ਨਵੀਂ ਦਿੱਲੀ, 4 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟੇ੍ਰਲੀਆ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਆਸਟ੍ਰੇਲਿਆਈ ਫੈਡਰਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਧਮਕੀ ਫੇਸਬੁੱਕ ’ਤੇ ‘ਮੈਲਬੌਰਨ ਮੀਟਸ ਮੋਦੀ’ ਪ੍ਰੋਗਰਾਮ ਦੇ ਪ੍ਰਚਾਰ ਨਾਲ ਸੰਬੰਧਿਤ ਇੱਕ ਪੋਸਟ ਦੇ ਹੇਠਾਂ ਦਿੱਤੀ ਗਈ ਸੀ । ਰਿਪੋਰਟ ਅਨੁਸਾਰ ਅਬੂ ਮੁਸਤਫਾ ਨਾਂਅ ਦੇ ਇੱਕ ਫੇਸਬੁੱਕ ਖਾਤੇ ਤੋਂ ਟਿੱਪਣੀ ਕਰਦੇ ਹੋਏ ਲਿਖਿਆ ਗਿਆ ਕਿ ਪ੍ਰੋਗਰਾਮ ਦੌਰਾਨ ਸਟੇਡੀਅਮ ਦੀ ਛੱਤ ਬੰਦ ਰਹਿਣੀ ਚਾਹੀਦੀ ਹੈ ਨਹੀਂ ਤਾਂ ਉਹ ਆਸਟ੍ਰੇਲੀਆ ਆਪਣੀ ਮੌਤ ਲਈ ਆਵੇਗਾ। ਇਹ ਪ੍ਰੋਗਰਾਮ 9 ਜੁਲਾਈ ਨੂੰ ਮੈਲਬੌਰਨ ਦੇ ਮਾਰਵਲ ਸਟੇਡੀਅਮ ਵਿਚ ਹੋਣਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ । ਧਮਕੀ ਮਿਲਣ ਤੋਂ ਬਾਅਦ ਉਸੇ ਦਿਨ ਇਸ ਦੀ ਜਾਣਕਾਰੀ ਆਸਟ੍ਰੇਲਿਆਈ ਫੈਡਰਲ ਪੁਲਿਸ ਨੂੰ ਦੇ ਦਿੱਤੀ ਗਈ । ਜਾਂਚ ਏਜੰਸੀਆਂ ਨੇ ਇਸ ਸੋਸ਼ਲ ਮੀਡੀਆ ਪੋਸਟ ਨਾਲ ਜੁੜੇ ਆਈ. ਪੀ. ਐਡਰੈੱਸ ਦੀ ਪਛਾਣ ਕਰ ਲਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦੇ ਦੌਰੇ ’ਤੇ ਰਹਿਣਗੇ । ਉਨ੍ਹਾਂ ਦੇ ਇਸ ਦੌਰੇ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ ।