ਨਵੀਂ ਦਿੱਲੀ,14 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿਚ ਈ-20 ਪੈਟਰੋਲ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਫਿਰ ਹਮਲਾ ਬੋਲਦਿਆਂ, ਇਲਜ਼ਾਮ ਲਾਇਆ ਕਿ ਸਰਕਾਰ ਦੀ ਮਨਮਾਨੀ ਨੂੰ ਜਨਤਾ ਕਿਉਂ ਸਵੀਕਾਰ ਕਰੇ ? ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਇੱਥੋਂ ਤੱਕ ਆਖ ਗਏ ਕਿ ਈ-20 ਬਾਰੇ ਜਿਸ ਵੀ ਮੰਤਰੀ ਨੇ ਫ਼ੈਸਲਾ ਲਿਆ ਹੈ, ਉਸ ਨੂੰ ਟੰਗ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਆਖ ਰਹੀ ਹੈ ਕਿ ਈਥਾਨੌਲ ਦੀ ਵਰਤੋਂ ਕਰਨੀ ਹੀ ਪਏਗੀ, ਕੀ ਅਸੀਂ ਆਪਣਾ ਫ਼ੈਸਲਾ ਖ਼ੁਦ ਨਹੀਂ ਲੈ ਸਕਦੇ ? ਉਨ੍ਹਾਂ ਕਿਹਾ ਕਿ ਈ-20, ਪੇਪਰ ਲੀਕ ਅਤੇ ਰਾਮ ਮੰਦਿਰ ਚੰਦਾ ਚੋਰੀ ਦੇ ਮੁੱਦੇ ’ਤੇ ਅਸੀਂ ਸੰਸਦ ਤੋਂ ਸੜਕ ਤਕ ਸਰਕਾਰ ਦੇ ਖ਼ਿਲਾਫ਼ ਹਾਂ । ਕੇਜਰੀਵਾਲ ਨੇ ਕਿਹਾ ਕਿ ਉਹ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ 2 ਮੰਗਾਂ ਰੱਖ ਚੁੱਕੇ ਹਨ । ਪਹਿਲੀ, ਹਰ ਪੈਟਰੋਲ ਪੰਪ ’ਤੇ ਵਿਕਲਪ ਦਿੱਤਾ ਜਾਵੇ ਯਾਨੀ ਜੋ ਲੋਕ ਈ-20 ਪੈਟਰੋਲ ਭਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੀ ਇਹ ਪੈਟਰੋਲ ਦਿੱਤਾ ਜਾਵੇ । ਦੂਜਾ ਈ-20 ਦੀ ਕੀਮਤ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਗੱਡੀਆਂ ਦੀ ਮਾਈਲੇਜ ਖ਼ਰਾਬ ਹੋ ਰਹੀ ਹੈ । ਕੇਜਰੀਵਾਲ ਨੇ ਕਿਹਾ ਕਿ ਉਹ ਈ-20 ਦੇ ਮੁੱਦੇ ਨੂੰ ਲੈ ਕੇ ਜਨਤਾ ਦੇ ਵਿਚਕਾਰ ਗਏ ਸੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਸੀ, ਇਸ ਲਈ ਇਸ ਮੁੱਦੇ ਬਾਰੇ ਪੀ.ਐਮ. ਮੋਦੀ ਕੋਲੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ । ਉਨ੍ਹਾਂ ਜੰਤਰ ਮੰਤਰ ’ਤੇ ਬੇਮਿਆਦੀ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੁੱਕ ਨੂੰ ਦੇਸ਼ ਦਾ ਧਰੋਹਰ ਕਰਾਰ ਦਿੰਦੇ ਹੋਏ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹ 16 ਜੁਲਾਈ ਨੂੰ ਧਰਨਾ ਅਸਥਾਨ ’ਤੇ ਜਾ ਕੇ ਸੋਨਮ ਵਾਂਗਚੁਕ ਨਾਲ ਮੁਲਾਕਾਤ ਕਰਨਗੇ ਕਿਉਂਕਿ ਉਨ੍ਹਾਂ ਦੀ ਤਬੀਅਤ ਲਗਾਤਾਰ ਵਿਗੜ ਰਹੀ ਹੈ ।
ਈ-20 ਪੈਟਰੋਲ ਨੂੰ ਲੈ ਕੇ ਕੇਜਰੀਵਾਲ ਨੇ ਮੁੜ ਕੇਂਦਰ ਨੂੰ ਬਣਾਇਆ ਨਿਸ਼ਾਨਾ
ਅਜੀਤ ਡੈਸਕ
15-07-2026