ਅੰਮ੍ਰਿਤਸਰ, 4 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਲੰਘੀ ਸ਼ਾਮ ਨੂੰ ਬਲੋਚਿਸਤਾਨ ਦੇ ਗਵਾਦਰ ਵਿਖੇ ਜੀਵਾਨੀ ਦੇ ਪਨਵਾਨ ਖੇਤਰ ‘ਚ ਪਾਕਿਸਤਾਨ ਕੋਸਟ ਗਾਰਡ ਕੈਂਪ ‘ਤੇ ਜ਼ਬਰਦਸਤ ਹਮਲਾ ਕੀਤਾ। ਇਸ ਧਮਾਕੇ ‘ਚ 30 ਤੋਂ ਵੱਧ ਪਾਕਿਸਤਾਨੀ ਕਰਮਚਾਰੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਬੀ.ਐੱਲ.ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਕਿਹਾ ਕਿ ਸਮੂਹ ਦੇ ਮਜ਼ੀਦ ਬ੍ਰਿਗੇਡ ਦੇ ਮੈਂਬਰ ਅਤਾਉੱਲਾ ਬਲੋਚ ਉਰਫ਼ ਅਜਮਲ ਨੇ ਸ਼ਾਮ 6:32 ਵਜੇ ਕੈਂਪ ਵਿਚ ਵਿਸਫੋਟਕਾਂ ਨਾਲ ਭਰੀ ਮਾਜ਼ਦਾ ਗੱਡੀ ਲਿਜਾ ਕੇ ਧਮਾਕਾ ਕਰ ਦਿੱਤਾ। ਇਸ ਸ਼ਕਤੀਸ਼ਾਲੀ ਧਮਾਕੇ ਦੇ ਨਤੀਜੇ ਵਜੋਂ ਕੋਸਟ ਗਾਰਡਜ਼ ਦਾ ਕਿਲ੍ਹਾਬੰਦ ਬਸਤੀਵਾਦੀ ਕੈਂਪ ਮਲਬੇ ਦੇ ਢੇਰ ‘ਚ ਬਦਲ ਗਿਆ। ਬੀ. ਐੱਲ. ਏ. ਦੇ ਮੀਡੀਆ ਚੈਨਲ ਹੱਕਲ ਨੇ ਇਸ ਧਮਾਕੇ ਦੀ 43 ਸਕਿੰਟ ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ‘ਚ ਇਕ ਟਰੱਕ ਸ਼ਕਤੀਸ਼ਾਲੀ ਧਮਾਕੇ ਤੋਂ ਕੁਝ ਪਲ ਪਹਿਲਾਂ ਕੈਂਪ ਦੇ ਕੰਪਲੈਕਸ ‘ਚ ਦਾਖ਼ਲ ਹੁੰਦਾ ਵਿਖਾਈ ਦੇ ਰਿਹਾ ਹੈ। ਬੀ.ਐੱਲ.ਏ. ਨੇ ਕਿਹਾ ਕਿ ਧਮਾਕੇ ਤੋਂ ਬਾਅਦ ਉਸ ਦੇ ਵੈਨਗਾਰਡ ਯੂਨਿਟ ਫਤਹਿ ਸਕੂਐਡ ਦੇ ਲੜਾਕੇ ਕਈ ਦਿਸ਼ਾਵਾਂ ਤੋਂ ਨੁਕਸਾਨੇ ਗਏ ਕੈਂਪ ‘ਚ ਤੇਜ਼ੀ ਨਾਲ ਅੱਗੇ ਵਧੇ ਅਤੇ ਧਮਾਕੇ ਤੋਂ ਬਚੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਕਾਰਵਾਈ ਦੌਰਾਨ ਮਾਰੇ ਗਏ ਕਰਮਚਾਰੀਆਂ ਦੀ ਕੁੱਲ ਗਿਣਤੀ 30 ਤੋਂ ਵੱਧ ਹੋ ਗਈ। ਦਰਜਨਾਂ ਹੋਰ ਗੰਭੀਰ ਜ਼ਖ਼ਮੀ ਹੋਏ ਹਨ, ਜਦੋਂ ਕਿ ਕੁੱਝ ਮਲਬੇ ਹੇਠ ਫਸੇ ਹੋਏ ਹਨ। ਬਿਆਨ ‘ਚ ਅੱਗੇ ਕਿਹਾ ਗਿਆ ਕਿ ਬੀ.ਐੱਲ.ਏ. ਦੇ ਪਾਕਿਸਤਾਨੀ ਫ਼ੌਜਾਂ ਵਿਰੁੱਧ ਹਮਲੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਬਲੋਚਿਸਤਾਨ ਨੂੰ ਪੂਰੀ ਤਰ੍ਹਾਂ ਨਾਲ ਆਜ਼ਾਦੀ ਨਹੀਂ ਮਿਲ ਜਾਂਦੀ।
ਬਲੋਚ ਲਿਬਰੇਸ਼ਨ ਆਰਮੀ ਵਲੋਂ ਗਵਾਦਰ ’ਚ ਪਾਕਿਸਤਾਨੀ ਕੈਂਪ ’ਤੇ ਹਮਲਾ-30 ਤੋਂ ਵੱਧ ਮੌਤਾਂ
ਅਜੀਤ ਡੈਸਕ
05-07-2026