02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਧੜੇ ਦੀ ‘ਬਗ਼ਾਵਤ’ ਕਾਂਗਰਸ ਨੂੰ ਪੈ ਸਕਦੀ ਹੈ ‘ਭਾਰੀ’

Ad Position 21
No active advertisement
ਅਜੀਤ ਡੈਸਕ 04-07-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 3 ਜੁਲਾਈ-ਪੰਜਾਬ ਕਾਂਗਰਸ ਇਕ ਵਾਰ ਫਿਰ ਉਸੇ ਤਰ੍ਹਾਂ ਦੇ ਸਿਆਸੀ ਦੌਰ ਵਿਚੋਂ ਲੰਘਦੀ ਨਜ਼ਰ ਆ ਰਹੀ ਹੈ, ਜਿਹੜਾ 2021 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੇਖਣ ਨੂੰ ਮਿਲਿਆ ਸੀ। ਉਸ ਵੇਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਸਮੇਤ ਕਈ ਸੀਨੀਅਰ ਆਗੂਆਂ ਨੇ ਖੁੱਲ੍ਹੀ ਬਗ਼ਾਵਤ ਦਾ ਝੰਡਾ ਚੁੱਕ ਲਿਆ ਸੀ। ਲੰਬੇ ਸਮੇਂ ਤੱਕ ਚੱਲੇ ਅੰਦਰੂਨੀ ਟਕਰਾਅ ਤੋਂ ਬਾਅਦ ਹਾਈਕਮਾਨ ਨੇ ਲੀਡਰਸ਼ਿਪ ਵਿਚ ਤਬਦੀਲੀ ਦਾ ਫ਼ੈਸਲਾ ਕੀਤਾ, ਪਰ ਇਸ ਦਾ ਚੋਣ ਨਤੀਜਿਆਂ ’ਤੇ ਉਲਟਾ ਅਸਰ ਪਿਆ ਤੇ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਮੇਂ ਵੀ ਪੰਜਾਬ ਕਾਂਗਰਸ ’ਚ ਨਵੀਂ ਲੀਡਰਸ਼ਿਪ ਨੂੰ ਲੈ ਕੇ ਪੈਦਾ ਹੋਈ ਅਸੰਤੁਸ਼ਟੀ ਕਾਰਨ ਅੰਦਰੂਨੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੋਰਿੰਡਾ ਵਿਖੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਨੂੰ ਲੈ ਕੇ ਭਾਵੇਂ ਦੂਜੇ ਖੇਮੇ ਤੇ ਦਿੱਲੀ ਦਰਬਾਰ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਪਰ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੀ ਚਿੰਤਾ ਕਾਫ਼ੀ ਵੱਧ ਗਈ ਹੈ। ਸੂਤਰਾਂ ਅਨੁਸਾਰ ਕਈ ਟਕਸਾਲੀ ਕਾਂਗਰਸੀ ਆਗੂਆਂ ਨੇ ਹਾਈਕਮਾਨ ਨਾਲ ਗੱਲਬਾਤ ਕਰਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਪੰਜਾਬ ’ਚ ਕਾਂਗਰਸ ਉਸੇ ਸਥਿਤੀ ’ਚ ਆ ਕੇ ਫਸ ਗਈ ਹੈ, ਜਿਸ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਸੀ ਸੀ ਤੇ ਜੇਕਰ ਇਨ੍ਹਾਂ ਹਾਲਾਤਾਂ ’ਤੇ ਜਲਦੀ ਕਾਬੂ ਪਾ ਕੇ ਨਾਰਾਜ਼ ਆਗੂਆਂ ਨੂੰ ਨਾ ਮਨਾਇਆ ਗਿਆ ਤਾਂ ਕਾਂਗਰਸ ਨੂੰ ਮੁੜ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਕਈ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਹਾਲਾਤਾਂ ਅਤੇ ਮੌਜੂਦਾ ਮੰਗਾਂ ਨੂੰ ਲੈ ਕੇ ਬਣਾਈ ਨਿਗਰਾਨਾਂ ਦੀ ਟੀਮ, ਜਿਨ੍ਹਾਂ ਨੂੰ ਪੰਜਾਬ ਦੇ ਆਗੂਆਂ ਨੇ ਰਾਇ ਦਿੱਤੀ ਸੀ, ਉਸ ਮੁਤਾਬਿਕ ਫ਼ੈਸਲਾ ਨਹੀਂ ਲਿਆ ਗਿਆ ਤੇ ਇਹੀ ਕੁਝ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ। ਦੱਸਿਆ ਜਾ ਰਿਹਾ ਕਿ ਉਸ ਵੇਲੇ ਇਕ ਵੱਡੇ ਖੇਮੇ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਨਾ ਹਟਾਉਣ ਦੀ ਸਲਾਹ ਦਿੱਤੀ ਗਈ ਸੀ। ਦੂਜਾ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਪਾਰਟੀ ਵਿਧਾਇਕਾਂ ਦੀ ਰਾਇ ਲੈਣ ਲਈ ਅਬਜ਼ਰਵਰ ਲਾਇਆ ਗਿਆ ਸੀ ਉਦੋਂ 47 ਦੇ ਕਰੀਬ ਵਿਧਾਇਕ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ’ਚ ਉੱਤਰੇ ਸੀ, ਪਰ ਉਸ ਦੇ ਬਾਵਜੂਦ ਫ਼ੈਸਲਾ ਕੁਝ ਹੋਰ ਸੁਣਾਇਆ ਗਿਆ, ਜਿਸ ਦੇ ਸਿੱਟੇ ਵਜੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਕਹਿ ਗਏ ਤੇ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਫਿਰ ਕਾਂਗਰਸ ਉਸੇ ਮੋੜ ’ਤੇ ਆ ਕੇ ਖੜ੍ਹੀ ਹੋ ਗਈ ਹੈ। ਜਿੱਥੇ ਜੇਕਰ ਹਾਈਕਮਾਨ ਨੇ ਜਲਦੀ ਤੇ ਸਹੀ ਫ਼ੈਸਲਾ ਨਾ ਲਿਆ ਤਾਂ ਕਾਂਗਰਸ ਦਾ ਇਸ ਵਾਰ ਵੀ ਸੱਤਾ ’ਚ ਆਉਣ ਦਾ ਸੁਪਨਾ ਦਿੱਲੀ ਵਾਂਗ ਫਿਰ ਟੁੱਟ ਜਾਵੇਗਾ। ਜ਼ਿਕਰਯੋਗ ਹੈ ਕਿ ਕਈ ਸੀਨੀਅਰ ਆਗੂਆਂ ਵਲੋਂ ਹਾਈਕਮਾਨ ਦੇ ਹਾਲ ਹੀ ’ਚ ਲਏ ਫ਼ੈਸਲਿਆਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ, ਇਨ੍ਹਾਂ ਆਗੂਆਂ ’ਚ ਉਹ ਵੀ ਹਨ, ਜਿਨ੍ਹਾਂ ਨੂੰ ਹਾਈਕਮਾਨ ਨੇ ਅਹੁਦੇ ਦੇ ਕੇ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਆਸੀ ਹਲਕਿਆਂ ’ਚ ਚਰਚਾ ਇਹ ਵੀ ਹੈ ਕਿ ਜੇਕਰ ਇਹ ਮਤਭੇਦ ਸਮੇਂ ਸਿਰ ਦੂਰ ਨਾ ਕੀਤੇ ਗਏ ਤਾਂ ਇਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਪੈ ਸਕਦਾ ਹੈ। ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਹਾਲ ਹੀ ’ਚ ਐਲਾਨੀ ਗਈ ਨਵੀਂ ਟੀਮ ’ਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਵੱਡੇ ਹਿੰਦੂ ਨੇਤਾ ਰਾਣਾ ਕੇ.ਪੀ. ਸਿੰਘ ਵਰਗੇ ਚਿਹਰਿਆਂ ਨੂੰ ਨਜ਼ਰਅੰਦਾਜ਼ ਕਰਕੇ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਨਾਰਾਜ਼ਗੀ ਵੀ ਸਹੇੜ ਲਈ ਹੈ। ਫ਼ਿਲਹਾਲ ਸਭ ਦੀਆਂ ਨਜ਼ਰਾਂ ਚੰਨੀ ਧੜੇ ਦੇ ਅਗਲੇ ਕਦਮ ਤੇ ਕਾਂਗਰਸ ਹਾਈਕਮਾਨ ਦੇ ਅਗਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਆਉਣ ਵਾਲੇ ਦਿਨਾਂ ਵਿਚ ਨਾਰਾਜ਼ ਆਗੂਆਂ ਨਾਲ ਗੱਲਬਾਤ, ਜਥੇਬੰਦਕ ਸੰਤੁਲਨ ਤੇ ਅੰਦਰੂਨੀ ਮਤਭੇਦ ਦੂਰ ਕਰਨ ਲਈ ਕੀਤੇ ਜਾਣ ਵਾਲੇ ਯਤਨ ਇਹ ਤੈਅ ਕਰਨਗੇ ਕਿ ਪੰਜਾਬ ਕਾਂਗਰਸ 2021 ਵਰਗੀਆਂ ਗ਼ਲਤੀਆਂ ਤੋਂ ਸਬਕ ਲੈਂਦੀ ਹੈ ਜਾਂ ਫਿਰ ਇਕ ਵਾਰ ਉਸੇ ਤਰ੍ਹਾਂ ਦੀ ਸਿਆਸੀ ਸਥਿਤੀ ਦਾ ਸਾਹਮਣਾ ਕਰਦੀ ਹੋਈ ਚੋਣਾਂ ਵਿਚ ਉੱਤਰਨ ਦਾ ਫ਼ੈਸਲਾ ਲੈਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਵਧਾਇਆ ਸਿਆਸੀ ਪਾਰਾ ਅਗਲੀ ਖ਼ਬਰ 6 ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ’ਤੇ ਜਾਣਗੇ ਮੋਦੀ
Ad Position 24
No active advertisement