ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 7 ਜੁਲਾਈ-ਪੰਜਾਬ ਕਾਂਗਰਸ ’ਚ ਛਿੜੀ ਖਾਨਾਜੰਗੀ ਖ਼ਤਮ ਕਰਵਾਉਣ ਲਈ ਪੰਜ ਦਿਨਾਂ ਪੰਜਾਬ ਦੌਰੇ ’ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਆਏ ਹੋਏ ਹਨ, ਪਰ ਕਾਂਗਰਸੀ ਆਗੂਆਂ ਦੀ ਕੁਰਸੀ ਦਾ ਕਲੇਸ਼ ਕਿਸੇ ਕੰਢੇ ਲਗਦਾ ਦਿਖਾਈ ਨਹੀਂ ਦੇ ਰਿਹਾ। ਬਾਗ਼ੀ ਧੜੇ ਦਾ ਇਕ ਵੀ ਆਗੂ ਅੱਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰਨ ਲਈ ਕਾਂਗਰਸ ਭਵਨ ਨਹੀਂ ਪੁੱਜਾ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਵਲੋਂ ਜਾਰੀ ਕੀਤੀ ਨਵੀਂ ਸੂਚੀ ਤੋਂ ਨਾਰਾਜ਼ ਚੱਲ ਰਿਹਾ ਧੜਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਬਜ਼ਿੱਦ ਹੈ, ਪਰ ਅਜੇ ਤੱਕ ਰਾਹੁਲ ਗਾਂਧੀ ਦੇ ਦਫ਼ਤਰ ਵਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ। ਉੱਧਰ ਰਾਹੁਲ ਗਾਂਧੀ ਦੀ ਅੱਜ ਦੇਰ ਰਾਤ ਵਿਦੇਸ਼ ਤੋਂ ਵਾਪਸੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਤੋਂ ਬਾਅਦ ਨਾਰਾਜ਼ ਧੜੇ ਦੇ ਆਗੂਆਂ ਨੂੰ ਮੁਲਾਕਾਤ ਲਈ ਸਮਾਂ ਦਿੱਤਾ ਜਾ ਸਕਦਾ ਹੈੇ। ਉੱਧਰ ਸੂਤਰਾਂ ਅਨੁਸਾਰ ਭੁਪੇਸ਼ ਬਘੇਲ ਵਲੋਂ ਅੱਜ ਵੀ ਬਾਗ਼ੀ ਧੜੇ ਦੇ ਕਈ ਆਗੂਆਂ ਨੂੰ ਦੁਪਹਿਰ ਤੇ ਰਾਤ ਦੇ ਖਾਣੇ ਲਈ ਸਨੇਹੇ ਲਾਏ ਗਏ, ਪਰ ਉਨ੍ਹਾਂ ’ਚੋਂ ਕਿਸੇ ਨੇ ਵੀ ਮੁਲਾਕਾਤ ਲਈ ਹਾਮੀ ਨਹੀਂ ਭਰੀ। ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਜਿੱਥੇ ਅੱਜ ਦੂਜੇ ਦਿਨ ਵੀ ਭੁਪੇਸ਼ ਬਘੇਲ ਪੰਜਾਬ ਕਾਂਗਰਸ ਭਵਨ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਦੇ ਰਹੇ ਉੱਥੇ ਉਨ੍ਹਾਂ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ। ਇਕ ਪਾਸੇ ਜਿੱਥੇ ਬਾਗ਼ੀ ਧੜੇ ਵਲੋਂ ਲਗਾਤਾਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਬਘੇਲ ਵਲੋਂ ਵੀ ਡਿਨਰ ਡਿਪਲੋਮੇਸੀ ਰਾਹੀਂ ਵੱਡੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਭੁਪੇਸ਼ ਬਘੇਲ ਸੀਨੀਅਰ ਕਾਂਗਰਸੀ ਆਗੂ ਤੇ ਵੱਡੇ ਹਿੰਦੂ ਚਿਹਰੇ ਰਾਣਾ ਕੇ.ਪੀ. ਸਿੰਘ ਦੇ ਘਰ ਰਾਤ ਦੇ ਖਾਣੇ ’ਤੇ ਜਾ ਰਹੇ ਹਨ। ਉਨ੍ਹਾਂ ਨਾਲ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਕਈ ਸੀਨੀਅਰ ਆਗੂਆਂ ਦੇ ਜਾਣ ਦੀ ਵੀ ਸੂਚਨਾ ਹੈ। ਇਸ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਭਾਵੇਂ ਅਜੇ ਵਿਦੇਸ਼ ਤੋਂ ਨਹੀਂ ਪਰਤੇ, ਪਰ ਉਹ ਭੁਪੇਸ਼ ਬਘੇਲ ਤੋਂ ਲਗਾਤਾਰ ਪੰਜਾਬ ’ਚ ਬਣੇ ਹਾਲਾਤ ਨੂੰ ਲੈ ਕੇ ਖਬਰ ਲੈ ਰਹੇ ਹਨ। ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਵਲੋਂ ਦੋਵਾਂ ਧੜਿਆਂ ਦੇ ਆਗੂਆਂ ਦੀਆਂ ਮੌਜੂਦਾ ਗਤੀਵਿਧੀਆਂ ਦੀ ਰਿਪੋਰਟ ਬਘੇਲ ਤੋਂ ਲਈ ਜਾ ਰਹੀ ਹੈ, ਤਾਂ ਜੋ ਵਿਦੇਸ਼ ਤੋਂ ਪਰਤਣ ਮਗਰੋਂ ਉਹ ਅਗਲਾ ਕਦਮ ਚੁੱਕ ਸਕਣ। ਦੂਜੇ ਪਾਸੇ ਦਿੱਲੀ ਦਰਬਾਰ ਦੇ ਉੱਚ-ਪੱਧਰੀ ਕਾਂਗਰਸੀ ਸੂਤਰ ਦੱਸ ਰਹੇ ਹਨ ਕਿ ਹਾਈਕਮਾਨ ਬਾਗ਼ੀ ਧੜੇ ਵਲੋਂ ਪੈਦਾ ਕੀਤੇ ਗਏ ਹਾਲਾਤ ਤੋਂ ਨਾਖ਼ੁਸ਼ ਹੈ ਤੇ ਬਗਾਵਤੀ ਦਬਾਅ ਅੱਗੇ ਚੁੱਕਣ ਦੇ ਰੌਅ ’ਚ ਦਿਖਾਈ ਨਹੀਂ ਦੇ ਰਹੀ।
ਜਦੋਂ ਕੈਪਟਨ ਨੂੰ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਉਨ੍ਹਾਂ ਨਾਲ ਇਕ ਵੀ ਵਿਧਾਇਕ ਨਹੀਂ ਸੀ-ਦੂਲੋ
ਉੱਧਰ ਹੋਰ ਆਗੂਆਂ ਦੇ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸ ਨੇਤਾ ਸ਼ਮਸ਼ੇਰ ਸਿੰਘ ਦੂਲੋਂ ਵਲੋਂ ਪੰਜਾਬ ਕਾਂਗਰਸ ਭਵਨ ਪਹੁੰਚ ਕੇ ਭੁਪੇਸ਼ ਬਘੇਲ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਦੱਸਿਆ ਜਾ ਰਿਹਾ ਕਿ ਭੁਪੇਸ਼ ਬਘੇਲ ਵਲੋਂ ਸ. ਦੂਲੋਂ ਤੋਂ ਮੌਜੂਦਾ ਹਾਲਾਤ ਨਾਲ ਨਜਿੱਠਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਦੂਲੋ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਹਾਲਾਤ ਪਾਰਟੀ ਅੱਗੇ ਆ ਕੇ ਖੜ੍ਹੇ ਹੋਏ ਸਨ, ਪਰ ਪਾਰਟੀ ਹਮੇਸ਼ਾ ਤਕੜੀ ਹੋ ਕੇ ਅਜਿਹੇ ਹਾਲਾਤ ’ਚੋਂ ਬਾਹਰ ਨਿਕਲੀ ਹੈ ਤੇ ਹੁਣ ਵੀ ਇਸ ਮਸਲੇ ਦਾ ਹੱਲ ਜਲਦ ਨਿਕਲ ਆਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸਬਰ ਸੰਤੋਖ ਨਾਲ ਚੱਲਣਾ ਚਾਹੀਦਾ ਹੈ, ਕਿਉਂਕਿ ਹਾਈਕਮਾਨ ਵਲੋਂ ਜਦੋਂ ਕਿਸੇ ਆਗੂ ਨੂੰ ਘੱਟ ਸਮੇਂ ’ਚ ਕਈ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਚੁੱਕਾ ਹੋਵੇ ਤਾਂ ਫਿਰ ਸਬਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਇਸ ਤੋਂ ਪਹਿਲਾਂ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਮੁੱਖ ਮੰਤਰੀ ਦੇ ਅਹੁਦੇ ਲਈ ਚੱਲਿਆ ਸੀ, ਪਰ ਹਾਈਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਜਦਕਿ ਉਨ੍ਹਾਂ ਨਾਲ ਇਕ ਵੀ ਵਿਧਾਇਕ ਨਹੀਂ ਸੀ ਤੇ ਹਾਈਕਮਾਨ ਦੇ ਇਸ ਫ਼ੈਸਲੇ ਨੂੰ ਸਾਰਿਆਂ ਵਲੋਂ ਪ੍ਰਵਾਨ ਕੀਤਾ ਗਿਆ ਸੀ, ਕਿਸੇ ਨੇ ਕੋਈ ਵੀ ਸਵਾਲ ਖੜ੍ਹਾ ਨਹੀਂ ਕੀਤਾ ਤੇ ਹੁਣ ਇਨ੍ਹਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਡੀ ਹੁੰਦੀ ਹੈ ਪਾਰਟੀ ਦੇ ਆਗੂ ਨਹੀਂ, ਇਸ ਲਈ ਸਾਰਿਆਂ ਨੂੰ ਇਕਜੁੱਟਤਾ ਨਾਲ ਅੱਗੇ ਵਧਦੇ ਹੋਏ ਪਹਿਲਾਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਬਾਕੀ ਮਸਲੇ ਫਿਰ ਵਿਚਾਰਨੇ ਚਾਹੀਦੇ ਹਨ। ਉੱਧਰ ਸੂਤਰਾਂ ਅਨੁਸਾਰ ਦੂਲੋਂ ਵਲੋਂ ਬਘੇਲ ਜਰੀਏ ਰਾਹੁਲ ਗਾਂਧੀ ਨੂੰ ਇਸ ਹਾਲਾਤ ’ਚੋਂ ਨਿਕਲਣ ਲਈ ਇਕ ਗੁਰ-ਮੰਤਰ ਦੇ ਦਿੱਤਾ ਗਿਆ ਹੈ। ਇਸ ਹਾਲਾਤ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੜ ਕਿਹਾ ਹੈ ਕਿ ਪਾਰਟੀ ’ਚ ਸਭ ਕੁਝ ਠੀਕ ਹੈ ਤੇ ਠੀਕ ਹੀ ਰਹੇਗਾ। ਉਨ੍ਹਾਂ ਕਿਹਾ ਕਿ ਭੁਪੇਸ਼ ਬਘੇਲ ਦੀ ਅਗਵਾਈ ’ਚ ਉਹ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁੱਟ ਗਏ ਹਨ ਤੇ ਉਨ੍ਹਾਂ ਦਾ ਇਕੋ-ਇਕ ਮਕਸਦ ਹੈ ਕਿ ਪਹਿਲਾਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਈ ਜਾਵੇ। ਇਸ ਸਾਰੇ ਘਟਨਾਕ੍ਰਮ ਵਿਚਾਲੇ ਕਾਂਗਰਸ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਜੰਗ ਦਾ ਬਿਗੁਲ ਵਜਾਉਂਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਪੰਜਾਬ ’ਚ ਕਾਂਗਰਸ ਹੀ ਇਕੋ-ਇਕ ਬਦਲ ਹੈ ਤੇ ਸੂਬੇ ਦੇ ਲੋਕ ਇਸ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਸੂਬੇ ਭਰ ਤੋਂ ਆਏ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਘੇਲ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ 2027 ਦੀਆਂ ਚੋਣਾਂ ਦੀ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ, ਕਿਉਂਕਿ ਇਹ ਨਾ ਸਿਰਫ਼ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੀ ਹੈ, ਸਗੋਂ ਪੰਜਾਬ ਨੂੰ ਆਰਥਿਕ ਦੀਵਾਲੀਆਪਣ ਤੇ ਕਾਨੂੰਨ-ਵਿਵਸਥਾ ਦੇ ਸੰਕਟ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਵਰਗੀਆਂ ਹੋਰ ਵਿਰੋਧੀ ਪਾਰਟੀਆਂ ਲੋਕਾਂ ਦੀ ਨਜ਼ਰ ’ਚ ਕਿਤੇ ਵੀ ਨਹੀਂ ਹਨ ਤੇ ਲੋਕਾਂ ਦੀਆਂ ਉਮੀਦਾਂ ਸਿਰਫ਼ ਕਾਂਗਰਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਾਂ ਕਿਹਾ ਕਿ ਹੁਣ ਸਮਾਂ ਹੈ ਕਿ ਕਾਂਗਰਸ ਸੂਬੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇ। ਬਘੇਲ ਨੇ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ’ਚ ਮਕਸਦ ਤੇ ਮਿਸ਼ਨ ਨੂੰ ਲੈ ਕੇ ਪੂਰੀ ਏਕਤਾ ਹੈ। ਸਾਡਾ ਇਕੋ-ਇਕ ਮਿਸ਼ਨ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਮੁੜ ਪੰਜਾਬ ਦੀ ਸੱਤਾ ’ਚ ਲਿਆਉਣਾ ਹੈ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਭ ਤੋਂ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਅਹੁਦਿਆਂ ’ਚੋਂ ਇਕ ’ਤੇ ਹਨ, ਕਿਉਂਕਿ ਉਨ੍ਹਾਂ ਦਾ ਪਾਰਟੀ ਤੇ ਆਮ ਲੋਕਾਂ ਵਿਚਕਾਰ ਸਿੱਧਾ ਸੰਪਰਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਹੋਰ ਵੱਧ ਅਧਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ਸੁਖਵਿੰਦਰ ਸਿੰਘ ਡੈਨੀ ਤੇ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨਾਂ ਵਜੋਂ ਤੇ ਨਵੇਂ ਚੁਣੇ ਗਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਦੇਵਗਨ ਨੇ ਵੀ ਆਪਣਾ ਕਾਰਜਭਾਰ ਸੰਭਾਲਿਆ। ਇਸ ਤੋਂ ਪਹਿਲਾਂ ਬਘੇਲ ਨੇ ਹਰਦਿਆਲ ਕੰਬੋਜ, ਕੁਲਜੀਤ ਨਾਗਰਾ, ਬਲਬੀਰ ਸਿੰਘ ਸਿੱਧੂ, ਬ੍ਰਹਮ ਮੋਹਿੰਦਰਾ ਸਮੇਤ ਹੋਰ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਵੀ ਹਾਜ਼ਰ ਸਨ।
ਚੰਨੀ ਧੜਾ ਰਾਹੁਲ ਨਾਲ ਮੁਲਾਕਾਤ ਲਈ ਬਜ਼ਿਦ-ਬਘੇਲ ਵਲੋਂ ‘ਡਿਨਰ ਡਿਪਲੋਮੇਸੀ’
ਅਜੀਤ ਡੈਸਕ
08-07-2026