03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਯੂ.ਏ.ਈ. ਦੇ ਤੇਲ ਟੈਂਕਰਾਂ ’ਤੇ ਈਰਾਨ ਵਲੋਂ ਮਿਜ਼ਾਈਲ ਹਮਲੇ-ਇਕ ਭਾਰਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 15-07-2026

ਦੁਬਈ, 14 ਜੁਲਾਈ (ਏਜੰਸੀ)-ਅਮਰੀਕਾ ਅਤੇ ਈਰਾਨ ਵਲੋਂ ਜਾਰੀ ਹਮਲਿਆਂ ਦਰਮਿਆਨ ਹੋਰਮੁਜ਼ ਜਲਮਾਰਗ ’ਚ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨੀ ਬੰਦਰਗਾਹਾਂ ’ਤੇ ਨਾਕਾਬੰਦੀ ਮੁੜ ਸ਼ੁਰੂ ਕਰਨ ਅਤੇ ਹੋਰਮੁਜ਼ ਜਲਮਾਰਗ ’ਚ ਜਹਾਜ਼ਾਂ ’ਤੇ ਟੋਲ ਲਗਾਉਣ ਦਾ ਐਲਾਨ ਕਰਨ ਦੇ ਕੁੱਝ ਘੰਟਿਆਂ ਬਾਅਦ ਅਮਰੀਕਾ ਨੇ ਮੰਗਲਵਾਰ ਸਵੇਰੇ ਈਰਾਨ ’ਤੇ ਤਾਜ਼ਾ ਹਮਲੇ ਕੀਤੇ। ਈਰਾਨ ਨੇ ਵੀ ਅਮਰੀਕਾ ਦੇ ਮੱਧ ਪੂਰਬੀ ਸਹਿਯੋਗੀਆਂ ’ਤੇ ਹਮਲੇ ਕਰਕੇ ਜਵਾਬ ਦਿੱਤਾ। ਅਮਰੀਕਾ ਨੇ ਮੰਗਲਵਾਰ ਸਵੇਰੇ ਈਰਾਨ ’ਤੇ ਕਰੀਬ ਪੰਜ ਘੰਟੇ ਬੰਬਾਰੀ ਕੀਤੀ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਬੁਸ਼ਹਰ, ਚਾਬਹਾਰ, ਜਾਸਕ, ਕੋਨਾਰਕ, ਅਬੂ ਮੂਸਾ ਅਤੇ ਬੰਦਰ ਅੱਬਾਸ ਸਥਿਤ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਕਿਹਾ ਕਿ ਇਸ ਦੌਰਾਨ ਈਰਾਨ ਦੇ ਤੱਟੀ ਰੱਖਿਆ ਪ੍ਰਣਾਲੀਆਂ, ਮਿਜ਼ਾਈਲ ਅਤੇ ਡਰੋਨ ਟਿਕਾਣਿਆਂ ਅਤੇ ਸਮੁੰਦਰੀ ਸੈਨਿਕ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਇਹ ਹਮਲੇ ਈਰਾਨੀ ਫੌਜਾਂ ’ਤੇ ਭਾਰੀ ਪੈਣਗੇ ਅਤੇ ਹੋਰਮੁਜ਼ ਜਲ ਮਾਰਗ ਵਿਚ ਨਿਰਦੋਸ਼ ਨਾਗਰਿਕਾਂ ਅਤੇ ਵਪਾਰਕ ਜਹਾਜ਼ਾਂ ‘ਤੇ ਹਮਲਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਘੱਟ ਕਰਨਗੇ। ਹੋਰਮੁਜ਼ ’ਚ ਈਰਾਨ ਨੇ ਸੋਮਵਾਰ ਦੇਰ ਰਾਤ ਯੂ.ਏ.ਈ ਦੇ ਦੋ ਤੇਲ ਟੈਂਕਰਾਂ ’ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲੇ ਕੀਤੇ। ਇਸ ਹਮਲੇ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦੋਂਕਿ 10 ਭਾਰਤੀ ਨਾਗਰਿਕਾਂ ਸਮੇਤ ਚਾਲਕ ਦਲ ਦੇ 12 ਮੈਂਬਰ ਜ਼ਖ਼ਮੀ ਹੋ ਗਏ। ਭਾਰਤ ਨੇ ਮੰਗਲਵਾਰ ਸਵੇਰੇ ਈਰਾਨ ਦੇ ਉਪ ਰਾਜਦੂਤ ਮੁਹੰਮਦ ਜਵਾਦ ਹੁਸੈਨੀ ਸਮੇਤ ਈਰਾਨੀ ਕੂਟਨੀਤਕਾਂ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਈਰਾਨੀ ਮਿਸ਼ਨ ਤੋਂ ਜਵਾਬ ਮੰਗਿਆ। ਯੂ.ਏ.ਈ ’ਚ ਸਥਿਤ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਮਿਜ਼ਾਈਲ ਹਮਲੇ ’ਚ ਭਾਰਤੀ ਨਾਗਰਿਕ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਦੂਤਘਰ ਨੇ ਪੂਰੇ ਘਟਨਾਕ੍ਰਮ ’ਤੇ ਨਜ਼ਰ ਬਣਾਈ ਹੋਈ ਹੈ।ਅਸੀਂ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹਾਂ।
ਈਰਾਨ ਨੇ ਅਮਰੀਕੀ ਸੈਨਿਕ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਈਰਾਨ ’ਤੇ ਜਾਰੀ ਅਮਰੀਕੀ ਹਮਲਿਆਂ ਦੇ ਜਵਾਬ ’ਚ ਤਾਜ਼ਾ ਸੈਨਿਕ ਕਾਰਵਾਈ ਕਰਦਿਆਂ ਬਹਿਰੀਨ ਸਥਿਤ ਅਮਰੀਕੀ ਫ਼ੌਜ ਦੇ ਟਿਕਾਣਿਆਂ, ਰਾਡਾਰ ਪ੍ਰਣਾਲੀਆਂ ਅਤੇ ਹੋਰ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਈ.ਆਰ.ਜੀ.ਸੀ ਦੇ ਬਿਆਨ ਅਨੁਸਾਰ ਬਹਿਰੀਨ ’ਚ ਅਮਰੀਕੀ ਫ਼ੌਜ ਦੇ ਕਈ ਹਥਿਆਰ ਭੰਡਾਰਾਂ, ਇਕ ਉਪਗ੍ਰਹਿ ਸੰਚਾਰ ਕੇਂਦਰ ਅਤੇ ਅਮਰੀਕੀ ਸੈਨਿਕਾਂ ਦੇ ਆਵਾਸੀ ਕੰਪਲੈਕਸ ’ਤੇ ਮਿਜ਼ਾਈਲ ਅਤੇ ਡਰੋਨ ਨਾਲ ਹਮਲਾ ਕੀਤਾ ਗਿਆ।
ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ- ਯੂ.ਏ.ਈ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੋਰਮੁਜ਼ ਜਲਮਾਰਗ ’ਚੋਂ ਲੰਘਦੇ ਸਮੇਂ ਦੋ ਟੈਂਕਰਾਂ ‘ਮੋਮਬਾਸਾ’ ਅਤੇ ‘ਅਲ ਬਹੀਆ’ ’ਤੇ ਦੋ ਈਰਾਨੀ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ’ਚ ਇਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਅਤੇ ਚਾਲਕ ਦਲ ਦੇ ਅੱਠ ਹੋਰ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਸ਼ਾਮਿਲ ਹਨ। ਰੱਖਿਆ ਮੰਤਰਾਲੇ ਨੇ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੱਸਿਆ ਹੈ, ਜੋ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ। ਮੰਤਰਾਲੇ ਨੇ ਕਿਹਾ ਕਿ ਯੂ.ਏ.ਈ ਕੋਲ ਇਸ ਤਣਾਅ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ। ਉਹ ਆਪਣੀ ਪ੍ਰਭੂਸੱਤਾ, ਸੁਰੱਖਿਆ, ਸਥਿਰਤਾ ਅਤੇ ਰਾਸ਼ਟਰੀ ਹਿੱਤਾ ਦੀ ਰੱਖਿਆ ਲਈ ਆਪਣੇ ਖੇਤਰ, ਨਾਗਰਿਕਾਂ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਦਰਾਂ ਵਧਾਈਆਂ ਅਗਲੀ ਖ਼ਬਰ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਨਾਲ ਹੋਇਆ ਸੰਪਨ
Ad Position 24
No active advertisement