ਨਵੀਂ ਦਿੱਲੀ, 7 ਜੁਲਾਈ (ਪੀ.ਟੀ.ਆਈ.) ਇੱਕ ਬੇਮਿਸਾਲ ਕਦਮ ਚੁੱਕਦੇ ਹੋਏ ਵਾਤਾਵਰਨ ਮੰਤਰਾਲੇ ਨੇ ਇੱਕੋ ਸਮੇਂ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦੇ ਨਿੱਜੀ ਸਕੱਤਰ, ਸਹਾਇਕ ਨਿੱਜੀ ਸਕੱਤਰ ਤੇ ਦੋ ਵਾਧੂ ਨਿੱਜੀ ਸਕੱਤਰਾਂ ਨੂੰ ਹਟਾ ਦਿੱਤਾ ਹੈ । ਯਾਦਵ ਦੇ ਨਿੱਜੀ ਸਕੱਤਰ ਨੂੰ ‘ਪ੍ਸ਼ਾਸਕੀ ਆਧਾਰਾਂ’ ’ਤੇ ਹਟਾ ਦਿੱਤਾ ਗਿਆ ਸੀ, ਜਦੋਂਕਿ ਇੱਕ ਸਹਾਇਕ ਨਿੱਜੀ ਸਕੱਤਰ ਅਤੇ ਇੱਕ ਵਾਧੂ ਨਿੱਜੀ ਸਕੱਤਰ ਦੀਆਂ ਨਿਯੁਕਤੀਆਂ ਖ਼ਤਮ ਕਰ ਦਿੱਤੀਆਂ ਗਈਆਂ ਸਨ । ਦੂਜੇ ਵਾਧੂ ਨਿੱਜੀ ਸਕੱਤਰ ਨੂੰ ਸਮੇਂ ਤੋਂ ਪਹਿਲਾਂ ਵਾਪਸ ਭੇਜ ਦਿੱਤਾ ਗਿਆ ਸੀ। ਇਸ ਫ਼ੈਸਲੇ ਦਾ ਐਲਾਨ 3 ਜੁਲਾਈ ਨੂੰ ਜਾਰੀ ਚਾਰ ਵੱਖ-ਵੱਖ ਆਦੇਸ਼ਾਂ ਰਾਹੀਂ ਕੀਤਾ ਗਿਆ ਸੀ । ਯਾਦਵ ਦੇ ਨਿੱਜੀ ਸਕੱਤਰ ਅਮਰ ਸਿੰਘ, ਜਿਨ੍ਹਾਂ ਨੂੰ ਰਿਲੀਵ ਕੀਤਾ ਗਿਆ ਹੈ, 2010 ਬੈਚ ਦੇ ਭਾਰਤੀ ਮਾਲੀਆ ਸੇਵਾ ਅਧਿਕਾਰੀ ਹਨ । ਪਰਸੋਨਲ ਤੇ ਸਿਖਲਾਈ ਵਿਭਾਗ ਦੇ ਮੈਮੋਰੰਡਮ ਅਨੁਸਾਰ ਉਨ੍ਹਾਂ ਨੂੰ ਜੂਨ 2024 ਵਿੱਚ 7 ਸਤੰਬਰ, 2026 ਤੱਕ ਦੀ ਮਿਆਦ ਲਈ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ‘ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਦੇ ਨਿੱਜੀ ਸਕੱਤਰ ਅਮਰ ਸਿੰਘ ਆਈ.ਆਰ.ਐਸ. ਨੂੰ ਪ੍ਰਸ਼ਾਸਕੀ ਆਧਾਰ ’ਤੇ ਉਨ੍ਹਾਂ ਦੇ ਮੂਲ ਕੇਡਰ, ਯਾਨੀ ਕਿ ਮਾਲ ਵਿਭਾਗ ਵਿਚ ਵਾਪਸ ਭੇਜ ਦਿੱਤਾ ਗਿਆ ਹੈ ਤੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਸਿਧਾਰਥ ਯਾਦਵ ਸਹਾਇਕ ਨਿੱਜੀ ਸਕੱਤਰ ਹਨ, ਜਿਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀ ਗਈ ਹੈ। ਵਧੀਕ ਨਿੱਜੀ ਸਕੱਤਰ ਜਿਨ੍ਹਾਂ ਦੀ ਨਿਯੁਕਤੀ ਖ਼ਤਮ ਕਰ ਦਿੱਤੀ ਗਈ ਹੈ, ਆਯੂਸ਼ ਸਰਨ ਹਨ। ਪ੍ਰਸੋਨਲ ਅਤੇ ਸਿਖਲਾਈ ਵਿਭਾਗ ਦੇ ਓ.ਐਮ. (ਅਧਿਕਾਰਤ ਮੈਮੋਰੰਡਮ) ਦੇ ਅਨੁਸਾਰ, ਅਤੇ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਦੇ ਵਾਧੂ ਨਿੱਜੀ ਸਕੱਤਰ ਵਜੋਂ ਆਯੂਸ਼ ਸਰਨ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤੀ ਜਾਂਦੀ ਹੈ। ਵਧੀਕ ਨਿੱਜੀ ਸਕੱਤਰ ਸ਼ੈਲੇਸ਼ ਕੁਮਾਰ ਸਿੰਘ ਨੂੰ ਉਨ੍ਹਾਂ ਦੇ ਮੂਲ ਕੇਡਰ ਵਿਚ ਵਾਪਸ ਭੇਜ ਦਿੱਤਾ ਗਿਆ ਹੈ ।