ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪ੍ਰਧਾਨ ਮੰਤਰੀ 17 ਨੂੰ ਪੰਜਾਬ ਫ਼ੇਰੀ ਦੌਰਾਨ ਜਲੰਧਰ ਕੈਂਟ ਤੋਂ ਮੁਕਤਸਰ ਸਾਹਿਬ, ਮੁਹਾਲੀ, ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨਾਂ ਦਾ ਕਰਨਗੇ ਵਰਚੁਅਲ ਉਦਘਾਟਨ

Ad Position 21
No active advertisement
ਅਜੀਤ ਡੈਸਕ 09-07-2026

ਚੰਡੀਗੜ੍ਹ, 8 ਜੁਲਾਈ (ਸੰਦੀਪ ਕੁਮਾਰ ਮਾਹਨਾ) -ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਦੇ 172 ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਤਹਿਤ ਕਈ ਰੇਲਵੇ ਸਟੇਸ਼ਨਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਨ੍ਹਾਂ ’ਚ ਉੱਤਰੀ ਭਾਰਤ ਦੇ ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਜਲੰਧਰ ਕੈਂਟ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ 17 ਜੁਲਾਈ ਨੂੰ ਪੰਜਾਬ ਦੌਰੇ ਦੌਰਾਨ ਇਨ੍ਹਾਂ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨਾਂ ਦੇ ਸ਼ੁਰੂ ਹੋਣ ਨਾਲ ਮੁਸਾਫ਼ਰਾਂ ਨੂੰ ਬਿਹਤਰ ਸਹੂਲਤਾਂ ਮਿਲਣ ਦੇ ਨਾਲ-ਨਾਲ ਸਥਾਨਕ ਵਪਾਰ, ਸੈਰ-ਸਪਾਟੇ ਅਤੇ ਖੇਤਰੀ ਅਰਥਚਾਰੇ ਨੂੰ ਵੀ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ 1,300 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਪੜਾਅਵਾਰ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਸਟੇਸ਼ਨਾਂ ਨੂੰ ਸਿਰਫ਼ ਰੇਲ ਯਾਤਰਾ ਦਾ ਕੇਂਦਰ ਹੀ ਨਹੀਂ, ਸਗੋਂ ਸ਼ਹਿਰਾਂ ਦੀ ਪਛਾਣ ਅਤੇ ਆਰਥਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਵੀ ਵਿਕਸਤ ਕਰਨਾ ਹੈ। ਪੰਜਾਬ ’ਚ ਵੀ ਇਸ ਯੋਜਨਾ ਤਹਿਤ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਕਾਲਕਾ, ਐਸ.ਏ.ਐਸ ਨਗਰ (ਮੁਹਾਲੀ), ਸ੍ਰੀ ਅਨੰਦਪੁਰ ਸਾਹਿਬ, ਮੁਕਤਸਰ ਸਾਹਿਬ ਅਤੇ ਅੰਬ ਅੰਦੌਰਾ ਤੋਂ ਇਲਾਵਾ ਚੰਡੀਗੜ੍ਹ, ਲੁਧਿਆਣਾ, ਜਲੰਧਰ ਛਾਉਣੀ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ ਕੈਂਟ, ਪਠਾਨਕੋਟ ਕੈਂਟ, ਫਗਵਾੜਾ, ਬਿਆਸ, ਧੂਰੀ, ਸੰਗਰੂਰ, ਮਲੇਰਕੋਟਲਾ, ਹੁਸ਼ਿਆਰਪੁਰ, ਮੋਗਾ ਅਬੋਹਰ, ਅਤੇ ਹੋਰ ਕਈ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਸਟੇਸ਼ਨਾਂ ’ਤੇ ਵੱਖ-ਵੱਖ ਪੜਾਵਾਂ ’ਚ ਵਿਕਾਸ ਕਾਰਜ ਜਾਰੀ ਹਨ ਅਤੇ ਕਈਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਯੋਜਨਾ ਤਹਿਤ ਰੇਲਵੇ ਸਟੇਸ਼ਨਾਂ ’ਤੇ ਵਿਸ਼ਾਲ ਅਤੇ ਆਧੁਨਿਕ ਉਡੀਕ ਹਾਲ, ਨਵੇਂ ਪਲੇਟਫਾਰਮ ਸ਼ੈੱਡ, ਲਿਫ਼ਟਾਂ, ਐਸਕੇਲੇਟਰ, ਡਿਜੀਟਲ ਡਿਸਪਲੇ ਬੋਰਡ, ਅਤਿ-ਆਧੁਨਿਕ ਮੁਸਾਫ਼ਰ ਸੂਚਨਾ ਪ੍ਰਣਾਲੀ, ਸੀ.ਸੀ.ਟੀ.ਵੀ ਨਿਗਰਾਨੀ, ਅਪੰਗ ਵਿਅਕਤੀਆਂ ਲਈ ਰੈਂਪ ਅਤੇ ਵਿਸ਼ੇਸ਼ ਸਹੂਲਤਾਂ, ਬਿਹਤਰ ਪਾਰਕਿੰਗ, ਸੁੰਦਰ ਲੈਂਡਸਕੇਪਿੰਗ ਅਤੇ ਊਰਜਾ-ਕੁਸ਼ਲ ਰੌਸ਼ਨੀ ਪ੍ਰਬੰਧ ਵਰਗੀਆਂ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਪੀ.ਜੀ.ਆਈ. ਦੇ ਦੋ ਵੱਡੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਚੰਡੀਗੜ੍ਹ, 8 ਜੁਲਾਈ (ਮਾਰਕੰਡਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾ ਦੌਰਾ ਕਰਨਗੇ। ਜਿੱਥੇ ਉਹ ਦੋ ਵੱਡੇ ਪ੍ਰਾਜੈਕਟਾਂ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ ਕਰਨਗੇ, ਜਿਨ੍ਹਾਂ ਨੂੰ 435 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਮਦਰ ਐਂਡ ਚਾਈਲਡ ਸੈਂਟਰ ਵਿਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਇਕੋ ਛੱਤ ਹੇਠ ਆਧੁਨਿਕ ਡਾਕਟਰੀ ਦੇਖਭਾਲ ਅਤੇ ਕਈ ਹੋਰ ਸਹੂਲਤਾਂ ਪ੍ਰਾਪਤ ਹੋਣਗੀਆਂ। ਨਿਊਰੋ ਸਾਇੰਸ ਸੈਂਟਰ ਦਿਮਾਗ਼ ਦੇ ਟਿਊਮਰ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਵਰਗੀਆਂ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਵਿਚ ਸਹਾਈ ਹੋਵੇਗਾ। ਜਾਣਕਾਰੀ ਅਨੁਸਾਰ ਮੁੱਖ ਸਮਾਗਮ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿਚ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ਨੂੰ ਓ.ਟੀ.ਟੀ. ਤੋਂ ਹਟਾਉਣ ’ਚ ਭਾਜਪਾ ਦੀ ਕੋਈ ਭੂਮਿਕਾ ਨਹੀਂ-ਬਿੱਟੂ ਅਗਲੀ ਖ਼ਬਰ ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਦਾ ਕਮਾਂਡਰ ਜ਼ਾਕਿਰ ਅਹਿਮਦ ਗਨੀ ਹਲਾਕ
Ad Position 24
No active advertisement