ਅੰਮ੍ਰਿਤਸਰ, 4 ਜੁਲਾਈ (ਸੁਰਿੰਦਰ ਕੋਛੜ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ 23 ਪਾਕਿਸਤਾਨੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ. ਏ. ਪੀ. ਏ.) ਤਹਿਤ ਅੱਤਵਾਦੀ ਐਲਾਨਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ ਅਤੇ ਇਹ ਪਾਕਿ ਜਾਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ’ਚ ਰਹਿ ਰਹੇ ਹਨ । ਅੱਤਵਾਦੀਆਂ ਦੀ ਸੂਚੀ ’ਚ ਸ਼ਾਮਿਲ ਕਰਨ ਨਾਲ ਇਨ੍ਹਾਂ ਸਭ ਵਿਰੁੱਧ ਕਾਨੂੰਨੀ ਕਾਰਵਾਈ ਦਾ ਰਸਤਾ ਸੌਖਾ ਹੋ ਗਿਆ ਹੈ । ਦੂਜੇ ਪਾਸੇ, ਇਨ੍ਹਾਂ ਅੱਤਵਾਦੀਆਂ ਦੇ ਨਾਂਅ ਜਨਤਕ ਕਰਨ ਤੋਂ ਬਾਅਦ ਪਾਕਿ ਸਰਕਾਰ, ਫ਼ੌਜ ਅਤੇ ਸੂਚੀ ’ਚ ਦਰਜ ਅੱਤਵਾਦੀਆਂ ’ਚ ਘਬਰਾਹਟ ਵੱਧ ਗਈ ਹੈ । ਸਰਹੱਦ ਪਾਰ ਦੇ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨੀ ਫ਼ੌਜ ਵਲੋਂ ਫ਼ੌਰੀ ਤੌਰ ’ਤੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀਆਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਡਿਪਟੀ ਚੀਫ਼ ਸੈਫੁੱਲਾ ਕਸੂਰੀ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਵਲੋਂ ਉਸ ਦੀ ਅਤੇ ਹੋਰ ਅੱਤਵਾਦੀਆਂ ਦੀ ਸੁਰੱਖਿਆ ਵਧਾ ਦਿੱਤੀ ਸੀ । ਗ੍ਰਹਿ ਮੰਤਰਾਲੇ ਵਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ’ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਰਾਣਾ ਇਫ਼ਤਿਖਾਰ, ਅਬਦੁਲ ਰਊਫ ਉਰਫ਼ ਹਾਫ਼ਿਜ਼ ਅਬਦੁਲ ਰਊਫ, ਹਾਫ਼ਿਜ਼ ਖ਼ਾਲਿਦ ਵਲੀਦ ਉਰਫ਼ ਹਾਫ਼ਿਜ਼ ਖ਼ਾਲਿਦ ਨਾਇਕ, ਮਸੂਦ ਇਲਿਆਸ ਕਸ਼ਮੀਰੀ, ਮੁਹੰਮਦ ਮੁਸਾਦੀਕ, ਮੁਫ਼ਤੀ ਮੁਹੰਮਦ ਅਸਗਰ ਖਾਨ ਉਰਫ਼ ਅਬੂ ਸਾਦ (ਅੱਬਾਸਪੁਰ, ਪੀ. ਓ. ਕੇ.), ਹਾਫ਼ਿਜ਼ ਅਬਦੁਲ ਸ਼ਕੂਰ ਉਰਫ਼ ਕਾਰੀ ਜ਼ਰਾਰ (ਕੋਟਲੀ, ਪੀ. ਓ. ਕੇ.), ਅਬਦੁੱਲਾ ਜਿਹਾਦੀ (ਨੀਲਮ ਵੈਲੀ, ਪੀ. ਓ. ਕੇ.), ਫਿਰਦੌਸ ਅਹਿਮਦ ਭੱਟ, ਗੁਲਾਮ ਫਰੀਦ (ਭਿੰਬਰ, ਪੀ. ਓ. ਕੇ.), ਹਾਰੂਨ ਰਸ਼ੀਦ ਗਣਈ, ਮੁਹੰਮਦ ਸ਼ਹੀਦ ਫੈਜ਼ਲ ਉਰਫ਼ ਉਸਤਾਦ ਉਰਫ਼ ਜ਼ਾਕਿਰ, ਬਿਲਾਲ ਅਹਿਮਦ ਮੀਰ, ਆਬਿਦ ਕਯੂਮ ਲੋਨ, ਨਜ਼ੀਰ ਅਹਿਮਦ ਗੁੱਜਰ ਉਰਫ਼ ਮੁਨਾਜ਼ਿਲ, ਅਸ਼ਫ਼ਾਕ ਅਹਿਮਦ, ਮੌਲਾਨਾ ਇਮਦਾਦੁੱਲਾ ਮੱਕੀ ਉਰਫ਼ ਮੌਲਾਨਾ ਇਮਦਾਦ, ਮੌਲਾਨਾ ਸੈਫੁੱਲਾ ਖ਼ਾਲਿਦ ਕਸੂਰੀ, ਕਾਰੀ ਮੁਹੰਮਦ ਯਾਕੂਬ ਉਰਫ਼ ਅਬੂ ਸੂਮਾਮਾ, ਮੌਲਾਨਾ ਯੂਸਫ਼ ਤਾਇਬੀ, ਵਸੀਮ ਨੂਰ ਜੱਟ, ਓਵੈਸ ਫ਼ਿਰੋਜ਼, ਕਾਰੀ ਯਾਕੂਬ ਸ਼ੇਖ਼ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ’ਤੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭਰਤੀ ਕਰਨ, ਹਥਿਆਰਾਂ ਦੀ ਸਿਖਲਾਈ ਦੇਣ, ਅੱਤਵਾਦੀ ਗਤੀਵਿਧੀਆਂ ਲਈ ਫ਼ੰਡ ਇਕੱਠਾ ਕਰਨ, ਘੁਸਪੈਠ, ਹਥਿਆਰਾਂ ਦੀ ਸਪਲਾਈ, ਅੱਤਵਾਦੀਆਂ ਨੂੰ ਗੋਲਾ ਬਾਰੂਦ ਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ, ਅੱਤਵਾਦੀਆਂ ਦੀ ਭਰਤੀ ਕਰਨ, ਭਾਰਤ ’ਚ ਅੱਤਵਾਦੀ ਕੈਂਪ ਚਲਾਉਣ, ਹਮਲਿਆਂ ਦੀ ਯੋਜਨਾਬੰਦੀ, ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ, ਏਨਕ੍ਰਿਪਟਿਡ ਸੰਚਾਰ, ਜਾਅਲੀ ਪਛਾਣ ਬਣਾਉਣ ਆਦਿ ਦਾ ਦੋਸ਼ ਹੈ। ਇਨ੍ਹਾਂ ’ਚੋਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਅਬਦੁਲ ਰਊਫ ਅਤੇ ਹਾਫ਼ਿਜ਼ ਖ਼ਾਲਿਦ ਵਲੀਦ ਨੂੰ ਮੁੰਬਈ ਹਮਲਿਆਂ ਦੇ ਸਾਜਿਸ਼ਕਾਰ ਹਾਫ਼ਿਜ਼ ਮੁਹੰਮਦ ਸਈਦ ਦੇ ਨਜ਼ਦੀਕੀ ਸਾਥੀ ਦੱਸਿਆ ਜਾ ਰਿਹਾ ਹੈ।