07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਰਾਹੁਲ ਗਾਂਧੀ ਨੇ ਨਹੀਂ ਦਿੱਤਾ ਚੰਨੀ ਧੜੇ ਨੂੰ ਮਿਲਣ ਦਾ ਸਮਾਂ

Ad Position 21
No active advertisement
ਅਜੀਤ ਡੈਸਕ 17-07-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਜੁਲਾਈ - ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਦਿੱਲੀ ਹਾਈਕਮਾਨ ਵਲੋਂ ਨਾਰਾਜ਼ ਧੜੇ ਨੂੰ ਤਿੱਖੇ ਤੇਵਰ ਵਿਖਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਲਹਿਜ਼ਾ ਨਰਮ ਕਰਦਿਆਂ ਕਿਹਾ ਕਿ ਹਾਈਕਮਾਨ ਜੋ ਵੀ ਫ਼ੈਸਲਾ ਕਰੇਗੀ, ਉਹ ਸਾਨੂੰ ਮਨਜ਼ੂਰ ਹੋਵੇਗਾ। ਚੰਨੀ ਦਾ ਇਹ ਬਿਆਨ ਵੀਰਵਾਰ ਨੂੰ ਇੰਦਰਾ ਭਵਨ ’ਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂੰਗੋਪਾਲ ਨਾਲ ਹੋਈ ਤਕਰੀਬਨ ਸਾਢੇ ਤਿੰਨ ਘੰਟੇ ਦੀ ਮੀਟਿੰਗ ਤੋਂ ਬਾਅਦ ਆਇਆ। ਇਸ ਮੀਟਿੰਗ ’ਚ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਵੀ ਸ਼ਾਮਿਲ ਸਨ। ਜਿਥੇ ਚੰਨੀ ਅਤੇ ਰੰਧਾਵਾ ਇਕੋ ਹੀ ਗੱਡੀ ’ਚ ਮੀਟਿੰਗ ਲਈ ਪਹੁੰਚੇ ਅਤੇ ਉਨ੍ਹਾਂ ਮੀਟਿੰਗ ’ਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਈ ਬਿਆਨ ਨਹੀਂ ਦਿੱਤਾ, ਉਥੇ ਵੱਖ-ਵੱਖ ਪਹੁੰਚੇ ਪਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਨੇ ਇਹੀ ਕਿਹਾ ਕਿ ਉਹ ਵੇਣੂੰਗੋਪਾਲ ਵਲੋਂ ਮਿਲੇ ਸੰਦੇਸ਼ ਤੋਂ ਬਾਅਦ ਇਥੇ (ਮੀਟਿੰਗ ਲਈ) ਪਹੁੰਚੇ ਹਨ। ਚਰਨਜੀਤ ਸਿੰਘ ਚੰਨੀ ਨੇ ਮੁਲਾਕਾਤ ਤੋਂ ਬਾਅਦ ਕਾਂਗਰਸ ’ਚ ‘ਆਲ ਇਜ਼ ਵੈੱਲ’ (ਸਭ ਠੀਕ ਹੈ) ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਸੀਂ ਪਾਰਟੀ ਹਾਈਕਮਾਨ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਚੰਨੀ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਤੀ ਆਪਣੀ ਨਿਸ਼ਠਾ ਦਾ ਵਿਖਾਵਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਾਡੇ ਨੇਤਾ ਹਨ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੇ ਨਾਲ ਹੀ ਜੀਣਾ-ਮਰਨਾ ਹੈ। ਚੰਨੀ ਨੇ ਪਿਛਲੇ ਕੁਝ ਦਿਨਾਂ ਤੋਂ ਮੀਡੀਆ ’ਚ ਚੱਲ ਰਹੀਆਂ ਨਾਰਾਜ਼ਗੀਆਂ ਦੀਆਂ ਖ਼ਬਰਾਂ ਨੂੰ ‘ਬੇਲੋੜਾ ਮੀਡੀਆ ਟਰਾਇਲ’ ਦੱਸਦਿਆਂ ਕਿਹਾ ਕਿ ਸਾਡਾ (ਨਾਰਾਜ਼ ਧੜੇ ਦਾ) ਕੋਈ ਵੀ ਮਨ ਨਹੀਂ ਹੈ ਕਿਸੇ ਨੂੰ ਸ਼ਰਮਿੰਦਾ ਕਰਨ ਦਾ ਜਾਂ ਨੀਵਾਂ ਵਿਖਾਉਣ ਦਾ। ਚੰਨੀ ਨੇ ਸਿੱਧੇ ਤੌਰ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਦੇ ਸਵਾਲ ਨੂੰ ਟਾਲਦਿਆਂ ਕਿਹਾ ਕਿ ਅਸੀਂ ਹਾਈਕਮਾਨ ਅੱਗੇ ਸਿਰਫ਼ ਆਪਣਾ ਪੱਖ ਰੱਖਣਾ ਚਾਹੁੰਦੇ ਸਾਂ। ਫ਼ੈਸਲਾ ਹਮੇਸ਼ਾ ਹਾਈਕਮਾਨ ਦਾ ਹੁੰਦਾ ਹੈ ਜਿਸ ਦਾ ਅਸੀਂ ਸਨਮਾਨ ਕਰਾਂਗੇ। ਚੰਨੀ ਨੇ ਮੋਹਾਲੀ ’ਚ ਹੋਈਆਂ ਮੀਟਿੰਗਾਂ ਨੂੰ ਵੀ ਸ਼ਕਤੀ ਪ੍ਰਦਰਸ਼ਨ ਜਾਂ ਪਾਰਟੀ ਵਿਰੋਧੀ ਨਾ ਦੱਸਦਿਆਂ ਕਿਹਾ ਕਿ ਸਾਡੀ ਉਥੇ (ਚੰਡੀਗੜ੍ਹ ਵਿਖੇ) ਵੀ ਕੋਈ ਅਜਿਹੀ ਮੀਟਿੰਗ ਨਹੀਂ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵੀ ਬਘੇਲ (ਭੁਪੇਸ਼ ਬਘੇਲ, ਪੰਜਾਬ ਇੰਚਾਰਜ) ਨਾਲ ਮਿਲਣ ਲਈ ਸੀ।
ਰਾਹੁਲ ਗਾਂਧੀ ਦਾ ਸਖ਼ਤ ਸੰਦੇਸ਼
ਹਲਕਿਆਂ ਮੁਤਾਬਿਕ ਚੰਨੀ ਦੇ ਬਦਲੇ ਸੁਰਾਂ ਪਿਛੇ ਰਾਹੁਲ ਗਾਂਧੀ ਦਾ ਸਖ਼ਤ ਸੰਦੇਸ਼ ਸੀ ਕਿ ਕਿਸੇ ਵੀ ਧੜੇ ਦੇ ਦਬਾਅ ਦੀ ਨੀਤੀ ਹਾਈਕਮਾਨ ਬਰਦਾਸ਼ਤ ਨਹੀਂ ਕਰੇਗੀ। ਹਾਈਕਮਾਨ ਵਲੋਂ ਚੰਨੀ ਸਮਰਥਕਾਂ ਵਲੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਚਲਾਈ ਮੁਹਿੰਮ ‘ਸਾਰਾ ਪੰਜਾਬ ਚੰਨੀ ਦੇ ਨਾਲ’ ਨੂੰ ਵੀ ਪਾਰਟੀ ਹਾਈਕਮਾਨ ’ਤੇ ਦਬਾਅ ਪਾਉਣ ਦੀ ਨੀਤੀ ਵਜੋਂ ਵੇਖਿਆ ਗਿਆ। ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਤਿੱਖੀ ਹੁੰਦੀ ਇਸ ਮੁਹਿੰਮ ਨੂੰ ਲੈ ਕੇ ਉਹ (ਰਾਹੁਲ) ਕਾਫ਼ੀ ਨਾਰਾਜ਼ ਸਨ। ਹਲਕਿਆਂ ਮੁਤਾਬਿਕ ਚੰਨੀ ਧੜਾ ਰਾਹੁਲ ਗਾਂਧੀ ਨੂੰ ਮਿਲਣ ਦਾ ਚਾਹਵਾਨ ਸੀ, ਪਰ ਚੰਨੀ ਧੜੇ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਨਾਰਾਜ਼ ਹੁੰਦਿਆਂ ਰਾਹੁਲ ਗਾਂਧੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਵੇਣੂਗੋਪਾਲ ਨੂੰ ਰਾਹੁਲ ਦਾ ਸੰਦੇਸ਼ ਨਾਰਾਜ਼ ਧੜੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਵੇਣੂਗੋਪਾਲ ਨੇ ਬੁੱਧਵਾਰ ਨੂੰ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰਾ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕੀਤੀ ਸੀ। ਹਲਕਿਆਂ ਮੁਤਾਬਿਕ ਵੇਣੂਗੋਪਾਲ ਵਲੋਂ ਰਾਹੁਲ ਦਾ ਸੰਦੇਸ਼ ਚੰਨੀ ਧੜੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਜਵਾ ਨੂੰ ਦਿੱਤੀ ਗਈ। ਪੰਜਾਬ ’ਚ ਬਾਜਵਾ ਅਤੇ ਚੰਨੀ ਦੀ ਮੀਟਿੰਗ ਤੋਂ ਬਾਅਦ ਅਗਲੇ ਦਿਨ ਇਹ ਮੀਟਿੰਗ ਦਿੱਲੀ ’ਚ ਹੋਈ ਜਿਸ ’ਚ ਵੇਣੂਗੋਪਾਲ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਵਲੋਂ ਦਿੱਤਾ ‘ਅਨੁਸ਼ਾਸਨ’ ਦਾ ਸੰਦੇਸ਼ ਸਖ਼ਤ ਲਹਿਜ਼ੇ ’ਚ ਚੰਨੀ ਧੜੇ ਨੂੰ ਸਮਝਾਇਆ। ਹਲਕਿਆਂ ਮੁਤਾਬਿਕ ਬਘੇਲ ਵਲੋਂ ਹਾਈਕਮਾਨ ਨੂੰ ਸੌਂਪੀ ਆਪਣੀ ਰਿਪੋਰਟ ’ਚ ਇਹ ਲਿਖਿਆ ਸੀ ਕਿ ਜਦੋਂ ਉਹ ਪਾਰਟੀ ਦੀ ਧੜੇਬੰਦੀ ਸੁਲਝਾਉਣ ਲਈ ਪੰਜਾਬ ਦੇ ਦੌਰੇ ’ਤੇ ਸਨ ਤਾਂ ਨਾਰਾਜ਼ ਧੜੇ ਦੇ ਆਗੂਆਂ ਵਲੋਂ ਨਾਲੋਂ-ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ, ਜਿਸ ਨੂੰ ਪਾਰਟੀ ਦੇ ਸੰਗਠਨਾਤਮਿਕ ਅਮਲ ਨੂੰ ਚੁਣੌਤੀ ਦੇਣ ਵਜੋਂ ਲਿਆ ਗਿਆ। ਪਾਰਟੀ ਵਲੋਂ ਵਾਰ-ਵਾਰ ਪ੍ਰਧਾਨ ਨਾ ਬਦਲਣ ਦਾ ਬਿਆਨ ਦੁਹਰਾਉਣ ਦੇ ਬਾਵਜੂਦ ਨਾਰਾਜ਼ ਧੜੇ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਵੀ ਗ਼ੈਰ-ਅਨੁਸ਼ਾਸਨਾਤਮਿਕ ਕਾਰਵਾਈ ਕਰਾਰ ਦਿੱਤਾ ਗਿਆ। ਇਨ੍ਹਾਂ ਸਭ ਕਾਰਨਾਂ ਕਾਰਨ ਹੀ ਰਾਹੁਲ ਗਾਂਧੀ ਵਲੋਂ ਜ਼ਾਹਿਰੀ ਨਾਰਾਜ਼ਗੀ ਵਿਖਾਉਂਦਿਆਂ ਨਾਰਾਜ਼ ਆਗੂਆਂ ਨਾਲ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਮੀਟਿੰਗ ’ਚ ਚੰਨੀ ਦੇ ਨਾਲ ਆਏ ਰੰਧਾਵਾ ਬਿਨਾਂ ਕੁਝ ਬੋਲੇ ਪਹਿਲਾਂ ਹੀ ਬਾਹਰ ਚਲੇ ਗਏ।

Ad Position 22
No active advertisement
ਪਿਛਲੀ ਖ਼ਬਰ ਦਾਖਾ ਨੇੜਲੇ ਪਿੰਡ ਦੇ ਸਾਬਕਾ ਸਰਪੰਚ ਨੂੰ ਲਾਵਾਰਸ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਅਗਲੀ ਖ਼ਬਰ ਪਾਕਿ ਨੇ ਪੀ. ਓ. ਕੇ. ’ਚ ਅਣਮਿੱਥੇ ਸਮੇਂ ਲਈ ਲਗਾਇਆ ਕਰਫ਼ਿਊ
Ad Position 24