02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੁਖਜਿੰਦਰ ਸਿੰਘ ਰੰਧਾਵਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਵਧਾਇਆ ਸਿਆਸੀ ਪਾਰਾ

Ad Position 21
No active advertisement
ਅਜੀਤ ਡੈਸਕ 04-07-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਜੁਲਾਈ- ਪੰਜਾਬ ਕਾਂਗਰਸ ’ਚ ਕਮੇਟੀਆਂ ਦੇ ਗਠਨ ਤੋਂ ਬਾਅਦ ਮਚਿਆ ਕਾਟੋ-ਕਲੇਸ਼ ਸ਼ੁੱਕਰਵਾਰ ਨੂੰ ਉਸ ਵੇਲੇ ਹੋਰ ਤਿੱਖਾ ਹੋ ਗਿਆ, ਜਦੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਰੰਧਾਵਾ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਦਰਮਿਆਨ ਹੋਈ ਇਸ ਮੁਲਾਕਾਤ ਨੂੰ ਉਨ੍ਹਾਂ ਦੇ ਭਾਜਪਾ ’ਚ ਸ਼ਾਮਿਲ ਹੋਣ ਦੇ ਖਦਸ਼ਿਆਂ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ। ਹਾਲਾਂਕਿ ਬਾਅਦ ਦੁਪਹਿਰ ਉਨ੍ਹਾਂ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰਦਿਆਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਇਕ ਸੰਦੇਸ਼ ’ਚ ਕਿਹਾ ਕਿ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ। ਰੰਧਾਵਾ ਨੇ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਮੁਲਾਕਾਤ ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸੀ। ਉਨ੍ਹਾਂ ਤਿੱਖੇ ਲਫਜ਼ਾਂ ’ਚ ਕਿਹਾ ਕਿ ਮੀਡੀਆ ਦੇ ਕੁਝ ਵਰਗਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਜੋ ਸ਼ਰਾਰਤਪੂਰਨ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ, ਉਹ ਉਸ ਦਾ ਖੰਡਨ ਕਰਦੇ ਹਨ। ਰੰਧਾਵਾ ਨੇ ਕਿਹਾ ਕਿ ਇਹ ਮੁਲਾਕਾਤ ਪੰਜਾਬ ਸੂਬੇ ’ਚ ਵਿਗੜਦੀ ਕਾਨੂੰਨ ਵਿਵਸਥਾ ’ਚ ਸੰਬੰਧ ’ਚ ਆਪਣੀ ਗੱਲ ਰੱਖਣ ਲਈ ਪਹਿਲਾਂ ਤੋਂ ਹੀ ਤੈਅ ਸੀ। ਰੰਧਾਵਾ ਨੇ ਇਸ ਸੰਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ 4 ਜੂਨ ਨੂੰ ਲਿਖੀ ਚਿੱਠੀ ਵੀ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਪੰਜਾਬ ਦੀ ਕੌਮਾਂਤਰੀ ਸਰਹੱਦੀ ਪੱਟੀ ’ਤੇ ਪਾਕਿਸਤਾਨ ਸਮਰਥਤ ਅੱਤਵਾਦ, ਨਸ਼ਿਆਂ ਦੀ ਤਸਕਰੀ, ਬੇਖੌਫ ਗੈਂਗਸਟਰਾਂ ਅਤੇ ਪੰਜਾਬ ਪੁਲਿਸ ਨੂੰ ਦਿੱਤੀ ਜਾ ਰਹੀ ਸਿਆਸੀ ਸਰਪ੍ਰਸਤੀ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ 4 ਸਫ਼ਿਆਂ ਦੀ ਚਿੱਠੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ’ਚ ਨਾਕਾਮੀ ਵੱਲ ਇਸ਼ਾਰਾ ਕਰਦਿਆਂ ਕੇਂਦਰ ਦੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ। ਰੰਧਾਵਾ ਨੇ ਕਿਹਾ ਕਿ ਇਸ ਚਿੱਠੀ ਦੇ ਸੰਬੰਧ ’ਚ ਉਨ੍ਹਾਂ ਕੋਲ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਮੁਲਾਕਾਤ ਦਾ ਸਮਾਂ ਤੈਅ ਹੋਇਆ ਸੀ।
ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਵੀ ਚਰਚਾ ’ਚ ਸਰਗਰਮ ਨਜ਼ਰ ਆਏ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਰਾਜਸਥਾਨ ਕਾਂਗਰਸ ਦੇ ਇੰਚਾਰਜ ਵੀ ਹਨ, ਸ਼ੁੱਕਰਵਾਰ ਨੂੰ ਹੀ ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨਾਲ ਵੀ ਆਪਣੀ ਰਿਹਾਇਸ਼ ’ਤੇ ਮੀਟਿੰਗ ਕਰਦੇ ਨਜ਼ਰ ਆਏ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੀਰਵਾਰ ਨੂੰ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਰਾਹੁਲ ਗਾਂਧੀ ਵਲੋਂ ਵੀ ਰਾਜਸਥਾਨ ਚੋਣਾਂ ਨੂੰ ਲੈ ਕੇ ਰਣਨੀਤਕ ਕਮੇਟੀ ਦੇ ਗਠਨ ਦੇ ਨਿਰਦੇਸ਼ਾਂ ਬਾਰੇ ਉਹ ਕੰਮ ਕਰ ਰਹੇ ਹਨ।
ਪੰਜਾਬ ’ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਸੰਤੁਲਿਤ ਸ਼ਬਦਾਂ ’ਚ ਵਿਖਾਈ ਨਾਰਾਜ਼ਗੀ

ਰੰਧਾਵਾ ਨੇ ਜਿੱਥੇ ਭਾਜਪਾ ’ਚ ਜਾਣ ਦੇ ਕਿਆਸਾਂ ’ਤੇ ਵਿਰਾਮ ਲਾਇਆ, ਉਥੇ ਲੀਡਰਸ਼ਿਪ ਬਦਲਾਅ ਅਤੇ ਬੁੱਧਵਾਰ ਨੂੰ ਗਠਿਤ ਕਮੇਟੀਆਂ ਨੂੰ ਲੈ ਕੇ ਆਪਣੀ ‘ਸੰਤੁਲਿਤ’ ਜਿਹੀ ਨਾਰਾਜ਼ਗੀ ਵਿਖਾਉਣ ਤੋਂ ਗੁਰੇਜ਼ ਨਹੀਂ ਕੀਤਾ। ਰੰਧਾਵਾ ਨੇ ਮੀਡੀਆ ਵਲੋਂ ਨਿਗਰਾਨਾਂ ਦੀ ਸੂਚੀ ’ਤੇ ਸੰਤੁਸ਼ਟੀ ਦੇ ਸਵਾਲ ’ਤੇ ਕਿਹਾ ਕਿ ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਸੀ। ਰੰਧਾਵਾ ਨੇ ਤਿੱਖੇ ਰੋਸ ਨਾਲ ਕਿਹਾ ਕਿ ਜੇਕਰ ਆਖ਼ਰ ’ਚ ਇਹੀ ਹੋਣਾ ਸੀ ਤਾਂ ਫਿਰ ਪਾਰਟੀ ਹਾਈਕਮਾਨ ਨਾਲ ਏਨੀਆਂ ਬੈਠਕਾਂ ਦਾ ਕੀ ਮਤਲਬ ਸੀ? ਉਨ੍ਹਾਂ ਸੂਬਾਈ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ’ਚ ਸੰਖੇਪ ਜਿਹਾ ਜਵਾਬ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਅਜੈ ਮਾਕਨ ਦੇਣ। ਨਿਗਰਾਨਾਂ ਦੀ ਸੂਚੀ ’ਚ ਕੀ ਸੀ, ਉਹ ਹੀ ਦੱਸ ਸਕਦੇ ਹਨ।
ਰੰਧਾਵਾ ਵਲੋਂ ਸੋਸ਼ਲ ਮੀਡੀਆ ’ਤੇ ਪਾਏ ਸਪੱਸ਼ਟੀਕਰਨ ਦਾ ਰਾਜਸਥਾਨ ਪ੍ਰਦੇਸ਼ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਅਸ਼ੋਕ ਗਹਿਲੋਤ ਨੇ ਵੀ ਸਮਰਥਨ ਕੀਤਾ। ਡੋਟਾਸਰਾ ਨੇ ਰੰਧਾਵਾ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਸਰਹੱਦੀ ਜ਼ਿਲ੍ਹਿਆਂ ’ਚ ਸ਼ਾਂਤੀ ਅਤੇ ਸੁਰੱਖਿਆ ਨਾਲ ਜੁੜੇ ਵਿਸ਼ੇ ਕਿਸੇ ਪਾਰਟੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਗ੍ਰਹਿ ਮੰਤਰੀ ਰਹਿੰਦਿਆਂ ਰੰਧਾਵਾ ਵਲੋਂ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਰਾਸ਼ਟਰੀ ਹਿਤ ਦੇ ਮੁੱਦੇ ’ਤੇ ਉਨ੍ਹਾਂ ਦਾ ਲਗਾਤਾਰ ਵਿਰੋਧ ਕਰਨ ਕਾਰਨ ਰੰਧਾਵਾ ਪਰਿਵਾਰ ਨੂੰ ਲੰਮੇ ਸਮੇਂ ਤੋਂ ਧਮਕੀਆਂ ਮਿਲਦੀਆਂ ਰਹੀਆਂ ਹਨ। ਇਨ੍ਹਾਂ ਗੰਭੀਰ ਵਿਸ਼ਿਆਂ ਨੂੰ ਲੈ ਕੇ ਹੀ ਅੱਜ (ਸ਼ੁੱਕਰਵਾਰ) ਨੂੰ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਇਸ ਮੁੱਦੇ ’ਤੇ ਚੱਲ ਰਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹੀ ਵਿਰਾਸਤ ਅੱਜ ਵੀ ਉਨ੍ਹਾਂ ਦੇ ਜਨਤਕ ਜੀਵਨ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਵਿਸ਼ੇ ’ਤੇ ਬੇਲੋੜੀ ਸਿਆਸੀ ਬਿਆਨਬਾਜ਼ੀ ਕਰਨਾ ਨਾ ਤਾਂ ਪੰਜਾਬ ਦੇ ਹਿੱਤ ’ਚ ਹੈ ਅਤੇ ਨਾ ਹੀ ਦੇਸ਼ ਦੇ ਹਿੱਤ ’ਚ ਹੈ। ਰਾਸ਼ਟਰਹਿੱਤ ਪਾਰਟੀ ਆਧਾਰਤ ਮਿਆਰ ਤੋਂ ਹਮੇਸ਼ਾ ਵੱਡਾ ਹੁੰਦਾ ਹੈ ਅਤੇ ਇਸ ਦਾ ਗਲਤ ਪ੍ਰਚਾਰ ਕਰਨਾ ਮੰਦਭਾਗਾ ਅਤੇ ਅਨੁਚਿਤ ਹੈ। ਰੰਧਾਵਾ ਨੇ ਦੋਹਾਂ ਨੇਤਾਵਾਂ ਦੇ ਬਿਆਨਾਂ ਨੂੰ ਆਪਣੇ ਐਕਸ ਅਕਾਊਂਟ ’ਤੇ ਮੁੜ ਪੋਸਟ ਵੀ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਏ.ਟੀ.ਐੱਸ. ਵਲੋਂ ਜੈਸ਼-ਏ-ਮੁਹੰਮਦ ਦੇ ਅੱਠ ਮੈਂਬਰ ਗ੍ਰਿਫ਼ਤਾਰ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਧੜੇ ਦੀ ‘ਬਗ਼ਾਵਤ’ ਕਾਂਗਰਸ ਨੂੰ ਪੈ ਸਕਦੀ ਹੈ ‘ਭਾਰੀ’
Ad Position 24
No active advertisement