ਹੁਸ਼ਿਆਰਪੁਰ, 8 ਜੁਲਾਈ (ਹਰਪ੍ਰੀਤ ਕੌਰ)-ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ.ਬੀ.ਆਈ.) ਵਲੋਂ ਭਾਰਤ ਨਾਲ ਜੁੜੇ ਸੰਗਠਿਤ ਅਪਰਾਧ ਸਮੂਹਾਂ ਖ਼ਿਲਾਫ਼ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਜੋ ਕਾਰਵਾਈ ਆਰੰਭੀ ਗਈ ਹੈ, ਉਸ ਦੀ ਰਿਪੋਰਟ ’ਚ ਟਾਂਡਾ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ’ਤੇ 4 ਲੱਖ ਅਮਰੀਕੀ ਡਾਲਰ ਦੀ ਜ਼ਬਰੀ ਵਸੂਲੀ ਦੇ ਦੋਸ਼ ਲਗਾਏ ਗਏ ਹਨ। ਐਫ.ਬੀ.ਆਈ. ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਭਾਰਤ ’ਚ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹ, ਜੋ ਜੇਲ੍ਹਾਂ ਤੋਂ ਅਪਰਾਧਾਂ ਨੂੰ ਨਿਰਦੇਸ਼ਿਤ ਕਰਦੇ ਸਨ, ਦੇ 24 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪਰਾਧਿਕ ਸੰਗਠਨਾਂ ਤੋਂ ਸੇਧ ਲੈਣ ਵਾਲਿਆਂ ’ਚ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਂਅ ਵੀ ਸ਼ਾਮਿਲ ਹੈ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਕਤ ਅਧਿਕਾਰੀ ਨੇ ਅਮਰੀਕਾ ਦੇ ਲਾਸ ਏਂਜਲਸ ਦੇ ਇਕ ਪਰਿਵਾਰ ਤੋਂ ਝੂਠੇ ਕਤਲ ਕੇਸ ’ਚ ਫ਼ਸਾਉਣ ਦੀ ਧਮਕੀ ਦੇ ਕੇ ਫਿਰੌਤੀ ਮੰਗੀ ਸੀ। ਦੋਸ਼ ਹੈ ਕਿ ਉਹ ਜੱਗੂ ਭਗਵਾਨਪੁਰੀਆ ਸੰਗਠਨ ਦੇ ਸੰਪਰਕ ’ਚ ਸੀ। ਦੋਸ਼-ਪੱਤਰ ’ਚ ਦੱਸਿਆ ਗਿਆ ਹੈ ਕਿ ਜੱਗੂ ਭਗਵਾਨਪੁਰੀਆ ਨੇ ਕਾਨੂੰਨ ਲਾਗੂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨਾਲ ਭਾਈਵਾਲੀ ਕੀਤੀ ਤੇ ਉਨ੍ਹਾਂ ਨੂੰ ਜ਼ਬਰੀ ਵਸੂਲੀ ’ਚ ਸ਼ਾਮਿਲ ਕੀਤਾ। ਨਾਗਰਾ ’ਤੇ ਦੋਸ਼ ਹੈ ਕਿ ਉਸ ਨੇ ਇਕ ਪਰਿਵਾਰ ਨੂੰ ਝੂਠੇ ਕੇਸ ’ਚ ਫਸਾਉਣ ਦਾ ਡਰ ਦੇ ਕੇ ਪੈਸੇ ਦੀ ਮੰਗ ਕੀਤੀ। ਉਹ ਇਸ ਪੈਸੇ ਨਾਲ ਅਮਰੀਕਾ ’ਚ ਪ੍ਰਾਪਰਟੀ ਖਰੀਦਣਾ ਚਾਹੁੰਦੀ ਸੀ। ਸੰਘੀ ਅਧਿਕਾਰੀਆਂ ਅਨੁਸਾਰ ਭਗਵਾਨਪੁਰੀਆ ਸਿੰਡੀਕੇਟ ਦੇ ਇਕ ਮੈਂਬਰ ਗੁਰਲਾਲ ਸਿੰਘ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਕੈਲੇਫੋਰਨੀਆ ’ਚ ਰਹਿ ਰਿਹਾ ਹੈ, ਰਾਹੀਂ ਨਾਗਰਾ ਨੂੰ ਫਿਰੌਤੀ ਵਾਲੇ ਵਿਅਕਤੀ ਦਾ ਨਾਂਅ ਤੇ ਵੇਰਵੇ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਸ ਸਾਲ 15 ਜਨਵਰੀ ਨੂੰ ਟਾਂਡਾ ਦੇ ਪਿੰਡ ਮਿਆਣੀ ਵਿਖੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਤਿਕਾਰ ਹਾਰਡਵੇਅਰ ਨਾਂਅ ਦੀ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਦੌਰਾਨ ਲਖਵਿੰਦਰ ਸਿੰਘ ਨਾਂਅ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਦੇ ਬਿਆਨਾਂ ਦੇ ਆਧਾਰ ’ਤੇ ਟਾਂਡਾ ਥਾਣੇ ’ਚ ਐਫ.ਆਈ.ਆਰ. ਦਰਜ ਹੋ ਗਈ। ਨਾਗਰਾ ’ਤੇ ਦੋਸ਼ ਹੈ ਕਿ ਉਸ ਨੇ ਨਿਸ਼ਾਨਾ ਬਣਾਏ ਜਾਣ ਵਾਲੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਇਸ ਕਤਲ ’ਚ ਫਸਾਉਣ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ। ਸੋਸ਼ਲ ਮੀਡੀਆ ’ਤੇ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਹਰਕਤ ’ਚ ਆਉਂਦਿਆਂ ਇੰਸਪੈਕਟਰ ਗੁਰਿੰਦਰਜੀਤ ਲਿੰਘ ਨਾਗਰਾ ਨੂੰ ਪੁਲਿਸ ਲਾਈਨ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਹੈ ਤੇ ਉਸ ਖਿਲਾਫ਼ ਜਾਂਚ ਬਿਠਾ ਦਿੱਤੀ ਹੈ। ਡੀ.ਆਈ.ਜੀ. ਜਲੰਧਰ ਰੇਂਜ ਵਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਐਸ.ਪੀ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਪੂਰੇ ਮਾਮਲੇ ਦੀ ਜਾਂਚ ਕਰਨਗੇ ਤੇ ਜਲਦ ਹੀ ਇਸ ਦੀ ਰਿਪੋਰਟ ਦੇਣਗੇ। ਬਿਆਨ ’ਚ ਕਿਹਾ ਗਿਆ ਹੈ ਕਿ ਜਾਂਚ ’ਚ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।