ਬਗਾਵਤੀ ਤੇਵਰ ਦੇਖ ਹਾਈਕਮਾਨ ਨੇ ਚੰਨੀ ਨਾਲ ਸਾਧਿਆ ਸੰਪਰਕ
ਅਜੀਤ ਡੈਸਕ
05-07-2026
* ਰਾਜਾ ਵੜਿੰਗ ਵਲੋਂ ਵੀ ਸੀਨੀਅਰ ਟਕਸਾਲੀ ਕਾਂਗਰਸੀਆਂ ਨਾਲ ਬਣਾਇਆ ਜਾ ਰਿਹੈ ਰਾਬਤਾ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 4 ਜੁਲਾਈ-ਪੰਜਾਬ ’ਚ ਨਵੀਂ ਟੀਮ ਦੇ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵਲੋਂ ਦਿਖਾਏ ਬਗਾਵਤੀ ਤੇਵਰਾਂ ਤੋਂ ਬਾਅਦ ਕਾਂਗਰਸ ਹਾਈਕਮਾਨ ਵੀ ਸਰਗਰਮ ਹੋ ਗਈ ਦੱਸੀ ਜਾ ਰਹੀ ਹੈ। ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਕਾਂਗਰਸ ਦੇ ਉੱਚ ਪੱਧਰੀ ਸੂਤਰ ਇਹ ਵੀ ਦੱਸਦੇ ਹਨ ਕਿ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਸੁਨੇਹਾ ਲਾਇਆ ਹੈ ਕਿ ਰਾਹੁਲ ਗਾਂਧੀ ਦੀ ਵਿਦੇਸ਼ ਵਾਪਸੀ ਤੋਂ ਤੁਰੰਤ ਬਾਅਦ ਹੀ ਇਸ ਮਸਲੇ ’ਤੇ ਗੰਭੀਰਤਾ ਨਾਲ ਗੱਲਬਾਤ ਕਰਨ ਲਈ ਮੀਟਿੰਗ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦਰਬਾਰ ’ਚ ਬੈਠੇ ਹਾਈਕਮਾਨ ਦੇ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਇਸ ਮਾਮਲੇ ਸੰਬੰਧੀ ਸਾਰੀ ਜਾਣਕਾਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਹਾਈਕਮਾਨ ਨੇ ਫ਼ਿਲਹਾਲ ਪੰਜਾਬ ਵਿਚਲੀ ਲੀਡਰਸ਼ਿਪ ਨੂੰ ਹਦਾਇਤ ਦਿੱਤੀ ਹੈ ਕਿ ਇਸ ਮਸਲੇ ਵਿਚ ਜਿੰਨਾ ਹੋ ਸਕੇ ਮੀਡੀਆ ’ਚ ਬਿਆਨਬਾਜ਼ੀ ਨਾ ਕੀਤੀ ਜਾਵੇ ਤੇ ਅਜਿਹਾ ਕੋਈ ਬਿਆਨ ਨਾ ਦਿੱਤਾ ਜਾਵੇ, ਜਿਸ ਨਾਲ ਧੜੇਬੰਦੀ ਨੂੰ ਹੋਰ ਹਵਾ ਮਿਲੇ। ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਾਈਕਮਾਨ ਦੀ ਚਰਨਜੀਤ ਸਿੰਘ ਚੰਨੀ ਨਾਲ ਅਜੇ ਤੱਕ ਸਿੱਧੀ ਕੋਈ ਰਸਮੀ ਗੱਲਬਾਤ ਨਹੀਂ ਹੋਈ। ਉਨ੍ਹਾਂ ਮੁਤਾਬਿਕ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਤੋਂ ਵਾਪਸ ਆਉਣ ਮਗਰੋਂ ਹੀ ਇਸ ਮਾਮਲੇ ’ਤੇ ਕੋਈ ਅਹਿਮ ਚਰਚਾ ਹੋਣ ਦੀ ਸੰਭਾਵਨਾ ਹੈ। ਉਧਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਿੱਥੇ ਬੜੀ ਹਲੀਮੀ ਨਾਲ ਸਾਰੀ ਲੀਡਰਸ਼ਿਪ ਦੇ ਇਕ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਉਨ੍ਹਾਂ ਵਲੋਂ ਪੁਰਾਣੇ ਸੀਨੀਅਰ ਟਕਸਾਲੀ ਆਗੂਆਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਰਾਜਾ ਵੜਿੰਗ ਵਲੋਂ ਇਕ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਨਾਲ ਮੁਲਾਕਾਤ ਕਰਕੇ ਮੌਜੂਦਾ ਹਾਲਾਤ ਨੂੰ ਲੈ ਕੇ ਜਿੱਥੇ ਚਰਚਾ ਕੀਤੀ ਗਈ, ਉੱਥੇ ਹੀ ਕਾਂਗਰਸ ਦੀ ਏਕਤਾ ਲਈ ਉਸ ਆਗੂ ਦਾ ਸਹਿਯੋਗ ਮੰਗਿਆ ਗਿਆ। ਸੂਤਰਾਂ ਅਨੁਸਾਰ ਉਕਤ ਸੀਨੀਅਰ ਟਕਸਾਲੀ ਆਗੂ ਨੇ ਵੀ ਰਾਜਾ ਵੜਿੰਗ ਨੂੰ ਪਾਰਟੀ ਲੀਡਰਸ਼ਿਪ ਨੂੰ ਇਕ ਮੰਚ ’ਤੇ ਇਕੱਠੇ ਕਰਨ ਤੇ ਏਕਤਾ ਨਾਲ ਅੱਗੇ ਵਧਣ ਲਈ ਕਿਹਾ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਚਾਹੇ ਚੰਨੀ ਧੜੇ ਦੇ ਆਗੂ ਹੋਣ ਜਾਂ ਕੋਈ ਹੋਰ ਸਾਰਿਆਂ ਵਲੋਂ ਹੀ ਚੁੱਪ ਧਾਰੀ ਹੋਈ ਹੈ, ਕੋਈ ਵੀ ਆਗੂ ਇਸ ਮਸਲੇ ’ਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ। ਉਧਰ ਅੱਜ ਇਸ ਮਸਲੇ ’ਤੇ ਸੀਨੀਅਰ ਕਾਂਗਰਸ ਨੇਤਾ ਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਰੇ ਸਾਂਝੇ ਤੌਰ ’ਤੇ ਇਹੀ ਚਾਹੁੰਦੇ ਹਨ ਕਿ ਪੰਜਾਬ ’ਚ ਇਕਜੁੱਟਤਾ ਨਾਲ ਅੱਗੇ ਵਧ ਕੇ ਸਰਕਾਰ ਬਣਾਈ ਜਾਵੇ। ਬੀਤੇ ਕੱਲ੍ਹ ਹੋਈ ਮੀਟਿੰਗ ਬਾਰੇ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਹਾਈਕਮਾਨ ਨਾਲ ਕਿਵੇਂ ਤੇ ਕਦੋਂ ਗੱਲ ਹੋਵੇਗੀ ਇਹ ਚੰਨੀ ਤੈਅ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਤੇ ਵਰਕਰਾਂ ’ਚ ਨਵੀਂ ਸੂਚੀ ਨੂੰ ਲੈ ਕੇ ਮਾਯੂਸੀ ਜ਼ਰੂਰ ਹੈ, ਪਰ ਰਾਹੁਲ ਗਾਂਧੀ ਤੇ ਕਾਂਗਰਸ ਹਾਈਕਮਾਨ ਸਭ ਦੇ ਸਾਂਝੇ ਹਨ ਤੇ ਉਨ੍ਹਾਂ ਅੱਗੇ ਸਾਰੀ ਗੱਲ ਰੱਖੀ ਜਾਵੇਗੀ, ਜਿਸ ਮਗਰੋਂ ਉਮੀਦ ਕਰਦੇ ਹਨ ਕਿ ਮਾਮਲੇ ਦਾ ਜਲਦੀ ਹੱਲ ਹੋ ਜਾਵੇਗਾ। ਚੰਨੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਨਵੀਂ ਪਾਰਟੀ ਬਣਾਉਣ ਦੀ ਗੱਲ ਬਾਰੇ ਕੋਈ ਚਰਚਾ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਬਾਰੇ ਕੋਈ ਗੱਲ ਹੋਈ ਹੋਵੇ ਮੇਰੇ ਧਿਆਨ ’ਚ ਨਹੀਂ, ਨਾ ਹੀ ਕਿਸੇ ਦੇ ਅਸਤੀਫ਼ੇ ਦੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਕੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ ਤੇ ਅਸੀਂ ਵੀ ਇਸੇ ਗੱਲ ਦੀ ਖਵਾਹਿਸ਼ ਰੱਖ ਕੇ ਅੱਗੇ ਵਧ ਰਹੇ ਹਾਂ।