ਨਵੀਂ ਦਿੱਲੀ,6 ਜੁਲਾਈ (ਜਗਤਾਰ ਸਿੰਘ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਇੱਕ ਵੱਡੀ ਕਾਰਵਾਈ ਕਰਦਿਆਂ ਪੂਰਕ (ਸਪਲੀਮੈਂਟਰੀ) ਦੋਸ਼ ਪੱਤਰ ਵਿਚ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਦੋਸ਼ੀ ਬਣਾਇਆ ਹੈ । ਐਨ.ਆਈ.ਏ. ਨੇ ਉਸ ਵਿਰੁੱਧ ਭਾਰਤ ਖਿਲਾਫ਼ ਜੰਗ ਛੇੜਨ ਅਤੇ ਸਰਹੱਦ ਪਾਰੋਂ ਅੱਤਵਾਦ ਦੀ ਸਾਜਿਸ਼ ਰਚਣ ਸਮੇਤ ਗੰਭੀਰ ਦੋਸ਼ ਲਗਾਏ ਹਨ । ਐਨ.ਆਈ.ਏ. ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਏਜੰਸੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪਾਕਿਸਤਾਨ ਵਿਚ ਸਥਿਤ ਇੱਕ ਅੱਤਵਾਦੀ ਅਤੇ ਲਸ਼ਕਰ/ਟੀ.ਆਰ.ਐਫ. ਦੇ ਮੁਖੀ ਅਤੇ ਸੰਸਥਾਪਕ ਹਾਫ਼ਿਜ਼ ਸਈਦ ਵਿਰੁੱਧ ਦੋਸ਼ ਤੈਅ ਕੀਤੇ ਹਨ। ਜਾਂਚ ਏਜੰਸੀ ਨੇ ਹਮਲੇ ਦੀ ਸਾਜਿਸ਼ ਅਤੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਹੋਰਨਾਂ ਦੋਸ਼ੀਆਂ ਖ਼ਿਲਾਫ਼ ਵੀ ਅਦਾਲਤ ’ਚ ਸਬੂਤ ਪੇਸ਼ ਕੀਤੇ। ਜੰਮੂ ਵਿਚ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਦਾਖ਼ਲ ਕੀਤੇ ਆਪਣੇ ਪੂਰਕ (ਸਪਲੀਮੈਂਟਰੀ) ਦੋਸ਼ ਪੱਤਰ ਵਿਚ, ਜਾਂਚ ਏਜੰਸੀ ਨੇ ਹਾਫਿਜ਼ ਸਈਦ ’ਤੇ ਨਿੱਜੀ ਤੌਰ ’ਤੇ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਇਸ ਦੇ ਸਰਗਰਮ ਪ੍ਰੌਕਸੀ ਸੰਗਠਨ, ਦ ਰੇਸਿਸਟੈਂਸ ਫ਼ਰੰਟ (ਟੀ.ਆਰ.ਐਫ.) ਦੇ ਮੁਖੀ ਵਜੋਂ ਦੋਸ਼ ਲਗਾਏ ਹਨ। ਹਾਫ਼ਿਜ਼ ਸਈਦ ’ਤੇ ਭਾਰਤੀ ਨਿਆਂ ਸੰਹਿਤਾ 2023, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.), 1967 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਐਨ.ਆਈ.ਏ. ਨੇ ਕਿਹਾ ਕਿ ਦੋਸ਼ ਪੱਤਰ ਵਿਚ ਭਾਰਤ ਵਿਰੁੱਧ ਜੰਗ ਛੇੜਨ ਅਤੇ ਦੋਸ਼ੀ ਵਿਰੁੱਧ ਸਰਹੱਦ ਪਾਰ ਸਾਜਿਸ਼ ਰਚਣ ਨਾਲ ਸੰਬੰਧਿਤ ਸਜ਼ਾ ਦੀਆਂ ਧਾਰਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਐਨ.ਆਈ.ਏ. ਨੇ ਇਸ ਤੋਂ ਪਹਿਲਾਂ 15 ਦਸੰਬਰ,2025 ਨੂੰ ਦਾਖ਼ਲ ਕੀਤੇ ਆਪਣੇ ਪਹਿਲੇ ਦੋਸ਼ ਪੱਤਰ ’ਚ ਪਾਕਿਸਤਾਨੀ ਅੱਤਵਾਦੀ ਹੈਂਡਲਰ ਸਾਜਿਦ ਜੱਟ, ਜੁਲਾਈ 2025 ’ਚ ਆਪ੍ਰੇਸ਼ਨ ਮਹਾਦੇਵ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਅਤੇ ਗ੍ਰਿਫ਼ਤਾਰ ਕੀਤੇ ਗਏ ਦੋ ਅੱਤਵਾਦੀਆਂ ਨੂੰ ਨਾਮਜ਼ਦ ਕੀਤਾ ਸੀ। ਇਸ ਦੇ ਇਲਾਵਾ ਜਾਂਚ ਏਜੰਸੀ ਨੇ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਟੀ.ਆਰ.ਐਫ. ਨੂੰ ਵੀ ਦੋਸ਼ੀ ਬਣਾਇਆ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਇਨ੍ਹਾਂ ਸੰਗਠਨਾਂ ਨੇ ਪਹਿਲਗਾਮ ਹਮਲੇ ਦੀ ਯੋਜਨਾ ਬਣਾਈ, ਉਸ ਨੂੰ ਅੰਜਾਮ ਦੇਣ ’ਚ ਮਦਦ ਕੀਤੀ ਅਤੇ ਪੂਰੀ ਸਾਜਿਸ਼ ਦਾ ਸੰਚਾਲਨ ਕੀਤਾ।