ਐਸ. ਅਸ਼ੋਕ ਭੌਰਾ, ਹੁਸਨ ਲੜੋਆ ਬੰਗਾ, ਰਾਜੂ ਸਹਿਬਾਜ਼ਪੁਰਾ
ਸਾਨ ਫਰਾਂਸਿਸਕੋ/ਸੈਕਰਾਮੈਂਟੋ/ਨਿਊਯਾਰਕ, 8 ਜੁਲਾਈ-ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ.ਬੀ.ਆਈ.) ਵਲੋਂ ਭਾਰਤ, ਕੈਨੇਡਾ ਤੇ ਕੁਝ ਯੂਰਪੀ ਮੁਲਕਾਂ ‘ਚ ਕਤਲ, ਫਿਰੌਤੀ ਤੇ ਗੋਲੀਬਾਰੀ ਖ਼ਿਲਾਫ਼ ਕੀਤੀ ਕਾਰਵਾਈ ਦੇ ਨਤੀਜੇ ਅੱਜ ਉਸ ਵਕਤ ਸਾਹਮਣੇ ਆਏ ਜਦੋਂ ਸੰਘੀ ਤੇ ਅੰਤਰਰਾਸ਼ਟਰੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਭਾਰਤ ’ਚ ਸਥਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ, ਜਿਨ੍ਹਾਂ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸ਼ਾਮਿਲ ਹੈ, ਦੇ 24 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਸੰਬੰਧ ਜੂਨ 2023 ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਇਕ ਸਿੱਖ ਧਾਰਮਿਕ ਤੇ ਰਾਜਨੀਤਕ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਸੀ। ਲਾਸ ਏਂਜਲਸ ’ਚ ਅਮਰੀਕੀ ਨਿਆਂ ਵਿਭਾਗ ਅਨੁਸਾਰ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਕਾਰਵਾਈ ਕਰਦਿਆਂ ਅਮਰੀਕਾ, ਕੈਨੇਡਾ ਤੇ ਯੂਰਪ ’ਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 11 ਇਕੱਲੇ ਕੈਲੀਫੋਰਨੀਆ ਤੋਂ, ਜੋ ਅਗਵਾ, ਕਤਲ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਿਲ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ 37 ਹੋਰਾਂ ਖ਼ਿਲਾਫ਼ ਦੋਸ਼-ਪੱਤਰ ਦਾਇਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਇਹ ਸੰਗਠਨ ਭਾਰਤੀ ਭਾਈਚਾਰੇ ਦੇ ਦਰਮਿਆਨੀ ਆਮਦਨ ਵਾਲੇ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ ਜਾਂ ਤਾਂ ਉਨ੍ਹਾਂ ਨੂੰ ਗਰੋਹਾਂ ਦੀ ਸੇਵਾ ਲਈ ਮਜਬੂਰ ਕਰਦੇ ਸਨ ਜਾਂ ਉਨ੍ਹਾਂ ਤੋਂ ਜ਼ਬਰਦਸਤੀ ਵਸੂਲੀ ਕਰਦੇ ਸਨ। ਇਹ ਵੀ ਖੁਲਾਸਾ ਹੋ ਰਿਹਾ ਹੈ ਕਿ ਇਕ ਮਾਮਲੇ ’ਚ ਭਾਰਤ ’ਚ ਸਥਿਤ ਇਕ ਪੁਲਿਸ ਅਧਿਕਾਰੀ ਨੇ ਲਾਸ ਏਂਜਲਸ ਦੇ ਇਕ ਪਰਿਵਾਰ ਤੋਂ ਕਰੀਬ 4 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਸੀ। ਸੂਚਨਾ ਮੁਤਾਬਿਕ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ’ਚ 37 ਲੋਕਾਂ ’ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ’ਚ 15 ਦੋਸ਼ੀ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦੇ ਦੋਸ਼ੀ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਅਮਰੀਕਾ ’ਚ 7, ਭਾਰਤ ’ਚ 2 ਤੇ ਯੂਰਪ ’ਚ 1 ਭਗੌੜੇ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਲਗਭਗ 1,000 ਕਿਲੋਗ੍ਰਾਮ ਕੋਕੀਨ ਤੇ 1 ਕਿਲੋਗ੍ਰਾਮ ਹੈਰੋਇਨ ਤੇ 40,000 ਡਾਲਰ ਦੀ ਨਕਦੀ ਤੇ ਇਕ ਦਰਜਨ ਹਥਿਆਰ ਜ਼ਬਤ ਕੀਤੇ ਹਨ। ਮੰਗਲਵਾਰ ਨੂੰ ਅਧਿਕਾਰੀਆਂ ਨੇ ਇਹ ਸਭ ਕੁਝ ਮੀਡੀਆ ਸਾਹਮਣੇ ਵੀ ਪੇਸ਼ ਕੀਤਾ। ਸੈਕਰਾਮੈਂਟੋ ਖੇਤਰ ’ਚ ਕੁੱਲ 23 ਤੇ ਲਾਸ ਏਂਜਲਸ ’ਚ 11 ਸਰਚ ਵਾਰੰਟ ਜਾਰੀ ਕੀਤੇ ਗਏ। ਗੈਂਗਸਟਰ ਸੰਗਠਨਾਂ ਦਾ ਸ਼ਿਕਾਰ ਖਾਸ ਤੌਰ ’ਤੇ ਭਾਰਤ ਨਾਲ ਸੰਬੰਧ ਰੱਖਣ ਵਾਲੇ ਅਮਰੀਕਾ ਤੇ ਕੈਨੇਡਾ ਦੇ ਲੋਕ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰਾਂ ’ਚ 33 ਸਾਲਾ ਲਾਰੈਂਸ ਬਿਸ਼ਨੋਈ ਵੀ ਸ਼ਾਮਿਲ ਹੈ, ਜਿਸ ਨੇ ਕਥਿਤ ਤੌਰ ’ਤੇ ਭਾਰਤ ’ਚ ਆਪਣੀ ਜੇਲ੍ਹ ਕੋਠੜੀ ਤੋਂ ਰਾਜਨੀਤਕ ਕਤਲ, ਕਤਲ, ਗੋਲੀਬਾਰੀ, ਜ਼ਬਰੀ ਵਸੂਲੀ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਤੇ ਹੋਰ ਅਪਰਾਧਾਂ ਨੂੰ ਨਿੱਜੀ ਤੌਰ ‘ਤੇ ਨਿਰਦੇਸ਼ਿਤ ਕੀਤਾ ਸੀ। ਬਿਸ਼ਨੋਈ ਤੇ ਉਸ ਦੇ ਬਚਪਨ ਦੇ ਦੋਸਤ ਸਤਿੰਦਰਜੀਤ ਸਿੰਘ ਗੋਲਡੀ ਬਰਾੜ ਨੇ ਜੂਨ 2023 ’ਚ ਬ੍ਰਿਟਿਸ਼ ਕੋਲੰਬੀਆ ’ਚ ਖ਼ਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਨ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਅਧਿਕਾਰੀਆਂ ਨੇ ਪੀੜਤ ਦੀ ਪਛਾਣ ਸਿਰਫ਼ ਉਸ ਦੇ ਸ਼ੁਰੂਆਤੀ ਅੱਖਰਾਂ, ਐਚ.ਐਸ.ਐਨ. ਦੁਆਰਾ ਕੀਤੀ ਸੀ। ਐਸੇਲੀ ਨੇ ਕਿਹਾ ਕਿ ਗੈਂਗ ਨੇ ਇਸ ਕਤਲ ਤੇ ਹਿੰਸਾ ਦੀਆਂ ਹੋਰ ਉੱਚ-ਪ੍ਰੋਫਾਈਲ ਕਾਰਵਾਈਆਂ ਦੀ ਵਰਤੋਂ ਸਿੱਖ ਤੇ ਹੋਰ ਭਾਰਤੀ ਭਾਈਚਾਰਿਆਂ ਨੂੰ ਡਰਾਉਣ ਲਈ ਕੀਤੀ ਤੇ ਉਨ੍ਹਾਂ ਵਿਆਪਕ ਜ਼ਬਰੀ ਵਸੂਲੀ ਦੀਆਂ ਯੋਜਨਾਵਾਂ ਨੂੰ ਜਾਇਜ਼ ਠਹਿਰਾਉਣ ਤੇ ਮਜ਼ਬੂਤ ਕਰਨ ਲਈ ਹਿੰਸਾ ਦੀਆਂ ਕਾਰਵਾਈਆਂ ਦੀ ਵਰਤੋਂ ਕੀਤੀ। ਐਫ.ਬੀ.ਆਈ. ਦੇ ਲਾਸ ਏਂਜਲਸ ਫੀਲਡ ਦਫ਼ਤਰ ਦੇ ਇੰਚਾਰਜ ਸਹਾਇਕ ਨਿਰਦੇਸ਼ਿਕ ਪੈਟ੍ਰਿਕ ਗ੍ਰਾਂਡੀ ਨੇ ਕਿਹਾ ਕਿ ਸਾਲਾਂ ਤੋਂ ਬਿਸ਼ਨੋਈ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ ਸੰਗਠਿਤ ਗੈਂਗਸਟਰਾਂ ਨੇ ਕੈਲੀਫੋਰਨੀਆ ਤੇ ਵਿਦੇਸ਼ਾਂ ’ਚ ਪੂਰਬੀ ਭਾਰਤੀ ਭਾਈਚਾਰਿਆਂ ਅੰਦਰ ਹਿੰਸਾ, ਡਰ ਤੇ ਅਸਥਿਰਤਾ ਨੂੰ ਹਵਾ ਦਿੱਤੀ ਹੈ।ਇੱਕ ਹੋਰ ਦੋਸ਼ ’ਚ 38 ਸਾਲਾ ਜੱਗੂ ਭਗਵਾਨਪੁਰੀਆ ’ਤੇ ਦੋਸ਼ ਲਗਾਇਆ ਗਿਆ ਹੈ, ਜੋ ਕਿ ਬਿਸ਼ਨੋਈ ਦਾ ਇੱਕ ਸਾਬਕਾ ਸਹਿਯੋਗੀ ਸੀ, ਜਿਸ ਨੇ ਕਥਿਤ ਤੌਰ ’ਤੇ ਆਪਣਾ ਸੁਤੰਤਰ ਅਪਰਾਧਿਕ ਨੈੱਟਵਰਕ ਵਿਕਸਿਤ ਕੀਤਾ ਸੀ, ਜੋ ਬਿਸ਼ਨੋਈ ਦੇ ਗਰੋਹ ਦਾ ਮੁਕਾਬਲਾ ਕਰਨ ਲਈ ਬਣਿਆ ਸੀ। ਦੋਸ਼ ਅਨੁਸਾਰ ਭਗਵਾਨਪੁਰੀਆ ਨੇ ਕਥਿਤ ਤੌਰ ’ਤੇ ਭਾਰਤ ਦੀ ਇਕ ਜੇਲ੍ਹ ਤੋਂ ਸਮੂਹ ਦੀਆਂ ਵਿਸ਼ਵਵਿਆਪੀ ਗਤੀਵਿਧੀਆਂ ਦੀ ਨਿਗਰਾਨੀ ਤੇ ਨਿਰਦੇਸ਼ਨ ਕੀਤਾ। ਐਸੇਲੀ ਨੇ ਆਸ ਪ੍ਰਗਟਾਈ ਕਿ ਸੰਘੀ ਅਧਿਕਾਰੀ ਉਮੀਦ ਕਰਦੇ ਹਨ ਕਿ ਭਾਰਤ ਦੀਆਂ ਜੇਲ੍ਹਾਂ ’ਚ ਬੰਦ ਦੋਵਾਂ ਭਾਰਤੀ ਗੈਂਗਸਟਰਾਂ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਜਾਵੇਗਾ।ਭਗਵਾਨਪੁਰੀਆ ਦੇ ਸਮੂਹ ਦੇ ਕਥਿਤ ਤੌਰ ‘ਤੇ ਕੈਲੀਫੋਰਨੀਆ ’ਚ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਸਨ, ਜਿਨ੍ਹਾਂ ’ਚੋਂ ਹਰੇਕ ਦਾ ਪ੍ਰਬੰਧਨ ਇੱਕ ਵੱਖਰਾ ਖੇਤਰੀ ਨੇਤਾ ਕਰਦਾ ਸੀ। ਨਸ਼ੀਲੇ ਪਦਾਰਥਾਂ ਦੇ ਲੋਡ - ਜਿਸ ’ਚ ਆਮ ਤੌਰ ‘ਤੇ 100 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਜਾਂ ਮੈਥਾਮਫੇਟਾਮਾਈਨ ਹੁੰਦਾ ਸੀ, ਦੱਖਣੀ ਕੈਲੀਫੋਰਨੀਆ ’ਚ ਯਾਤਰੀ ਵਾਹਨਾਂ ’ਚ ਇਕੱਠੇ ਕੀਤੇ ਜਾਂਦੇ ਸਨ ਤੇ ਫਿਰ ਪੂਰਬੀ ਅਮਰੀਕਾ ਜਾਂ ਅਮਰੀਕਾ-ਕੈਨੇਡਾ ਸਰਹੱਦ ‘ਤੇ ਆਵਾਜਾਈ ਲਈ ਲੰਬੇ ਸਮੇਂ ਦੇ ਸੈਮੀਟਰੱਕਾਂ ’ਚ ਤਬਦੀਲ ਕੀਤੇ ਜਾਂਦੇ ਸਨ। ਭਗਵਾਨਪੁਰੀਆ ਦੇ ਸਮੂਹ, ਜਿਸ ’ਚ ਅਮਰੀਕਾ ’ਚ 100 ਤੋਂ ਵੱਧ ਮੈਂਬਰ ਤੇ ਸਹਿਯੋਗੀ ਸ਼ਾਮਿਲ ਦੱਸੇ ਜਾਂਦੇ ਹਨ, ਨੇ ਭਾਰਤ ’ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭ੍ਰਿਸ਼ਟ ਕੀਤਾ ਤੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨਾਲ ਭਾਈਵਾਲੀ ਕੀਤੀ, ਜਿਸ ’ਚ ਜ਼ਬਰੀ ਵਸੂਲੀ ਦੀਆਂ ਯੋਜਨਾਵਾਂ ’ਚ ਸਹਾਇਤਾ ਕਰਨਾ ਵੀ ਸ਼ਾਮਿਲ ਹੈ। ਤੀਜੇ ਦੋਸ਼ ’ਚ ਰਵਿੰਦਰ ਸਿੰਘ ਢਾਂਡਾ ਇਕ ਕੈਨੇਡੀਅਨ ਨੇਤਾ, ਜਿਸ ਨੇ ਕਥਿਤ ਤੌਰ ‘ਤੇ ਇਕ ਕੋਕੀਨ ਤੇ ਮੈਥ ਵੰਡ ਨੈੱਟਵਰਕ ਚਲਾਇਆ ਸੀ ਤੇ ਜੋ ਅਮਰੀਕਾ, ਮੈਕਸੀਕੋ ਤੇ ਹੋਰ ਥਾਵਾਂ ‘ਤੇ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਤਸਕਰੀ ਸੇਵਾਵਾਂ ਪ੍ਰਦਾਨ ਕਰਦਾ ਸੀ, ਵਿਰੁੱਧ ਦੋਸ਼ ਲਗਾਏ ਗਏ ਹਨ।
ਐਫ਼.ਬੀ.ਆਈ. ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ
ਨਿਊਯਾਰਕ, (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਆਪਣੇ ਵਾਸ਼ਿੰਗਟਨ ਡੀ.ਸੀ. ਸਥਿਤ ਮੁੱਖ ਦਫ਼ਤਰ ਤੋਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਉੱਤਰੀ ਅਮਰੀਕਾ ’ਚ ਇਸ ਗਰੁੱਪ ਦੀਆਂ ਗਤੀਵਿਧੀਆਂ ਦਾ ਮੁੱਖ ਸੰਚਾਲਕ ਮੰਨਿਆ ਜਾਂਦਾ ਹੈ। ਉਸ ਉਤੇ ਦੱਖਣੀ ਕੈਲੀਫ਼ੋਰਨੀਆ ਸਮੇਤ ਅਮਰੀਕਾ ਤੇ ਕੈਨੇਡਾ ’ਚ ਹਿੰਸਕ ਅਪਰਾਧ, ਜ਼ਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਿਤ ਗੰਭੀਰ ਦੋਸ਼ ਲਗਾਏ ਗਏ ਹਨ। ਐਫ਼.ਬੀ.ਆਈ. ਨੇ ਦੱਸਿਆ ਕਿ 1 ਜੁਲਾਈ 2026 ਨੂੰ ਲਾਸ ਏਂਜਲਸ ਸਥਿਤ ਸੰਘੀ ਅਦਾਲਤ ਨੇ ਗੋਲਡੀ ਬਰਾੜ ਖ਼ਿਲਾਫ਼ ਫੈਡਰਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਜਾਂਚ ਏਜੰਸੀ ਮੁਤਾਬਕ ਉਸ ਦੇ ਸੰਪਰਕ ਕੈਲੀਫ਼ੋਰਨੀਆ ਦੇ ਸੈਕਰਾਮੈਂਟੋ ਤੇ ਫ੍ਰੈਜ਼ਨੋ ਤੋਂ ਇਲਾਵਾ ਕੈਨੇਡਾ, ਭਾਰਤ ਤੇ ਮੈਕਸੀਕੋ ਨਾਲ ਵੀ ਰਹੇ ਹਨ।
ਭਾਰਤ, ਕੈਨੇਡਾ ਤੇ ਯੂਰਪ ’ਚ ਸਰਗਰਮ ਭਾਰਤੀ ਗੈਂਗਸਟਰਾਂ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ
ਅਜੀਤ ਡੈਸਕ
09-07-2026