ਪ੍ਰੋ. ਅਵਤਾਰ ਸਿੰਘ
ਐੱਸ. ਏ. ਐੱਸ. ਨਗਰ, 6 ਜੁਲਾਈ-ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗੁੱਟ ਦੇ ਆਗੂਆਂ ਦੀ ਮੁਹਾਲੀ ਵਿਖੇ ਹੋਈ ਬੰਦ ਕਮਰਾ ਮੀਟਿੰਗ ਨੂੰ ਪਾਰਟੀ ਅੰਦਰ ਬਦਲ ਰਹੇ ਸਿਆਸੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਇਸ ਮੀਟਿੰਗ ’ਚ ਕਰੀਬ 20 ਸੀਨੀਅਰ ਆਗੂਆਂ ਦੀ ਮੌਜੂਦਗੀ ਨੇ ਇਹ ਸੰਕੇਤ ਦਿੱਤਾ ਹੈ ਕਿ ਚੰਨੀ ਗੁੱਟ ਆਪਣੀ ਸਿਆਸੀ ਮੌਜੂਦਗੀ ਤੇ ਇਕਜੁੱਟਤਾ ਦਾ ਅਹਿਸਾਸ ਕਰਵਾਉਣ ਵਿਚ ਲੱਗਾ ਹੋਇਆ ਹੈ । ਮੁਹਾਲੀ ਦੇ ਫੇਜ਼-5 ਵਿਖੇ ਹੋਈ ਇਸ ਮੀਟਿੰਗ ’ਚ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਪ੍ਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਬਰਿੰਦਰਮੀਤ ਸਿੰਘ ਪਾਹੜਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਸ਼ਲਦੀਪ ਸਿੰਘ ਢਿੱਲੋਂ, ਅੰਗਦ ਸਿੰਘ ਸੈਣੀ, ਸੰਗਤ ਸਿੰਘ ਗਿਲਜੀਆਂ, ਬਰਨਾਲਾ ਤੋਂ ਵਿਧਾਇਕ ਗੁਰਦੀਪ ਸਿੰਘ ‘ਕਾਲਾ’ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਦਵਿੰਦਰ ਸਿੰਘ ਘੁਬਾਇਆ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕਈ ਹੋਰ ਪ੍ਰਭਾਵਸ਼ਾਲੀ ਆਗੂ ਸ਼ਾਮਿਲ ਹੋਏ । ਖ਼ਾਸ ਗੱਲ ਇਹ ਰਹੀ ਕਿ ਮੋਰਿੰਡਾ ਵਿਖੇ ਹੋਈ ਪਿਛਲੇ ਦਿਨੀਂ ਮੀਟਿੰਗ ’ਚ ਜਿਹੜੇ ਆਗੂ ਗ਼ੈਰਹਾਜ਼ਰ ਰਹੇ ਸਨ, ਉਹ ਇਸ ਵਾਰ ਮੁਹਾਲੀ ਵਿਖੇ ਹੋਈ ਮੀਟਿੰਗ ’ਚ ਪਹੁੰਚੇ ਸਨ । ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ, ਸੰਗਠਨ ਨਾਲ ਜੁੜੇ ਮੁੱਦਿਆਂ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਪਾਰਟੀ ਵਿਚ ਆਗੂਆਂ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ । ਹਾਲਾਂਕਿ ਮੀਟਿੰਗ ਦਾ ਕੋਈ ਅਧਿਕਾਰਤ ਏਜੰਡਾ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਆਗੂ ਨੇ ਮੀਡੀਆ ਸਾਹਮਣੇ ਕੋਈ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜੀ ਵਾਰ ਚੰਨੀ ਸਮਰਥਕ ਆਗੂਆਂ ਦੀ ਮੀਟਿੰਗ ਹੋਣਾ ਸਿਰਫ਼ ਰਸਮੀ ਇਕੱਠ ਨਹੀਂ, ਸਗੋਂ ਪਾਰਟੀ ਹਾਈਕਮਾਨ ਤੱਕ ਇਕ ਸਿਆਸੀ ਸੰਦੇਸ਼ ਪਹੁੰਚਾਉਣ ਦੀ ਵੀ ਕੋਸ਼ਿਸ਼ ਹੈ ਕਿ ਪੰਜਾਬ ’ਚ ਇਕ ਵੱਡਾ ਧੜਾ ਅਜੇ ਵੀ ਇਕਜੁੱਟ ਹੈ ਤੇ ਸੰਗਠਨ ਸੰਬੰਧੀ ਫ਼ੈਸਲਿਆਂ ’ਚ ਆਪਣੀ ਭੂਮਿਕਾ ਚਾਹੁੰਦਾ ਹੈ । ਮੀਟਿੰਗ ਤੋਂ ਬਾਅਦ ਸਾਰੇ ਆਗੂ ਬਿਨਾਂ ਕਿਸੇ ਜਨਤਕ ਪ੍ਰਤੀਕਿਰਿਆ ਦੇ ਮੁਹਾਲੀ ਤੋਂ ਰਵਾਨਾ ਹੋ ਗਏ ਤੇ ਕਿਸੇ ਨੇ ਵੀ ਮੀਟਿੰਗ ’ਚ ਲਏ ਗਏ ਫ਼ੈਸਲਿਆਂ ਜਾਂ ਚਰਚਾ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ । ਇਸ ਚੁੱਪੀ ਨੇ ਸਿਆਸੀ ਅਟਕਲਾਂ ਨੂੰ ਹੋਰ ਵਧਾ ਦਿੱਤਾ ਹੈ । ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਆਲ ਇੰਡੀਆ ਕਾਂਗਰਸ ਦੇ ਸਕੱਤਰ ਸੂਰਜ ਠਾਕੁਰ ਦੇ ਮੁਹਾਲੀ ਪੁੱਜਣ ਮੌਕੇ ਹਵਾਈ ਅੱਡੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਓ. ਪੀ. ਸੋਨੀ, ਸਿਮਰਜੀਤ ਸਿੰਘ ਬੈਂਸ ਤੇ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਧਰ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਇਕ ਪਾਸੇ ਭੁਪੇਸ਼ ਬਘੇਲ ਦੀ ਆਮਦ ਮੌਕੇ ਵੜਿੰਗ-ਬਾਜਵਾ ਧੜੇ ਦੀ ਸਰਗਰਮੀ ਅਤੇ ਦੂਜੇ ਪਾਸੇ ਮੁਹਾਲੀ ’ਚ ਚੰਨੀ ਸਮਰਥਕ ਆਗੂਆਂ ਦੀ ਸਮਾਨਾਂਤਰ ਮੀਟਿੰਗ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਹੋਰ ਅਜੀਬੋ ਗਰੀਬ ਬਣਾ ਦਿੱਤਾ ਹੈ । ਦੋਵੇਂ ਘਟਨਾਕ੍ਰਮ ਇਕੋ ਸਮੇਂ ਸਾਹਮਣੇ ਆਉਣ ਕਾਰਨ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਪਾਰਟੀ ਦੇ ਵੱਖ-ਵੱਖ ਆਗੂ ਹਾਈਕਮਾਨ ਅੱਗੇ ਆਪਣੀ ਸਿਆਸੀ ਪਕੜ ਅਤੇ ਸਮਰਥਨ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਅੰਦਰ ਮੀਟਿੰਗਾਂ ਅਤੇ ਆਪਸੀ ਵਿਚਾਰ-ਵਟਾਂਦਰਾ ਇਕ ਆਮ ਅਤੇ ਲੋਕਤੰਤਰੀ ਪ੍ਰਕਿਰਿਆ ਹੈ। ਫ਼ਿਰ ਵੀ ਲਗਾਤਾਰ ਹੋ ਰਹੀਆਂ ਵੱਖ-ਵੱਖ ਮੀਟਿੰਗਾਂ ਅਤੇ ਸ਼ਕਤੀ ਪ੍ਰਦਰਸ਼ਨ ਨੇ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਪੰਜਾਬ ਕਾਂਗਰਸ ’ਚ ਆਉਣ ਵਾਲੇ ਸਮੇਂ ਦੌਰਾਨ ਸੰਗਠਨਾਤਮਕ ਢਾਂਚੇ ਅਤੇ ਲੀਡਰਸ਼ਿਪ ਨੂੰ ਲੈ ਕੇ ਮਹੱਤਵਪੂਰਨ ਸਿਆਸੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ।
ਮੁਹਾਲੀ ਵਿਖੇ ਚੰਨੀ ਧੜੇ ਵਲੋਂ ਸ਼ਕਤੀ ਪ੍ਰਦਰਸ਼ਨ ਹਾਈਕਮਾਨ ਨੂੰ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼
ਅਜੀਤ ਡੈਸਕ
07-07-2026