ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਧੜੇਬੰਦੀ ਖ਼ਤਮ ਕਰਵਾਉਣ ਪੰਜਾਬ ਆਏ ਭੁਪੇਸ਼ ਬਘੇਲ ਤੋਂ ਚੰਨੀ ਧੜੇ ਨੇ ਬਣਾਈ ਦੂਰੀ

Ad Position 21
No active advertisement
ਅਜੀਤ ਡੈਸਕ 07-07-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 6 ਜੁਲਾਈ-ਪੰਜਾਬ ਕਾਂਗਰਸ ’ਚ ਛਿੜੀ ਖ਼ਾਨਾਜੰਗੀ ਖ਼ਤਮ ਹੋਣ ਦੀ ਬਜਾਏ ਉਸ ਵੇਲੇ ਹੋਰ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਧੜੇਬੰਦੀ ਖ਼ਤਮ ਕਰਾਉਣ ਪੰਜ ਦਿਨਾਂ ਪੰਜਾਬ ਦੌਰੇ ’ਤੇ ਆਏ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਚਰਨਜੀਤ ਸਿੰਘ ਚੰਨੀ ਦੇ ਧੜੇ ਵਲੋਂ ਦੂਰੀ ਬਣਾ ਲਈ ਗਈ। ਹਾਈਕਮਾਨ ਦੇ ਫ਼ੈਸਲੇ ਤੋਂ ਨਰਾਜ਼ ਚੱਲ ਰਹੇ ਚੰਨੀ ਧੜੇ ਵਲੋਂ ਬਘੇਲ ਦੇ ਦੌਰੇ ਤੋਂ ਬਣਾਈ ਦੂਰੀ ਨੇ ਬਗ਼ਾਵਤ ਨੂੰ ਹੋਰ ਹਵਾ ਦੇ ਦਿੱਤੀ ਹੈ। ਉਧਰ ਜਿੱਥੇ ਚੰਨੀ ਧੜੇ ਵਲੋਂ ਅੱਜ ਮੁੜ ਵੱਖਰੀ ਮੀਟਿੰਗ ਕਰਕੇ ਨਾਰਾਜ਼ਗੀ ਦਾ ਖੁੱਲ੍ਹਾ ਪ੍ਰਗਟਾਵਾ ਕੀਤਾ ਗਿਆ, ਉੱਥੇ ਹੀ ਇਸ ਮੀਟਿੰਗ ’ਚ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਨੇ ਹਾਈਕਮਾਨ ਲਈ ਪੈਦਾ ਹੋਏ ਹਾਲਾਤ ਨੂੰ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈ। ਦੂਜੇ ਪਾਸੇ ਬਘੇਲ ਦੇ ਆਉਂਦਿਆਂ ਹੀ ਬਾਗ਼ੀ ਧੜੇ ਨੂੰ ਵੀ ਉਸ ਵੇਲੇ ਝਟਕਾ ਲੱਗਾ, ਜਦੋਂ ਚੰਨੀ ਧੜੇ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਅਨੁਸ਼ਾਸਨੀ ਕਮੇਟੀ ਵਲੋਂ ਕੇ.ਸੀ. ਵੇਣੂਗੋਪਾਲ ਤੇ ਭੁਪੇਸ਼ ਬਘੇਲ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋ ਛੋਟੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ ਗਿਆ ਹੈ। ਜਵਾਬ ਨਾ ਆਉਣ ਦੀ ਸੂਰਤ ’ਚ ਮਦਨ ਲਾਲ ਜਲਾਲਪੁਰ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਧਰ ਚੰਡੀਗੜ੍ਹ ਪੁੱਜਦਿਆਂ ਹੀ ਭੁਪੇਸ਼ ਬਘੇਲ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਜਾ ਕੇ ਵੀ ਕੁਝ ਆਗੂਆਂ ਨਾਲ ਮੀਟਿੰਗ ਕੀਤੀ ਗਈ, ਜਿਸ ਮਗਰੋਂ ਉਹ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਣਾਈਆਂ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗਾਂ ਕਰਨ ਪੰਜਾਬ ਕਾਂਗਰਸ ਭਵਨ ਜਾ ਪੁੱਜੇ, ਪਰ ਹਾਈਕਮਾਨ ਵਲੋਂ ਬਣਾਈਆਂ ਕਮੇਟੀਆਂ ਦੀ ਬਘੇਲ ਵਲੋਂ ਸੱਦੀ ਮੀਟਿੰਗ ’ਚ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਪੁੱਜੇ। ਇਸ ਬਾਰੇ ਪੰਜਾਬ ਕਾਂਗਰਸ ਵਲੋਂ ਡੇਮੇਜ ਕੰਟਰੋਲ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਗਿਆ ਕਿ ਭੁਪੇਸ਼ ਬਘੇਲ ਪੰਜ ਦਿਨਾਂ ਪੰਜਾਬ ਦੌਰੇ ’ਤੇ ਹਨ ਤੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਹੈ ਤੇ ਆਉਂਦੇ ਦਿਨਾਂ ’ਚ ਸਾਰੇ ਹੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਇਹ ਪਾਰਟੀ ਦਾ ਅੰਦਰੂਨੀ ਮਸਲਾ ਹੈ, ਜਿਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਉਧਰ ਜਿੱਥੇ ਭੁਪੇਸ਼ ਬਘੇਲ ਵਲੋਂ ਹਾਈਕਮਾਨ ਦੀਆਂ ਹਦਾਇਤਾਂ ’ਤੇ ਬਣਾਈਆਂ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਉਥੇ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਆਪਣੇ ਕੁਝ ਸਾਥੀਆਂ ਨਾਲ ਦਿੱਲੀ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਜਿੱਥੇ ਰਾਹੁਲ ਗਾਂਧੀ ਨਾਲ ਜਲਦ ਮੁਲਾਕਾਤ ਦੀ ਆਸ ਹੈ, ਉਥੇ ਚੰਨੀ ਧੜੇ ਵਲੋਂ ਸਿਖਰਲੀ ਕਤਾਰ ਦੇ ਆਗੂਆਂ ਅੱਗੇ ਵੀ ਆਪਣਾ ਪੱਖ ਰੱਖਿਆ ਜਾਵੇਗਾ। ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਪਾਰਟੀ ਅੰਦਰ ਧੜੇਬੰਦੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਧੜੇ ਮੇਰੇ ਸੰਪਰਕ ’ਚ ਹਨ ਤੇ ਸਾਰੇ ਹੀ ਆਗੂ ਮੇਰੇ ਮਿੱਤਰ ਹਨ ਤੇ ਮਿਲ- ਬੈਠ ਕੇ ਜਲਦੀ ਹਰ ਚੀਜ਼ ਦਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਅੱਗੇ ਵੱਡੀਆਂ ਚੁਣੌਤੀਆਂ ਹਨ, ਪਰ ਆਉਂਦੇ ਪੰਜ ਦਿਨਾਂ ’ਚ ਉਨ੍ਹਾਂ ਦਾ ਹੱਲ ਹੋ ਜਾਵੇਗਾ। ਉਧਰ ਸੂਤਰਾਂ ਅਨੁਸਾਰ ਚੰਨੀ ਧੜੇ ਦਾ ਕੋਈ ਵੀ ਆਗੂ ਭੁਪੇਸ਼ ਬਘੇਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਨਾ ਕਰਨ ਦਾ ਮਨ ਬਣਾ ਚੁੱਕਾ ਹੈ, ਜਦਕਿ ਦੂਜੇ ਪਾਸੇ ਰਾਜਾ ਵੜਿੰਗ ਅੱਜ ਵੀ ਬੇਹੱਦ ਨਰਮਾਈ ਨਾਲ ਚੱਲਦੇ ਹੋਏ ਇਹ ਕਹਿੰਦੇ ਨਜ਼ਰ ਆਏ ਕਿ ਸਾਰੇ ਹੀ ਸਾਥੀ ਪਾਰਟੀ ਦੀ ਬਿਹਤਰੀ ਲਈ ਵੱਖੋ-ਵੱਖਰੀਆਂ ਮੀਟਿੰਗਾਂ ਕਰ ਰਹੇ ਹਨ ਤੇ ਸਾਡਾ ਮਕਸਦ ਪੰਜਾਬ ’ਚ ਸਰਕਾਰ ਬਣਾਉਣਾ ਹੈ। ਉੱਧਰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸ ਭਵਨ ਪਹੁੰਚ ਕੇ ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ਦੇ ਚੇਅਰਮੈਨ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ। ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭੁਪੇਸ਼ ਬਘੇਲ ਵਲੋਂ ਨਵੀਆਂ ਬਣਾਈਆਂ ਕਮੇਟੀਆਂ ਦੇ ਮੁਖੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਸਾਰੀ ਕਾਂਗਰਸ ਇਕਜੁੱਟ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਲ ਕੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਈ ਜਾਵੇ। ਉਨ੍ਹਾਂ ਪਾਰਟੀਆਂ ਅੰਦਰ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਸੀਨੀਅਰ ਆਗੂ ਹਨ ਤੇ ਆਪੋ-ਆਪਣੇ ਤਰੀਕੇ ਪਾਰਟੀ ਨੂੰ ਤਕੜਾ ਕਰਨ ਲਈ ਮੀਟਿੰਗਾਂ ਕਰ ਰਹੇ ਹਨ। ਇਸੇ ਦੌਰਾਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਵਲੋਂ ਵੀ ਭੁਪੇਸ਼ ਬਘੇਲ ਨਾਲ ਮੀਟਿੰਗ ਕਰਕੇ ਆਪਣੇ ਵਿਚਾਰ ਉਨ੍ਹਾਂ ਅੱਗੇ ਰੱਖੇ ਗਏ। ਉਧਰ ਪੰਜਾਬ ਕਾਂਗਰਸ ’ਚ ਨਵੀਂ ਲੀਡਰਸ਼ਿਪ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਈ ਅੰਦਰੂਨੀ ਨਾਰਾਜ਼ਗੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਚੰਡੀਗੜ੍ਹ ਦੌਰੇ ਦੌਰਾਨ ਵਾਪਰੀਆਂ ਘਟਨਾਵਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਪਾਰਟੀ ਅੰਦਰ ਧੜੇਬੰਦੀ ਅਜੇ ਵੀ ਬਰਕਰਾਰ ਹੈ ਤੇ ਹਾਈਕਮਾਨ ਲਈ ਇਸ ਨੂੰ ਸੰਭਾਲਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਲਈ ਆਉਣ ਵਾਲੇ ਦਿਨ ਬਹੁਤ ਅਹਿਮ ਹੋਣ ਵਾਲੇ ਹਨ। ਜੇਕਰ ਹਾਈਕਮਾਨ ਨਾਰਾਜ਼ ਆਗੂਆਂ ਨਾਲ ਸੰਵਾਦ ਰਾਹੀਂ ਹੱਲ ਨਹੀਂ ਕੱਢ ਸਕੀ ਤਾਂ ਇਹ ਅੰਦਰੂਨੀ ਟਕਰਾਅ ਪਾਰਟੀ ਦੀ ਜਥੇਬੰਦਕ ਏਕਤਾ ਤੇ ਭਵਿੱਖ ਦੀ ਸਿਆਸੀ ਰਣਨੀਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਹਾਈਕਮਾਨ ਅਗਲੇ ਕੁਝ ਦਿਨਾਂ ’ਚ ਨਾਰਾਜ਼ ਧੜੇ ਨਾਲ ਕੋਈ ਸਿੱਧੀ ਗੱਲਬਾਤ ਕਰਦੀ ਹੈ ਜਾਂ ਅਨੁਸ਼ਾਸਨੀ ਕਾਰਵਾਈ ਦਾ ਦਾਇਰਾ ਹੋਰ ਵਧਾਇਆ ਜਾਂਦਾ ਹੈ। ਉਧਰ ਉੱਚ ਪੱਧਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਹਾਈਕਮਾਨ ਆਪਣੇ ਫ਼ੈਸਲੇ ਨੂੰ ਕਿਸੇ ਵੀ ਹਾਲਤ ’ਚ ਬਦਲਣ ਦੇ ਰੌਂਅ ਵਿਚ ਨਹੀਂ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਪੰਜ ਦਿਨਾਂ ਦੌਰੇ ’ਤੇ ਆਏ ਹਨ ਤੇ ਸਾਰੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਜੋ ਵੀ ਕੋਈ ਪਾਰਟੀ ’ਚ ਸਮੱਸਿਆ ਚੱਲ ਰਹੀ ਹੈ ਉਸ ਦਾ ਹੱਲ ਕੱਢ ਲਿਆ ਜਾਵੇਗਾ।
ਰਾਹੁਲ ਗਾਂਧੀ ਹੀ ਹਨ ਕਾਂਗਰਸ ਦਾ ਚਿਹਰਾ - ਰਾਣਾ ਕੇ.ਪੀ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਕਾਂਗਰਸ ਨੇਤਾ ਰਾਣਾ ਕੇ.ਪੀ ਸਿੰਘ ਨੇ ਵੀ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਤੇ ਰਾਹੁਲ ਗਾਂਧੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਜੋ ਹਾਈਕਮਾਨ ਵਲੋਂ ਫ਼ੈਸਲਾ ਲਿਆ ਗਿਆ ਹੈ ਉਹ ਹਰੇਕ ਲਈ ਮੰਨਣਯੋਗ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਭਰ ’ਚ ਰਾਹੁਲ ਗਾਂਧੀ ਕਾਂਗਰਸ ਦਾ ਚਿਹਰਾ ਹਨ, ਉੱਥੇ ਪੰਜਾਬ ’ਚ ਵੀ ਰਾਹੁਲ ਗਾਂਧੀ ਹੀ ਪਾਰਟੀ ਦਾ ਚਿਹਰਾ ਹਨ।
ਚੰਨੀ ਤੇ ਰੰਧਾਵਾ ਨਾਲ ਹੋਈ ਹੈ ਗੱਲ, ਜਲਦੀ ਹੋਵੇਗੀ ਮੀਟਿੰਗ-ਭੁਪੇਸ਼ ਬਘੇਲ
ਭੁਪੇਸ਼ ਬਘੇਲ ਨੇ ਪਾਰਟੀ ਆਗੂਆਂ ਨਾਲ ਮੀਟਿੰਗਾਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰਧਾਵਾ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਉਹ ਸ਼ਹਿਰ ਤੋਂ ਬਾਹਰ ਹੋਣ ਕਾਰਨ ਮੀਟਿੰਗ ’ਚ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਆਉਂਦੇ ਇਕ-ਦੋ ਦਿਨਾਂ ’ਚ ਉਨ੍ਹਾਂ ਨਾਲ ਵੀ ਬੈਠ ਕੇ ਮੀਟਿੰਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਦਿਨਾਂ ’ਚ ਹਰ ਮਸਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਹਰ ਚੀਜ਼ ਦਾ ਹੱਲ ਕੱਢ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਅੱਤਵਾਦੀ ਹਮਲਾ: ਐਨ.ਆਈ.ਏ. ਨੇ ਦੋਸ਼ ਪੱਤਰ ’ਚ ਹਾਫ਼ਿਜ਼ ਸਈਦ ਨੂੰ ਦੋਸ਼ੀ ਬਣਾਇਆ ਅਗਲੀ ਖ਼ਬਰ ਅਟਵਾਲ ਵਲੋਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ
Ad Position 24
No active advertisement