ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਹਾਈਕਮਾਨ ਦੇ ਸਖ਼ਤ ਰੁਖ਼ ਮਗਰੋਂ ਨਰਮ ਪਏ ਚੰਨੀ ਦੇ ਤੇਵਰ

Ad Position 21
No active advertisement
ਅਜੀਤ ਡੈਸਕ 09-07-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 8 ਜੁਲਾਈ-ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਬਦਲਾਅ ਨੂੰ ਲੈ ਕੇ ਲਏ ਗਏ ਫੈਸਲੇ ਮਗਰੋਂ ਖੜ੍ਹੀ ਹੋਈ ਬਗਾਵਤ ਨੂੰ ਲੈ ਕੇ ਸਖ਼ਤ ਰੁਖ ਅਪਣਾ ਲਿਆ ਗਿਆ ਹੈ । ਕਾਂਗਰਸ ਹਾਈ ਕਮਾਨ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਬਣੇ ਰਹਿਣਗੇ ਤੇ ਹਾਈ ਕਮਾਨ ਦੇ ਫੈਸਲੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ । ਹਾਈ ਕਮਾਨ ਦੇ ਸਖ਼ਤ ਰੁਖ ਮਗਰੋਂ ਚੰਨੀ ਦੇ ਤੇਵਰ ਹੁਣ ਨਰਮ ਪੈ ਗਏ ਦਿਖਾਈ ਦੇ ਰਹੇ ਹਨ । ਅੱਜ ਉਨ੍ਹਾਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਮੇਰੇ ਲੀਡਰ ਹਨ ਅਤੇ ਹਮੇਸ਼ਾ ਰਹਿਣਗੇ। ਕਿਸੇ ਕਿਸਮ ਦੀ ਨਾਰਾਜ਼ਗੀ ਨੂੰ ਲੈ ਕੇ ਹਾਲਾਂਕਿ ਉਨ੍ਹਾਂ ਕੁਝ ਵੀ ਬੋਲਣ ਤੋਂ ਪਾਸਾ ਵੱਟਿਆ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਅਜੇ ਤਕਰੀਬਨ ਸੱਤ ਮਹੀਨੇ ਬਾਕੀ ਹਨ ਸਾਰੇ ਆਪੋ ਆਪਣੀ ਰਣਨੀਤੀ ਬਣਾ ਰਹੇ ਹਨ ਪਰ ਪਾਰਟੀ ਜਿਵੇਂ ਰਣਨੀਤੀ ਬਣਾਏਗੀ ਉਵੇਂ ਹੀ ਅੱਗੇ ਵਧਾਂਗੇ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੰਨੀ ਆਪਣੇ ਗੁੱਟ ਦੇ ਸਾਥੀਆਂ ਨਾਲ ਕੱਲ੍ਹ ਮੀਟਿੰਗ ਕਰਕੇ ਅਗਲੇ ਐਕਸ਼ਨ ਬਾਰੇ ਵਿਚਾਰ ਵਟਾਂਦਰਾ ਕਰ ਸਕਦੇ ਹਨ । ਦੂਜੇ ਪਾਸੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸ ਭਵਨ ਵਿਖੇ ਆਪਣੇ ਦੌਰੇ ਦੇ ਤੀਜੇ ਦਿਨ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰਨ ਦਾ ਕੰਮ ਜਾਰੀ ਰੱਖਿਆ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣਾ ਕੋਈ ਗੁੱਡਾ-ਗੁੱਡੀ ਦਾ ਖੇਡ ਨਹੀਂ ਹੈ । ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਰਾਜਾ ਵੜਿੰਗ ਦੇ ਨਾਂਅਵ ’ਤੇ ਸਹਿਮਤੀ ਜਤਾਈ ਹੈ । ਇਸ ਵਿਚਾਲੇ ਇਸ ਗੱਲ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਬਾਗੀ ਸੁਰਾਂ ਆਲਾਪ ਰਹੇ ਚੰਨੀ ਧੜੇ ਦੇ ਕਈ ਆਗੂਆਂ ਵਲੋਂ ਵੀ ਭੁਪੇਸ਼ ਬਘੇਲ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਗਿਆ ਹੈ । ਉੱਧਰ ਅੱਜ ਭੁਪੇਸ਼ ਬਘੇਲ ਵਲੋਂ ਪਾਰਟੀ ਆਗੂਆਂ ਦੇ ਇਲਾਵਾ ਬਲਾਕ ਪ੍ਰਧਾਨਾਂ ਨਾਲ ਵੀ ਮੀਟਿੰਗ ਕਰ ਕੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ । ਭੁਪੇਸ਼ ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਚੰਨੀ ਧੜੇ ਦੇ ਕਈ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਸੀਨੀਅਰ ਆਗੂ ਇਕ ਮੰਚ ’ਤੇ ਇਕੱਠੇ ਹੋ ਕੇ ਕਾਂਗਰਸ ਲਈ ਕੰਮ ਕਰਦੇ ਨਜ਼ਰ ਆਉਣਗੇ । ਬਘੇਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ ਤੇ ਇਨ੍ਹਾਂ ਮੀਟਿੰਗਾਂ ਵਿਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਸਮਰਥਨ ਦਿੱਤਾ ਹੈ । ਉੱਧਰ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਦਿੱਲੀ ਵਿਚ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਤਾਜ਼ਾ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਭੁਪੇਸ਼ ਬਘੇਲ ਰਾਹੀਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਕਾਂਗਰਸ ਲਈ ਐਲਾਨੇ ਗਏ ਕਿਸੇ ਵੀ ਅਹੁਦੇਦਾਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਣਾਈਆਂ ਗਈਆਂ ਕਮੇਟੀਆਂ ਵਿਚ ਵੀ ਕੋਈ ਬਦਲਾਅ ਨਹੀਂ ਹੋਵੇਗਾ। ਭੁਪੇਸ਼ ਬਘੇਲ ਨੇ ਇਸ ਦੌਰਾਨ ਸਪੱਸ਼ਟ ਕੀਤਾ ਕਿ ਹਾਈਕਮਾਨ ਵਲੋਂ ਬਣਾਈ ਗਈ ਟੀਮ ਹੀ 2027 ਦੀਆਂ ਚੋਣਾਂ ਦੀ ਤਿਆਰੀ ਇਕੱਠੇ ਮਿਲ ਕੇ ਕਰੇਗੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸੀਨੀਅਰ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਮੁਲਾਕਾਤਾਂ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਧਾਰਨ ਹੋ ਜਾਵੇਗੀ । ਇਕ ਸਵਾਲ ਦੇ ਜਵਾਬ ਵਿਚ ਬਘੇਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਚੋਣ ਉਨ੍ਹਾਂ ਨੇ ਨਹੀਂ ਕੀਤੀ, ਇਹ ਫ਼ੈਸਲਾ ਹਾਈਕਮਾਨ ਦਾ ਹੈ ਅਤੇ ਹਾਈ ਕਮਾਨ ਦੇ ਫੈਸਲੇ ਵਿਚ ਬਾਰ-ਬਾਰ ਤਬਦੀਲੀ ਕਰਨ ਦੀ ਰਿਵਾਇਤ ਨਹੀਂ ਹੈ । ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ, ਸਾਰੇ ਆਗੂ ਅਤੇ ਵਰਕਰ ਕਾਂਗਰਸ ਦੀ ਵਿਚਾਰਧਾਰਾ ਅਤੇ ਕੇਂਦਰੀ ਲੀਡਰਸ਼ਿਪ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ । ਉਨ੍ਹਾਂ ਕਿਹਾ ਕਿ ਸਾਡੇ ਲੀਡਰ ਰਾਹੁਲ ਗਾਂਧੀ ਅਤੇ ਸਾਡੇ ਪ੍ਰਧਾਨ ਮਲਿਕਅਰਜੁਨ ਖੜਗੇ ਹਨ। ਉਨ੍ਹਾਂ ਤੋਂ ਇਲਾਵਾ ਪੰਜਾਬ ਕਾਂਗਰਸ ਲਈ ਕੋਈ ਹੋਰ ਨਾ ਤਾਂ ਕੋਈ ਫ਼ੈਸਲਾ ਲੈ ਸਕਦਾ ਹੈ ਅਤੇ ਨਾ ਹੀ ਕਿਸੇ ਫ਼ੈਸਲੇ ਵਿਚ ਤਬਦੀਲੀ ਕਰ ਸਕਦਾ ਹੈ । ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਲੀਡਰਾਂ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ ਦੌਰਾਨ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਪਾਰਟੀ ਵਲੋਂ ਸਖ਼ਤ ਰੁਖ ਅਪਣਾਇਆ ਜਾਵੇਗਾ । ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਇਕ ਹੈ ਅਤੇ ਸਾਰੇ ਲੀਡਰ ਜਲਦ ਇਕ ਮੰਚ ’ਤੇ ਦਿਖਾਈ ਦੇਣਗੇ ਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਾਰੇ ਰਲ ਕੇ ਅੱਗੇ ਵਧਣਗੇ।
ਵੜਿੰਗ ਖ਼ਿਲਾਫ਼ ਉੱਤਰਿਆ ਸਵ. ਹਰਚਰਨ ਸਿੰਘ ਬਰਾੜ ਦਾ ਪਰਿਵਾਰ
ਉੱਧਰ ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੇ ਪਰਿਵਾਰ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਸਵ. ਬਰਾੜ ਦੇ ਪਰਿਵਾਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਕਿਹਾ ਕਿ ਰਾਜਾ ਵੜਿੰਗ ਨੇ ਪੂਰੀ ਕਾਂਗਰਸ ’ਚ ਕਲੇਸ਼ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਰਾਜਾ ਵੜਿੰਗ ਦੀ ਜਗ੍ਹਾ ਹੁੰਦੀ ਤਾਂ ਪਾਰਟੀ ਲਈ ਕੁਰਬਾਨੀ ਦੇ ਕੇ ਅਹੁਦਾ ਛੱਡ ਦਿੰਦੀ।
ਖਿੱਚੋਤਾਣ ਵਿਚਾਲੇ ਪਾਰਟੀ ’ਚ ਸ਼ਮੂਲੀਅਤ ਕਰਾਉਣ ’ਚ ਰੁੱਝੇ ‘ਰਾਜਾ’
ਪੰਜਾਬ ਕਾਂਗਰਸ ਵਿਚ ਚੱਲ ਰਹੀ ਸਿਖਰਲੀ ਖਿੱਚੋਤਾਣ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ ਉੱਥੇ ਪਾਰਟੀ ਵਿਚ ਸ਼ਮੂਲੀਅਤ ਕਰਾਉਣ ’ਚ ਰੁਜੇ ਵੀ ਦਿਖਾਈ ਦਿੱਤੇ। ਉਨ੍ਹਾਂ ਮੁਲਾਜ਼ਮ ਯੂਨੀਅਨ ਦੇ ਸਰਗਰਮ ਆਗੂ ਰਹੇ ਕੁਲਵਿੰਦਰ ਸਿੰਘ ਅਰਨੋ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ । ਰਾਜਾ ਵੜਿੰਗ ਨੇ ਕਿਹਾ ਕਿ ਅਰਨੋ ਦਾ ਪਟਿਆਲਾ ਵਿਚ ਵੱਡਾ ਆਧਾਰ ਹੈ ਅਤੇ ਪਾਰਟੀ ਵਿਚ ਇਨ੍ਹਾਂ ਦੇ ਸ਼ਾਮਿਲ ਹੋਣ ਨਾਲ ਵੱਡਾ ਬਲ ਮਿਲੇਗਾ।

Ad Position 22
No active advertisement
ਪਿਛਲੀ ਖ਼ਬਰ ਨਵੀਂ ਵੋਟਰ ਸੂਚੀ ’ਚ ਨਾਂਅ ਦਰਜ ਕਰਵਾਉਣ ਲਈ ਐਸ.ਆਈ.ਆਰ. ਫਾਰਮ ਭਰਨਾ ਲਾਜ਼ਮੀ- ਮੁੱਖ ਮੰਤਰੀ ਅਗਲੀ ਖ਼ਬਰ ਭਾਰਤ, ਕੈਨੇਡਾ ਤੇ ਯੂਰਪ ’ਚ ਸਰਗਰਮ ਭਾਰਤੀ ਗੈਂਗਸਟਰਾਂ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ
Ad Position 24
No active advertisement