ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਵਲੋਂ ਚੋਣ ਕਮਿਸ਼ਨ ਅੱਗੇ ਦਾਅਵਾ ਪੇਸ਼
ਅਜੀਤ ਡੈਸਕ
03-07-2026
ਨਵੀਂ ਦਿੱਲੀ, 2 ਜੁਲਾਈ (ਏਜੰਸੀ)-ਤ੍ਰਿਣਮੂਲ ਕਾਂਗਰਸ ’ਤੇ ਕਬਜ਼ੇ ਦੀ ਲੜਾਈ ਹੋਰ ਤੇਜ਼ ਹੋ ਗਈ ਹੈ। ਰਿਤਾਬ੍ਰਤਾ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਨੇ ਚੋਣ ਕਮਿਸ਼ਨ ਸਾਹਮਣੇ ਪਾਰਟੀ ’ਤੇ ਆਪਣਾ ਦਾਅਵਾ ਪੇਸ਼ ਕੀਤਾ, ਜਦੋਂ ਕਿ ਤ੍ਰਿਣਮੂਲ ਕਾਂਗਰਸ ਨੇ ਸਵਾਲ ਚੁੱਕਿਆ ਕਿ ਚੋਣ ਕਮਿਸ਼ਨ ਉਨ੍ਹਾਂ ਨੇਤਾਵਾਂ ਦੀ ਗੱਲ ਕਿਵੇਂ ਸੁਣ ਸਕਦਾ ਹੈ, ਜਿਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। ਰਿਤਾਬ੍ਰਤਾ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਪੂਰੇ ਬੈਂਚ ਨੇ ਪਾਰਟੀ ’ਤੇ ਉਨ੍ਹਾਂ ਦੇ ਦਾਅਵੇ ਨੂੰ ਲੈ ਕੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਮੀਦ ਜਤਾਈ ਕਿ ਚੋਣ ਕਮਿਸ਼ਨ ਜਲਦ ਹੀ ਕੋਈ ਜਵਾਬ ਦੇਵੇਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਦੋ ਚੋਣ ਕਮਿਸ਼ਨਰਾਂ ਨਾਲ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਿਤਾਬ੍ਰਤਾ ਬੈਨਰਜੀ ਨੇ ਕਿਹਾ ਕਿ ਵਫਦ ਨੇ 22 ਜੂਨ ਨੂੰ ਕੋਲਕਾਤਾ ’ਚ ਹੋਏ ਧੜੇ ਦੇ ਵਿਸ਼ੇਸ਼ ਸੰਗਠਨਾਤਮਕ ਸੈਸ਼ਨ ਦੇ ਬਾਰੇ ’ਚ ਦੱਸਣ ਦੇ ਬਾਅਦ ਚੋਣ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰਸਮੀ ਰੂਪ ਨਾਲ ਰੱਖਿਆ। ਉਨ੍ਹਾਂ ਕਿਹਾ ਕਿ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦਾ 22 ਜੂਨ ਨੂੰ ਕੋਲਕਾਤਾ ’ਚ ਵਿਸ਼ੇਸ਼ ਸੈਸ਼ਨ ਹੋਇਆ ਸੀ ਤੇ ਇਸ ਦੇ ਤੁਰੰਤ ਬਾਅਦ ਅਸੀਂ ਲਿਖਤੀ ਤੌਰ ’ਤੇ ਚੋਣ ਕਮਿਸ਼ਨ ਨੂੰ ਇਸ ਦੀ ਰਸਮੀ ਜਾਣਕਾਰੀ ਦਿੱਤੀ ਸੀ।
ਚੋਣ ਕਮਿਸ਼ਨ ਨੇ ਦੋਵਾਂ ਧਿਰਾਂ ਤੋਂ ਮੰਗਿਆ ਜਵਾਬ
ਚੋਣ ਕਮਿਸ਼ਨ ਨੇ ਬਾਗੀ ਧੜੇ ਨੂੰ ਕਿਹਾ ਕਿ ਉਹ ਪਾਰਟੀ ਦੇ ਅਧਿਕਾਰਤ ਹਸਤਾਖ਼ਰਕਰਤਾਵਾਂ ਤੇ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਆਪਣੇ ਦਾਅਵੇ ਤੇ ਜਵਾਬੀ ਦਾਅਵੇ ਪੇਸ਼ ਕਰੇ। ਚੋਣ ਕਮਿਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨ ਨੇ ਮਮਤਾ ਬੈਨਰਜੀ ਤੇ ਬਾਗੀ ਧੜੇ ਦੇ ਨੇਤਾ ਰਿਤਾਬ੍ਰਤਾ ਬੈਨਰਜੀ ਦੋਵਾਂ ਨੂੰ ਪੱਤਰ ਭੇਜ ਕੇ 6 ਜੁਲਾਈ ਨੂੰ ਸ਼ਾਮ 5.30 ਵਜੇ ਤੱਕ ਆਪਣਾ ਜਵਾਬ ਦੇਣ ਨੂੰ ਕਿਹਾ ਹੈ।