ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ “ਸਤਲੁਜ” ’ਤੇ ਪਾਬੰਦੀ ਲੱਗਣੀ ਤੈਅ ਸੀ ਤੇ ਉਨ੍ਹਾਂ ਨੂੰ ਇਸ ਦੀ ਉਮੀਦ ਵੀ ਸੀ, ਪਰ ਉਨ੍ਹਾਂ ਨੂੰ ਲਗਦਾ ਸੀ ਕਿ ਅਜਿਹਾ ਸੋਮਵਾਰ ਨੂੰ ਹੋਵੇਗਾ, ਜਦੋਂ ਦਫ਼ਤਰ ਖੁੱਲ੍ਹਣਗੇ। ਇਹ ਫਿਲਮ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਤੋਂ ਜ਼ੀ5 ’ਤੇ ਚੁੱਪਚਾਪ ਰਿਲੀਜ਼ ਕੀਤੀ ਗਈ ਸੀ, ਪਰ ਸਿਰਫ ਦੋ ਦਿਨ ਬਾਅਦ ਹੀ ਹਟਾ ਦਿੱਤੀ ਗਈ। ਦੋਸਾਂਝ ਨੇ ਸੋਮਵਾਰ ਨੂੰ ਅਮਰੀਕਾ ਤੋਂ ਇੰਸਟਾਗ੍ਰਾਮ ’ਤੇ ਲਾਈਵ ਹੁੰਦਿਆਂ ਕਿਹਾ ਕਿ ਇਥੇ ਅੱਜ ਐਤਵਾਰ ਹੈ, ਪਰ ਭਾਰਤ ’ਚ ਸੋਮਵਾਰ ਹੋਵੇਗਾ। ਮੇਰੇ ਘਰ ਐਤਵਾਰ ਦੀ ਸ਼ਾਮ ਹੈ। ਮੈਨੂੰ ਸ਼ੁੱਕਰਵਾਰ ਨੂੰ ਅਹਿਸਾਸ ਹੋਇਆ ਸੀ ਕਿ ਅਜਿਹਾ ਕੁਝ ਹੋਵੇਗਾ। ਇਹ ਮੇਰੇ ਦਿਮਾਗ ’ਚ ਪਹਿਲਾਂ ਹੀ ਸੀ। ਇਹ (ਪਾਬੰਦੀ) ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਮੈਂ ਸੋਚਿਆ ਸੀ ਕਿ ਸੋਮਵਾਰ ਨੂੰ ਜਦੋਂ ਦਫ਼ਤਰ ਖੁੱਲ੍ਹਣਗੇ ਤਾਂ ਇਸ ’ਤੇ ਪਾਬੰਦੀ ਲਗਾਈ ਜਾਵੇਗੀ,” ਪਰ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਐਤਵਾਰ ਸ਼ਾਮ ਨੂੰ ਹੀ ਹੋਵੇਗਾ। ਅਸੀਂ ਫ਼ਿਲਮ ਦਾ ਪ੍ਰਚਾਰ ਵੀ ਨਹੀਂ ਕੀਤਾ ਤੇ ਇਸ ਨੂੰ ਇਸ ਤਰ੍ਹਾਂ ਰਿਲੀਜ਼ ਕੀਤਾ। ਜੇਕਰ ਅਸੀਂ ਇਸ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਇਹ ਦੋ ਦਿਨ ਵੀ ਨਹੀਂ ਚੱਲਦੀ, ਪਰ ਮੈਂ ਸੰਤੁਸ਼ਟ ਹਾਂ ਕਿ ਲੋਕਾਂ ਨੇ ਫ਼ਿਲਮ ਦੇਖੀ ਹੈ, ਇਹ ਉਨ੍ਹਾਂ ਤੱਕ ਪਹੁੰਚ ਗਈ ਹੈ,”। ਦੋਸਾਂਝ ਨੇ ਕਿਹਾ ਕਿ ਉਹ ਖੁਸ਼ ਹਨ ਕਿ ਬਹੁਤ ਸਾਰੇ ਲੋਕਾਂ ਨੇ ਫ਼ਿਲਮ ਦੇਖ ਲਈ ਹੈ ਜਾਂ ਇਸ ਨੂੰ ਡਾਊਨਲੋਡ ਕਰ ਲਿਆ ਹੈ। ਉਨ੍ਹਾਂ ਇੰਸਟਾਗ੍ਰਾਮ ਲਾਈਵ ’ਤੇ ਕਿਹਾ ਕਿ “ਅੱਜ ਦਾ ਨੌਜਵਾਨ ਫਿਲਮ ਬਾਰੇ ਗੱਲ ਕਰ ਰਿਹਾ ਹੈ। ਮੈਂ ਫਿਲਮ ਬਾਰੇ ਇਕ ਪਿਆਰੀ ਵੀਡੀਓ ਦੇਖੀ ਹੈ, ਜੋ ਸ਼ਾਇਦ ਰਾਜਸਥਾਨ ਦੇ ਇਕ ਗੁਰਦੁਆਰੇ ’ਚ ਦਿਖਾਈ ਜਾ ਰਹੀ ਹੈ। ਮੈਨੂੰ ਸੰਤੁਸ਼ਟੀ ਹੈ ਕਿ ਫ਼ਿਲਮ ਤੁਹਾਡੇ ਤੱਕ ਪਹੁੰਚ ਚੁੱਕੀ ਹੈ। ਦੋਸਾਂਝ ਨੇ ਕਿਹਾ ਕਿ ਫ਼ਿਲਮ ਦੀ ਟੀਮ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਲੋਕਾਂ ਤੱਕ ਪਹੁੰਚੀ ਹੈ, ਲੋਕਾਂ ਨੂੰ “ਸਤਲੁਜ” ਨੂੰ ਸਾਂਝਾ ਕਰਨ ਤੇ ਇਸ ਨੂੰ ਜਿੱਥੇ ਵੀ ਤੇ ਜਿਵੇਂ ਵੀ ਦੇਖਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ “ਇਹ ਬਹੁਤ ਮਹੱਤਵਪੂਰਨ ਸੀ ਕਿ ਇਹ ਤੁਹਾਡੇ ਤੱਕ ਪਹੁੰਚੇ ਤੇ ਇਹ ਹੋਇਆ ਵੀ ਹੈ... ਮੈਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਜੋ ਕਹਿਣਾ ਚਾਹੁੰਦੇ ਸੀ ਤੇ ਜਿਸ ਤਰੀਕੇ ਨਾਲ ਕਹਿਣਾ ਚਾਹੁੰਦੇ ਸੀ, ਉਵੇਂ ਹੀ ਹੋਇਆ। ਇਹ ਤੁਹਾਡੀ ਫ਼ਿਲਮ ਹੈ ਤੇ ਤੁਸੀਂ ਇਸ ਨੂੰ ਜਿਸ ਤਰੀਕੇ ਨਾਲ ਚਾਹੁੰਦੇ ਹੋ ਦੇਖ ਸਕਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ‘ਇਹ ਫ਼ਿਲਮ ਰਿਲੀਜ਼ ਕਰਨ ਦਾ ਇਕੋ-ਇਕ ਤਰੀਕਾ ਸੀ... ਬਿਨਾਂ ਕੁਝ ਕਹੇ ਕਿਉਂਕਿ ਇਹ ਹੋਣਾ ਹੀ ਸੀ,” । ਜਿੰਨਾ ਜ਼ਿਆਦਾ ਤੁਸੀਂ ਫ਼ਿਲਮ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ, ਇਹ ਓਨੀ ਹੀ ਮਸ਼ਹੂਰ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇੰਟਰਨੈੱਟ ਤੋਂ ਕੁਝ ਵੀ ਗਾਇਬ ਨਹੀਂ ਹੁੰਦਾ, ਵਟਸਐਪ ’ਤੇ ਇਕ ਵੋਇਸ ਨੋਟ ਵੀ ਨਹੀਂ।