ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

‘328 ਪਾਵਨ ਸਰੂਪ’ ਮਾਮਲਾ: ‘ਸਿਟ’ ਦੀ ਟੀਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੁੱਜੀ

Ad Position 21
No active advertisement
ਅਜੀਤ ਡੈਸਕ 09-07-2026

ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 8 ਜੁਲਾਈ -ਪੰਜਾਬ ਸਰਕਾਰ ਵਲੋਂ 328 ਪਾਵਨ ਸਰੂਪ ਮਾਮਲੇ ਦੀ ਜਾਂਚ ਲਈ ਗਠਿਤ ‘ਸਿੱਟ’ ਦੀ ਟੀਮ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਅਤੇ ਪ੍ਰਕਾਸ਼ਨ ਅਸਥਾਨ ਸਥਾਨਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਥਾਪਿਤ ਪ੍ਰੈੱਸ ਵਿਖੇ ਪੁੱਜੀ। ‘ਸਿਟ’ ਦੇ ਮੁਖੀ ਡਾ. ਨਾਨਕ ਸਿੰਘ ਡੀ.ਆਈ.ਜੀ. ਰੋਪੜ ਰੇਂਜ ਦੀ ਅਗਵਾਈ ਵਿਚ ਪੁੱਜੀ।ਇਸ ਟੀਮ ਵਿਚ ਉਨ੍ਹਾਂ ਤੋਂ ਇਲਾਵਾ ਐੱਸ. ਐੱਸ. ਪੀ. ਖੰਨਾ ਦਰਪਨ ਆਹਲੂਵਾਲੀਆ, ਏ. ਆਈ. ਜੀ. ਸੁਖਨਾਜ਼ ਸਿੰਘ, ਡੀ.ਐੱਸ.ਪੀ. ਗੁਰਬੀਰ ਸਿੰਘ, ਸਾਬਕਾ ਡੀ.ਐੱਸ.ਪੀ. ਹਰਮਿੰਦਰ ਸਿੰਘ, ਸਥਾਨਕ ਐੱਸ.ਐੱਚ.ਓ. ਸੀ ਡਿਵੀਜ਼ਨ ਰਜਵੰਤ ਕੌਰ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਇਸ ਟੀਮ ਵਲੋਂ ਸ੍ਰੀ ਰਾਮਸਰ ਸਾਹਿਬ ਵਿਖੇ ਆਪਣੀ ਕਰੀਬ ਦੋ ਘੰਟੇ ਦੀ ਫੇਰੀ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਪਾਵਨ ਸਰੂਪਾਂ ਦੀ ਛਪਾਈ ਲਈ ਸਥਾਪਿਤ ਪ੍ਰੈੱਸ ਵਿਖੇ ਪਾਵਨ ਸਰੂਪਾਂ ਦੀ ਛਪਾਈ ਤੋਂ ਲੈ ਕੇ ਪਾਵਨ ਸਰੂਪਾਂ ਦੀ ਸੰਭਾਲ, ਸ਼ਰਧਾਲੂਆਂ ਨੂੰ ਪਾਵਨ ਸਰੂਪ ਦਿੱਤੇ ਜਾਣ ਅਤੇ ਭੇਟਾ ਜਮ੍ਹਾਂ ਹੋਣ ਆਦਿ ਦੀ ਪ੍ਰਕਿਰਿਆ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਨਾਨਕ ਸਿੰਘ ਨੇ ਕਿਹਾ ਕਿ 328 ਪਾਵਨ ਸਰੂਪਾਂ ਸੰਬੰਧੀ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਇਥੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਆਏ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੀ ਜੋ ਪ੍ਰਕਿਰਿਆ ਹੈ, ਉਸ ਨੂੰ ਸਮਝਿਆ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਤਤਕਾਲੀ ਅਹੁਦੇਦਾਰ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੋ ਪਹਿਲਾਂ ਤਫਤੀਸ਼ ਚੱਲ ਰਹੀ ਹੈ, ਉਸੇ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਕੁਝ ਅਹੁਦੇਦਾਰਾਂ ਨਾਲ ਕਾਫੀ ਵਿਸਥਾਰ ਵਿਚ ਗੱਲਬਾਤ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕਿਵੇਂ ਛਪਾਈ ਹੁੰਦੀ ਹੈ, ਉਸ ਤੋਂ ਬਾਅਦ ਕਿਥੇ ਰੱਖਿਆ ਜਾਂਦਾ ਅਤੇ ਜੇ ਕੋਈ ਪਾਵਨ ਸਰੂਪ ਲੈਣ ਆਉਂਦਾ ਤੇ ਉਸ ਨੂੂੰ ਕਿਸ ਤਰੀਕੇ ਨਾਲ ਪਾਵਨ ਸਰੂਪ ਦਿੱਤੇ ਜਾਂਦੇ ਤੇ ਇਨ੍ਹਾਂ ਦੀ ਕਿਵੇਂ ਭੇਟਾ ਜਮ੍ਹਾਂ ਕਰਾਈ ਜਾਂਦੀ ਹੈ, ਇਸ ਸੰਬੰਧੀ ਵਿਸਥਾਰਤ ਜਾਣਕਾਰੀ ਹਾਸਿਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੇਸ ਵਿਚ ਜੋ ਪਹਿਲਾਂ ਪਰਚਾ ਦਰਜ ਹੈ, ਉਨ੍ਹਾਂ ਦੇ ਨਾਲ-ਨਾਲ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਜੋ ਵੀ ਅਹੁਦੇਦਾਰ ਜਾਂ ਕਰਮਚਾਰੀ ਸਨ, ਉਨ੍ਹਾਂ ਤੋਂ ਵੀ ਪੁੱਛ-ਗਿੱਛ ਕੀਤੀ ਗਈ ਹੈ। ਇਕ ਸਵਾਲ ਦੇ ਜਵਾਬ ਵਿਚ ‘ਸਿੱਟ’ ਮੁਖੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ‘ਸਿਟ’ ਨੂੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਜੋ ਵੀ ਰਿਕਾਰਡ ਦੀ ਮੰਗ ਕੀਤੀ ਗਈ, ਉਨ੍ਹਾਂ ਉਹ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਸਿਟ’ ਜਲਦੀ ਹੀ ਜਾਂਚ ਦੇ ਸਿੱਟੇ ‘ਤੇ ਪੁੱਜ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਟੀਮ ਵਲੋਂ ਅੱਜ ਪਾਵਨ ਸਰੂਪਾਂ ਦੇ ਪ੍ਰਕਾਸ਼ਨ, ਪਰੂਫ ਰੀਡਿੰਗ, ਜਿਲਦਬੰਦੀ ਆਦਿ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਤੱਤਕਾਲੀ ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੇ ਇੰਚਾਰਜ ਅਤੇ ਮੌਜੂਦਾ ਮੀਤ ਸਕੱਤਰ ਗੁਰਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਦਾ ਕਮਾਂਡਰ ਜ਼ਾਕਿਰ ਅਹਿਮਦ ਗਨੀ ਹਲਾਕ ਅਗਲੀ ਖ਼ਬਰ ਐਫ.ਬੀ.ਆਈ. ਵਲੋਂ ਸੰਗਠਿਤ ਅਪਰਾਧ ਸਮੂਹਾਂ ਸੰਬੰਧੀ ਰਿਪੋਰਟ ’ਚ ਐਸ.ਐਚ.ਓ. ਟਾਂਡਾ ਦਾ ਨਾਂਅ
Ad Position 24
No active advertisement