ਸ੍ਰੀਨਗਰ, 8 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੁਆਰਾ ਵਿੱਢੀ ਇਕ ਅੱਤਵਾਦ ਵਿਰੋਧੀ ਕਾਰਵਾਈ ’ਚ ਬੁੱਧਵਾਰ ਨੂੰ ਇਕ ਸਵੈ-ਘੋਸ਼ਿਤ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਮਾਰਿਆ ਗਿਆ। ਸੁਰੱਖਿਆ ਬਲਾਂ ਨੇ 3 ਜੁਲਾਈ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਮੀਮੰਦਰ ਖੇਤਰ ’ਚ ਇਕ ਸੰਘਣੇ ਬਾਗ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਸੱਤ ਪਿੰਡ ਸ਼ਾਮਿਲ ਹਨ। ਜੰਮੂ ਕਸ਼ਮੀਰ ਪੁਲਿਸ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਸੀ ਕਿ ਤੁਸੀਂ ਭੱਜ ਸਕਦੇ ਹੋ ਪਰ ਤੁਸੀਂ ਲੁਕ ਨਹੀਂ ਸਕਦੇ। ਇਕ ਲਸ਼ਕਰ ਅੱਤਵਾਦੀ ਨੂੰ ਐਸ ਓ ਜੀ ਸ਼ੋਪੀਆਂ ਵਲੋਂ ਆਰ. ਆਰ. ਅਤੇ ਸੀ. ਆਰ. ਪੀ. ਐਫ਼. ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ’ਚ ਮਾਰ ਦਿੱਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮਾਰੇ ਗਏ ਅੱਤਵਾਦੀ ਦੀ ਪਛਾਣ ਜ਼ਾਕਿਰ ਅਹਿਮਦ ਗਨੀ ਵਜੋਂ ਕੀਤੀ, ਜੋ ਕਿ ਪਾਬੰਦੀਸ਼ੁਦਾ ਲਸ਼ਕਰ ਸੰਗਠਨ ਦਾ ਇਕ ਸਵੈ-ਘੋਸ਼ਿਤ ਕਮਾਂਡਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਕੁਲਗਾਮ ਜ਼ਿਲ੍ਹੇ ਦੇ ਮੋਟਲਹਾਮਾ ਇਲਾਕੇ ਦਾ ਰਹਿਣ ਵਾਲਾ ਗਨੀ (26) 27 ਸਤੰਬਰ, 2023 ਨੂੰ ਸ਼ਟਰਿੰਗ ਦਾ ਕੰਮ ਕਰਨ ਲਈ ਦਿਆਲਗਾਮ ਲਈ ਆਪਣੇ ਘਰ ਤੋਂ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਉਨ੍ਹਾਂ ਕਿਹਾ ਕਿ ਉਸਦੇ ਪਰਿਵਾਰਕ ਮੈਂਬਰਾਂ ਦੁਆਰਾ ਕੀਤੀ ਗਈ ਅਸਫਲ ਖੋਜ ਤੋਂ ਬਾਅਦ, 3 ਅਕਤੂਬਰ, 2023 ਨੂੰ ਕੁਲਗਾਮ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਗਨੀ ਬਾਅਦ ’ਚ ਲਸ਼ਕਰ-ਏ-ਤਾਇਬਾ ਦੀ ਇਕ ਸ਼ਾਖਾ, ਦ ਰੇਸਿਸਟੈਂਸ ਫਰੰਟ ਅੱਤਵਾਦੀ ਸੰਗਠਨ ’ਚ ਸ਼ਾਮਿਲ ਹੋ ਗਿਆ।