ਜਕਾਰਤਾ, 6 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਸੋਮਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪੁੱਜੇ। ਉਨ੍ਹਾਂ ਦਾ ਇਸ ਦੌਰੇ ਦਾ ਮਕਸਦ ਭਾਰਤ ਦੀ ‘ਐਕਟ ਈਸਟ’ ਨੀਤੀ, ‘ਮਹਾਸਾਗਰ’ ਦ੍ਰਿਸ਼ਟੀਕੋਣ ਅਤੇ ਇਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਹਵਾਈ ਅੱਡੇ ’ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਚਾਰ ਮੰਤਰੀ ਵੀ ਹਾਜ਼ਰ ਸਨ। ਜਿੰਨ੍ਹਾਂ ਨੇ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਜਕਾਰਤਾ ਹਵਾਈ ਅੱਡੇ ’ਤੇ ਪੁੱਜਣ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਐਸਕਾਰਟ ਕੀਤਾ। ਇਹ ਸਨਮਾਨ ਵਿਸ਼ੇਸ਼ ਰਾਸ਼ਟਰੀ ਸਵਾਗਤ ਦਾ ਹਿੱਸਾ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਦੇ ਸਵਾਗਤ ’ਚ ਇੰਡੋਨੇਸ਼ੀਆ ਦੇ ਸਥਾਨਕ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਰਵਾਇਤੀ ਭਾਰਤੀ ਅਤੇ ਇੰਡੋਨੇਸ਼ੀਆਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ। ਪ੍ਰਧਾਨ ਮੰਤਰੀ ਨੇ ਐਕਸ ’ਤੇ ਲਿਖਿਆ ਕਿ ਜਕਾਰਤਾ ਪੁੱਜਣ ’ਤੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ ਹਵਾਈ ਅੱਡੇ ’ਤੇ ਮੇਰਾ ਨਿੱਜੀ ਤੌਰ ’ਤੇ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਕਰਨ ਦੇ ਅੰਦਾਜ਼ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। 2018 ’ਚ ਅਸੀਂ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਪਹੁੰਚਾਇਆ, ਜਿਸ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ। ਇਹ ਯਾਤਰਾ ਦੋਵੇਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਸੁਬੀਆਂ ਤੋ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਜਿਸ ਦਾ ਮਕਸਦ ਵੱਖ-ਵੱਖ ਖੇਤਰਾਂ ’ਚ ਇਸ ਸਾਂਝੇਦਾਰੀ ਨੂੰ ਹੋਰ ਰਫ਼ਤਾਰ ਦੇਣਾ ਹੈ। ਨਵੀਂ ਦਿੱਲੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਭਾਰਤ ਦੀ ‘ਐਕਟ ਈਸਟ’ ਨੀਤੀ, ‘ਮਹਾਸਾਗਰ’ ਦ੍ਰਿਸ਼ਟੀਕੋਣ ਅਤੇ ਨਾਲ ਹੀ ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਪ੍ਰਤੀ ਸਾਡੇ ਨਜ਼ਰੀਏ ਨੂੰ ਹੋਰ ਮਜ਼ਬੂਤ ਕਰੇਗਾ।
ਭਾਰਤੀ ਭਾਈਚਾਰੇ ਵਲੋਂ ਨਿੱਘਾ ਸਵਾਗਤ
ਭਾਰਤੀ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਹੋਟਲ ਪਹੁੰਚਣ ’ਤੇ ਪ੍ਰਧਾਨ ਮੰਤਰੀ ਨੇ ਰਮਾਇਣ ਅਤੇ ਭਾਰਤਨਾਟਿਅਮ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਦੇਖੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਕਾਰਤਾ ’ਚ ਭਾਰਤੀ ਭਾਈਚਾਰੇ ਦੇ ਗਰਮਜੋਸ਼ੀ ਨਾਲ ਭਰੇ ਸਵਾਗਤ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਦਾ ਪਿਆਰ ਅਤੇ ਭਾਰਤ ਦੀ ਤਰੱਕੀ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਪ੍ਰੇਰਨਾਦਾਇਕ ਹੈ। ਸਾਡੇ ਪ੍ਰਵਾਸੀ ਭਾਰਤੀ ਵੱਖ-ਵੱਖ ਖੇਤਰਾਂ ’ਚ ਆਪਣੀਆਂ ਪ੍ਰਾਪਤੀਆਂ ਜ਼ਰੀਏ ਦੁਨੀਆ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੀ ਪ੍ਰਸਿੱਧ ਪਰੰਪਰਾ ‘ਵਾਯਾਂਗ ਕੁਲਿਤ’ (ਪਰਛਾਵਾ ਕਠਪੁਤਲੀ) ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ, ਜਿਸ ’ਚ ਰਮਾਇਣ ਦੇ ਇਕ ਪ੍ਰਸੰਗ ਨੂੰ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਨੂੰ ਇਸ ਗੱਲ ਦਾ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਸਾਡੀ ਸਾਂਝੀ ਸੱਭਿਆਚਰਕ ਵਿਰਾਸਤ ਨੇ ਸਮੁੰਦਰਾਂ ਅਤੇ ਪੀੜ੍ਹੀਆਂ ਦਾ ਸਫ਼ਰ ਤੈਅ ਕੀਤਾ ਹੈ। ਇਸ ਪ੍ਰਦਰਸ਼ਨ ਲਈ ‘ਗਣੇਸ਼’ ਨਾਂਅ ਦੀ ਟੀਮ ਨੂੰ ਮੇਰੀ ਵਧਾਈ।
ਤਿੰਨ ਦੇਸ਼ਾਂ ਦਾ ਦੌਰਾ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਤੱਕ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ’ਤੇ ਰਹਿਣਗੇ। ਜਿਸ ਦੌਰਾਨ ਵਪਾਰ, ਨਿਵੇਸ਼, ਰੱਖਿਆ, ਹਿੰਦ-ਪ੍ਰਸ਼ਾਂਤ ਖਿਤੇ ’ਚ ਰਣਨੀਤਕ ਸਹਿਯੋਗ ਅਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਬੈਠਕਾਂ ਕਰਨਗੇ। ਦੌਰੇ ਦੇ ਦੂਜੇ ਪੜਾਅ ’ਤੇ ਮੋਦੀ ਆਸਟ੍ਰੇਲੀਆ ਜਾਣਗੇ। ਉਹ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦੇ ਮੈਲਬੌਰਨ ਦਾ ਦੌਰਾ ਕਰਨਗੇ। ਉਥੇ ਉਹ ਆਪਣੇ ਆਸਟ੍ਰੇਲੀਆਈ ਹਮਅਹੁਦਾ ਅਲਬਾਨੀਜ਼ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਉਥੋਂ ਦੀ ਗਵਰਨਰ ਜਨਰਲ ਸੈਮ ਮੋਮਟਿਸ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਭਾਰਤ-ਆਸਟ੍ਰੇਲੀਆ ਸੀ.ਈ.ਓ. ਫੋਰਮ ’ਚ ਹਿੱਸਾ ਵੀ ਲੈਣਗੇ। ਦੌਰੇ ਦੇ ਤੀਜੇ ਪੜਾਅ ’ਚ ਮੋਦੀ ਨਿਊਜ਼ੀਲੈਂਡ ਜਾਣਗੇ। ਤਕਰੀਬਨ 4 ਦਹਾਕੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਨਿਊਜ਼ੀਲੈਂਡ ਦੌਰਾ ਹੈ। 10 ਤੋਂ 11 ਜੁਲਾਈ ਤੱਕ ਆਕਲੈਂਡ ਦੇ ਦੌਰੇ ਦੌਰਾਨ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ ਅਤੇ ਦੋਵੇਂ ਨੇਤਾ ਵਪਾਰ, ਵਣਜ, ਰੱਖਿਆ ਅਤੇ ਹੋਰ ਖੇਤਰਾਂ ’ਚ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ।
ਭਾਰਤ ਦੀ ‘ਐਕਟ ਈਸਟ’ ਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਇੰਡੋਨੇਸ਼ੀਆ ਪੁੱਜੇ ਮੋਦੀ
ਅਜੀਤ ਡੈਸਕ
07-07-2026