* ਮੁੱਕੇਬਾਜ਼ ਕੁੜੀਆਂ ਤੇ ਮੁੰਡੇ ਛਾਏ, ਪਹਿਲੀ ਵਾਰ 7 ਸੋਨ ਤਗਮੇ ਕੀਤੇ ਨਾਂਅ , 3 ਨੇ ਜਿੱਤੀ ਚਾਂਦੀ * ਪੈਰਾ-ਐਥਲੀਟ ਸੋਮਨ ਨੇ ਵੀ ਦਿਵਾਇਆ ਸੋਨ ਤਗਮਾ ਗਲਾਸਗੋ, 1 ਅਗਸਤ (ਹਰਜੀਤ ਸਿੰਘ ਦੁਸਾਂਝ)- ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਭਾਰਤੀ ਖਿਡਾਰੀਆਂ ਨੇ ਮੁੱਕੇਬਾਜ਼ੀ, ਪੈਰਾ-ਐਥਲੈਟਿਕਸ ਤੇ ਐਥਲੈਟਿਕਸ ’ਚ ਦਮਦਾਰ ਖੇਡ ਦਿਖਾਉਂਦੇ ਹੋਏ 8 ਸੋਨ, 5 ਚਾਂਦੀ ਤੇ 3 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਪਹਿਲੀ ਵਾਰ 7 ਸੋਨ ਤਗਮੇ ਹਾਸਲ ਕੀਤੇ। ਭਾਰਤ ਦੀਆਂ ਮੁੱਕੇਬਾਜ਼ਾਂ ਜੈਸਮੀਨ ਲੰਬੋਰੀਆ, ਪ੍ਰੀਤੀ ਪਵਾਰ, ਸਾਕਸ਼ੀ ਚੌਧਰੀ, ਪ੍ਰਿਆ ਘਨਘਸ ਤੇ ਅਰੁੰਧਤੀ ਚੌਧਰੀ ਨੇ ਇਤਿਹਾਸ ਰਚਦੇ ਹੋਏ ਮੁੱਕੇਬਾਜ਼ੀ ’ਚ ਸੋਨ ਤਗਮੇ ਆਪਣੇ ਨਾਂਅ ਕੀਤੇ। ਪੁਰਸ਼ਾਂ ’ਚ ਸਚਿਨ ਸਿਵਾਚ ਤੇ ਅੰਕੁਸ਼ ਪੰਘਾਲ ਨੇ ਸੋਨ ਤਗਮਾ ਜਦਕਿ ਲਵਲੀਨਾ ਬੋਰਗੋਹੇਨ ਤੇ ਪੁਰਸ਼ਾਂ ’ਚ ਜਾਦੂਮਣੀ ਸਿੰਘ ਨੇ ਚਾਂਦੀ ਦੇ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਪੈਰਾ-ਐਥਲੈਟਿਕਸ ’ਚ ਸੋਮਨ ਰਾਣਾ ਨੇ ਸੋਨ ਤੇ ਸ਼ੁਭਮ ਜੁਆਲ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਦੌਰਾਨ ਨੇਜ਼ੇਬਾਜ਼ੀ ’ਚ ਨੀਰਜ ਚੋਪੜਾ ਨੇ ਚਾਂਦੀ ਅਤੇ ਯਸ਼ਵੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਏ। ਪ੍ਰਵੀਨ ਚਿੱਤਰਾਵੇਲ ਤੇ ਸੇਲਵਾ ਪ੍ਰਭੂ ਤਿਰੂਮਰਨ ਨੇ ਟ੍ਰਿਪਲ ਜੰਪ ਈਵੈਂਟ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ। ਅੱਜ ਦੇ ਦਿਨ ਦੀ ਸ਼ੁਰੂਆਤ ’ਚ ਭਾਰਤੀ ਮੁੱਕੇਬਾਜ਼ ਜੈਸਮੀਨ ਲੰਬੋਰੀਆ ਤੇ ਪ੍ਰੀਤੀ ਪਵਾਰ ਨੇ ਰਾਸ਼ਟਰਮੰਡਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੇ 57 ਕਿਲੋਗ੍ਰਾਮ ਤੇ 54 ਕਿਲੋਗ੍ਰਾਮ ਵਰਗਾਂ ’ਚ ਫਾਈਨਲ ਜਿੱਤ ਕੇ ਸੋਨ ਤਗਮੇ ਆਪਣੇ ਨਾਂਅ ਕੀਤੇ। ਪ੍ਰੀਤੀ ਨੇ ਔਰਤਾਂ ਦੇ 54 ਕਿਲੋਗ੍ਰਾਮ ਫਾਈਨਲ ’ਚ ਕੈਨੇਡਾ ਦੀ ਸਕਾਰਲੇਟ ਡੇਲਗਾਡੋ ਨੂੰ ਇਕਪਾਸੜ 5-0 ਮੁਕਾਬਲੇ ’ਚ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ, ਜੈਸਮੀਨ ਨੇ ਉੱਤਰੀ ਆਇਰਲੈਂਡ ਦੀ ਮੌਜੂਦਾ ਚੈਂਪੀਅਨ ਮਾਈਕੇਲਾ ਵਾਲਸ਼ ਨੂੰ ਵੀ ਉਸੇ 5-0 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਹਾਸਿਲ ਕੀਤਾ। ਪ੍ਰੀਤੀ ਪਵਾਰ ਨੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ ਹੈ।
ਉਸ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ ਤੇ ਸਕਾਰਲੇਟ ਸਵਾਨਾ ਡੇਲਗਾਡੋ ਦੇ ਖ਼ਿਲਾਫ਼ ਮਹਿਲਾ 54 ਕਿਲੋਗ੍ਰਾਮ ਫਾਈਨਲ ਦੇ ਪਹਿਲੇ ਦੌਰ ਵਿੱਚ ਸਰਬਸੰਮਤੀ ਨਾਲ 5-0 ਦੇ ਫ਼ੈਸਲੇ ਨਾਲ ਜਿੱਤ ਪ੍ਰਾਪਤ ਕੀਤੀ। ਸਾਰੇ ਪੰਜ ਜੱਜਾਂ ਨੇ ਉਸ ਨੂੰ 10-9 ਦਾ ਇੱਕੋ ਜਿਹਾ ਸਕੋਰ ਦਿੱਤਾ। ਪਹਿਲੇ ਦੌਰ ਵਾਂਗ ਦੂਜਾ ਦੌਰ ਵੀ ਪ੍ਰੀਤ ਦੇ ਹੱਕ ਵਿੱਚ ਗਿਆ। ਇਸ ਤੋਂ ਇਲਾਵਾ, ਡੇਲਗਾਡੋ ਨੂੰ ਪੈਨਲਟੀ ਪੁਆਇੰਟ ਦਿੱਤਾ ਗਿਆ, ਜਿਸ ਨਾਲ ਸਕੋਰ ਭਾਰਤੀ ਦੇ ਹੱਕ ਵਿੱਚ ਹੋਰ ਝੁਕ ਗਿਆ। ਸਾਰੇ ਪੰਜ ਜੱਜਾਂ ਨੇ 20-18 ਦਾ ਇੱਕੋ ਜਿਹਾ ਸਕੋਰ ਦਿੱਤਾ। ਜੈਸਮੀਨ ਲੰਬੋਰੀਆ ਨੇ ਔਰਤਾਂ ਦੇ 57 ਕਿਲੋਗ੍ਰਾਮ ਫਾਈਨਲ ’ਚ ਉੱਤਰੀ ਆਇਰਲੈਂਡ ਦੀ ਮਾਈਕੇਲਾ ਵਾਲਸ਼ ਨੂੰ 5-0 ਨਾਲ ਹਰਾ ਕੇ ਖਿਤਾਬ ਜਿੱਤਿਆ। ਜੈਸਮੀਨ ਨੇ ਪਹਿਲਾਂ 2022 ਰਾਸ਼ਟਰਮੰਡਲ ਖੇਡਾਂ ਵਿਚ ਲਾਈਟਵੇਟ ਵਰਗ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਇਹ ਉਸ ਦਾ ਰਾਸ਼ਟਰਮੰਡਲ ਖੇਡਾਂ ਦਾ ਦੂਜਾ ਤਗਮਾ ਹੈ।
ਸਾਕਸ਼ੀ, ਪ੍ਰਿਆ ਤੇ ਅਰੁੰਧਤੀ ਵੀ ਬਣੀਆਂ ਚੈਂਪੀਅਨ
ਮੁੱਕੇਬਾਜ਼ ਸਾਕਸ਼ੀ ਚੌਧਰੀ, ਪ੍ਰਿਆ ਘਨਘਸ ਤੇ ਅਰੁੰਧਤੀ ਚੌਧਰੀ ਨੇ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਭਾਰਤ ਦੀ ਮੁੱਕੇਬਾਜ਼ੀ ਮੁਹਿੰਮ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਦਿੱਤਾ। ਸਭ ਤੋਂ ਪਹਿਲਾਂ ਮਹਿਲਾ 51 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਸਾਕਸ਼ੀ ਚੌਧਰੀ ਨੇ ਇੰਗਲੈਂਡ ਦੀ ਰੂਬੀ ਵ੍ਹਾਈਟ ਨੂੰ ਇਕਤਰਫ਼ਾ ਮੁਕਾਬਲੇ ’ਚ 5-0 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ। ਸਾਕਸ਼ੀ ਨੇ ਸ਼ੁਰੂ ਤੋਂ ਹੀ ਹਮਲਾਵਰ ਅੰਦਾਜ਼ ਅਪਣਾਇਆ ਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਇਹ ਭਾਰਤੀ ਮਹਿਲਾ ਮੁੱਕੇਬਾਜ਼ਾਂ ਵੱਲੋਂ ਜਿੱਤਿਆ ਗਿਆ ਤੀਜਾ ਸੋਨ ਤਗਮਾ ਸੀ। ਸਾਕਸ਼ੀ ਦੀ ਜਿੱਤ ਤੋਂ ਤੁਰੰਤ ਬਾਅਦ ਮਹਿਲਾ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਪ੍ਰਿਆ ਘਨਘਸ ਨੇ ਵੀ ਕੈਨੇਡਾ ਦੀ ਮੈਰੀ-ਬਾਥੂਲ ਅਲ-ਅਹਮਦੀਏਹ ਨੂੰ 4-1 ਦੇ ਫ਼ੈਸਲੇ ਨਾਲ ਹਰਾਕੇ ਸੋਨ ਤਗਮਾ ਜਿੱਤ ਲਿਆ। ਸ਼ੁਰੂਆਤੀ ਰਾਊਂਡ ’ਚ ਸਖ਼ਤ ਟੱਕਰ ਮਿਲਣ ਦੇ ਬਾਵਜੂਦ ਪ੍ਰਿਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਆਪਣੇ ਨਾਮ ਕੀਤੀ। ਸਾਕਸ਼ੀ ਅਤੇ ਪ੍ਰਿਆ ਦੇ ਫਾਈਨਲ ਮੁਕਾਬਲੇ ਲਗਾਤਾਰ ਹੋਏ ਤੇ ਦੋਵਾਂ ਨੇ ਸੋਨਾ ਜਿੱਤ ਕੇ ਭਾਰਤ ਨੂੰ ਦੋਹਰੀ ਖੁਸ਼ੀ ਦਿੱਤੀ। ਇਹ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਚੌਥਾ ਸੋਨ ਤਗਮਾ ਰਿਹਾ। ਇਸ ਤੋਂ ਬਾਅਦ ਮਹਿਲਾ 70 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਅਰੁੰਧਤੀ ਚੌਧਰੀ ਨੇ ਵੀ ਆਪਣਾ ਦਬਦਬਾ ਕਾਇਮ ਰੱਖਦਿਆਂ ਇੰਗਲੈਂਡ ਦੀ ਸ਼ੈਂਟੇਲ ਰੀਡ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ। ਹਾਲਾਂਕਿ ਅਰੁੰਧਤੀ ਦੀ ਸ਼ੁਰੂਆਤ ਕੁਝ ਹੌਲੀ ਰਹੀ, ਪਰ ਉਸਨੇ ਬਾਅਦ ’ਚ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲੇ ’ਤੇ ਪੂਰਾ ਕਬਜ਼ਾ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ।
ਸਚਿਨ ਨੇ ਨਾਮੀਬੀਆ ਦੇ ਮੁੱਕੇਬਾਜ਼ ਨੂੰ ਹਰਾਇਆ
ਸਚਿਨ ਸਿਵਾਚ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਨਾਮੀਬੀਆ ਦੇ ਮੁੱਕੇਬਾਜ਼ ਟ੍ਰਾਈਜੇਨ ਮੌਰਨਿੰਗ ਨਦਾਵੇਲੋ ਨੂੰ 3-2 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਰੈਫਰੀ ਨੇ ਦੂਜੇ ਦੌਰ ਵ’ਚ ਸਚਿਨ ਨੂੰ ਇਕ ਅੰਕ ਜੁਰਮਾਨਾ ਕੀਤਾ, ਜਿਸ ਨਾਲ ਉਸ ਲਈ ਅੰਤਿਮ ਦੌਰ 4-1 ਨਾਲ ਜਿੱਤਣਾ ਜ਼ਰੂਰੀ ਹੋ ਗਿਆ। ਅੰਤਿਮ ਦੌਰ ਵੀ ਬਰਾਬਰ ਰਿਹਾ, ਪਰ ਸਚਿਨ ਨੇ ਆਖਰੀ ਪਲਾਂ ’ਚ ਇਕ ਸ਼ਕਤੀਸ਼ਾਲੀ ਮੁੱਕਾ ਮਾਰਿਆ, ਜਿਸ ਕਾਰਨ ਨਦਾਵੇਲੋ ਠੋਕਰ ਖਾ ਗਿਆ। ਇਸ ਮੁੱਕੇ ਨੇ ਸਚਿਨ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ।
ਚੁਣੌਤੀਪੂਰਨ ਮੁਕਾਬਲੇ ’ਚ ਜਿੱਤੇ ਅੰਕੁਸ਼ ਪੰਘਾਲ
ਪੁਰਸ਼ਾਂ ਦੇ 80 ਕਿਲੋਗ੍ਰਾਮ ਫਾਈਨਲ ’ਚ ਭਾਰਤ ਦੇ ਅੰਕੁਸ਼ ਪੰਘਾਲ ਨੇ ਇੰਗਲੈਂਡ ਦੇ ਡੇਮੇਜੀ ਸ਼ਿੱਟੂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਹ ਮੁਕਾਬਲਾ ਅੰਕੁਸ਼ ਲਈ ਇਕ ਚੁਣੌਤੀਪੂਰਨ ਮਾਮਲੇ ਵਜੋਂ ਸ਼ੁਰੂ ਹੋਇਆ; ਪਹਿਲੇ ਦੌਰ ਵਿੱਚ ਸਟੈਂਡਿੰਗ ਕਾਊਂਟ ਪ੍ਰਾਪਤ ਕਰਨ ਤੋਂ ਬਾਅਦ, ਉਹ ਪੰਜ ਜੱਜਾਂ ਦੇ ਸਕੋਰਕਾਰਡਾਂ ‘ਤੇ 9-10 ਨਾਲ ਪਿੱਛੇ ਸੀ। ਹਾਲਾਂਕਿ, ਉਸਨੇ ਮੈਚ ਦਾ ਰੁਖ਼ ਬਦਲਣ ਲਈ ਇਕ ਸ਼ਾਨਦਾਰ ਵਾਪਸੀ ਕੀਤੀ ਤੇ ਸੋਨ ਤਗਮਾ ਆਪਣੇ ਨਾਂਅ ਕੀਤਾ।
ਤਿੰਨ ਮੁੱਕੇਬਾਜ਼ਾਂ ਨੇ ਜਿੱਤੀ ਚਾਂਦੀ
ਦਿਨ ਦੇ ਤੀਜੇ ਭਾਰਤੀ ਮੁੱਕੇਬਾਜ਼ੀ ਮੁਕਾਬਲੇ ’ਚ, ਜਾਦੂਮਣੀ ਸਿੰਘ ਆਸਟ੍ਰੇਲੀਆ ਦੇ ਜੈ ਡਿਕਸਨ ਤੋਂ ਸਖ਼ਤ ਮੁਕਾਬਲੇ ਤੋਂ ਬਾਅਦ 0-5 ਨਾਲ ਹਾਰ ਗਿਆ ਤੇ ਉਸਨੂੰ ਚਾਂਦੀ ਦਾ ਤਗਮਾ ਦਿੱਤਾ ਗਿਆ। ਸ਼ੁਰੂ ’ਚ ਲੰਬੇ ਆਸਟ੍ਰੇਲੀਆਈ ਵਿਰੋਧੀ ਦੇ ਖਿਲਾਫ ਸੰਘਰਸ਼ ਕਰਨ ਤੋਂ ਬਾਅਦ, ਜਾਦੂਮਣੀ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਪਹਿਲਾ ਦੌਰ 3-2 ਨਾਲ ਜਿੱਤਿਆ। ਹਾਲਾਂਕਿ, ਡਿਕਸਨ ਨੇ ਦੂਜੇ ਦੌਰ ’ਚ ਜ਼ੋਰਦਾਰ ਵਾਪਸੀ ਕੀਤੀ ਤੇ ਸਾਰੇ ਜੱਜਾਂ ਦੇ ਸਰਬਸੰਮਤੀ ਨਾਲ ਫੈਸਲੇ ਨਾਲ 5-0 ਨਾਲ ਜਿੱਤ ਪ੍ਰਾਪਤ ਕੀਤੀ। ਆਸਟ੍ਰੇਲੀਆਈ ਮੁੱਕੇਬਾਜ਼ ਨੇ ਇਸ ਲੀਡ ਨੂੰ ਬਰਕਰਾਰ ਰੱਖਿਆ ਤੇ ਮੈਚ ਜਿੱਤ ਲਿਆ, ਭਾਰਤ ਦੀ ਸੁਨਹਿਰੀ ਲੜੀ ਨੂੰ ਖ਼ਤਮ ਕਰ ਦਿੱਤਾ।
ਨਰਿੰਦਰ ਨੇ ਪੁਰਸ਼ਾਂ ਦੇ 90+ ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ। ਨਰਿੰਦਰ ਨੂੰ ਪੁਰਸ਼ਾਂ ਦੇ 90+ ਕਿਲੋਗ੍ਰਾਮ ਮੁਕਾਬਲੇ ’ਚ ਸਰਬਸੰਮਤੀ ਨਾਲ ਹੋਏ ਫੈਸਲੇ ’ਚ ਇੰਗਲੈਂਡ ਦੇ ਦਮਾਰ ਥਾਮਸ ਨੇ 5-0 ਨਾਲ ਹਰਾਇਆ।
ਲਵਲੀਨਾ ਬੋਰਗੋਹੇਨ ਨੇ ਔਰਤਾਂ ਦੇ 75 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ। ਫਾਈਨਲ ’ਚ ਲਵਲੀਨਾ ਦਾ ਸਾਹਮਣਾ ਆਸਟ੍ਰੇਲੀਆ ਦੀ ਐਮਾ ਸੂ ਗ੍ਰੀਨਟਰੀ ਨਾਲ ਹੋਇਆ। ਉਸ ਨੇ ਵੰਡੇ ਫੈਸਲੇ ’ਚ ਲਵਲੀਨਾ ਨੂੰ 4-1 ਨਾਲ ਹਰਾਇਆ। ਮੈਚ ਬਹੁਤ ਹੀ ਰੋਮਾਂਚਕ ਸੀ। ਦੋਵਾਂ ਖਿਡਾਰੀਆਂ ਨੇ ਇਕ-ਇਕ ਰਾਊਂਡ ਜਿੱਤਿਆ ਅਤੇ ਤੀਜੇ ਰਾਊਂਡ ਵਿਚ ਇਕ ਦੂਜੇ ’ਤੇ ਜਵਾਬੀ ਹਮਲਾ ਕੀਤਾ। ਹਾਲਾਂਕਿ, ਨਤੀਜਾ ਅੰਤ ’ਚ ਐਮਾ ਦੇ ਹੱਕ ਵਿਚ ਗਿਆ, ਅਤੇ ਲਵਲੀਨਾ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਰਾਸ਼ਟਰਮੰਡਲ ਖੇਡਾਂ 2026 : ਭਾਰਤ ਨੇ ਇਕੋ ਦਿਨ 8 ਸੋਨ ਤਗਮੇ ਜਿੱਤੇ
* ਮੁੱਕੇਬਾਜ਼ ਕੁੜੀਆਂ ਤੇ ਮੁੰਡੇ ਛਾਏ, ਪਹਿਲੀ ਵਾਰ 7 ਸੋਨ ਤਗਮੇ ਕੀਤੇ ਨਾਂਅ , 3 ਨੇ ਜਿੱਤੀ ਚਾਂਦੀ * ਪੈਰਾ-ਐਥਲੀਟ ਸੋਮਨ ਨੇ ਵੀ ਦਿਵਾਇਆ ਸੋਨ ਤਗਮਾ ਗਲਾਸਗੋ, 1 ਅਗਸਤ (ਹਰਜੀਤ ਸਿੰਘ ਦੁਸਾਂਝ)- ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਭਾਰਤੀ ਖਿਡਾਰੀਆਂ ਨੇ ਮੁੱਕੇਬਾਜ਼ੀ, ਪੈਰਾ-ਐਥਲੈਟਿਕਸ ਤੇ ਐਥਲੈਟਿਕਸ ’ਚ ਦਮਦਾਰ ਖੇਡ ਦਿਖਾਉਂਦੇ ਹੋਏ 8 ਸੋਨ, 5 ਚਾਂਦੀ ਤੇ 3 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ।
(1) ਮੁੱਕੇਬਾਜ਼ ਜੈਸਮੀਨ ਲੰਬੋਰੀਆ, (2) ਪ੍ਰੀਤੀ ਪਵਾਰ, (3) ਪ੍ਰਿਆ ਘਨਘਸ, (4) ਸਾਕਸ਼ੀ ਚੌਧਰੀ, (5) ਅਰੁੰਧਤੀ ਚੌਧਰੀ (6) ਸਚਿਨ ਸਿਵਾਚ (7) ਅੰਕੁਸ਼ ਪੰਘਾਲ ਅਤੇ (8) ਪੈਰਾ ਐਥਲੀਟ ਸੋਮਨ ਰਾਣਾ ਆਪਣੇ ਸੋਨ ਤਗਮਿਆਂ ਨਾਲ ।
02-08-2026