕੁਲੈਕਸ਼ਨ ’ਚ 12 ਫੀਸਦੀ ਅਤੇ ਮਹਾਰਾਸ਼ਟਰ ’ਚ 9 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ। ਜਦਕਿ ਜੀ. ਐਸ. ਟੀ. ਕੁਲੈਕਸ਼ਨ ’ਚ ਗਿਰਾਵਟ ਵਾਲੇ ਸੂਬਿਆਂ ’ਚ ਤਾਮਿਲਨਾਡੂ (2 ਫੀਸਦੀ), ਰਾਜਸਥਾਨ (5 ਫ਼ਸਦੀ) ਅਤੇ ਮੱਧ ਪ੍ਰਦੇਸ਼ ’ਚ (5 ਫ਼ੀਸਦੀ) ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਜੀ. ਐਸ. ਟੀ. ਦੇ ਵਾਧੇ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਸਾਮਾਨਾਂ ਦਾ ਆਯਾਤ ਰਿਹਾ। ਇਸ ਤੋਂ ਇਲਾਵਾ ਦੇਸ਼ ’ਚ ਵਸਤਾਂ ਅਤੇ ਸਾਮਾਨਾਂ ਦੀ ਮਜ਼ਬੂਤ ਮੰਗ ਕਾਰਨ ਵੀ ਜੀ. ਐਸ. ਟੀ. ਕੁਲੈਕਸ਼ਨ ਮਜ਼ਬੂਤ ਹੋਇਆ।