ਨਵੀਂ ਦਿੱਲੀ, 29 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨੀਟ ਪੇਪਰ ਲੀਕ ਮਾਮਲੇ ’ਚ ਸੀ.ਬੀ.ਆਈ. ਨੂੰ ਦੋਸ਼ ਪੱਤਰ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਅਤੇ ਬਿਆਨਾਂ ਦੀ ਸੂਚੀ ਦਾਖ਼ਲ ਕਰਨ ਲਈ ਸਮਾਂ ਦੇ ਦਿੱਤਾ ਹੈ। ਫਾਸਟ ਟਰੈਕ ਅਦਾਲਤ ਦੀ ਜੱਜ ਅਨੁ ਗਰੋਵਰ ਬਲਿਗਾ ਨੇ ਸੀ.ਬੀ.ਆਈ. ਨੂੰ ਤਿੰਨ ਦਿਨਾਂ ਦੇ ਅੰਦਰ ਇਹ ਦਸਤਾਵੇਜ਼ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਇਸ ਦੋਸ਼ ਪੱਤਰ ’ਤੇ ਅਗਲੀ ਸੁਣਵਾਈ 3 ਅਗਸਤ ਨੂੰ ਕਰੇਗੀ। ਬੁੱਧਵਾਰ ਨੂੰ ਸੁਣਵਾਈ ਦੌਰਾਨ ਸੀ.ਬੀ.ਆਈ. ਨੇ ਕਿਹਾ ਕਿ ਦੋਸ਼ ਪੱਤਰ ਅਤੇ ਦਸਤਾਵੇਜ਼ ਕਰੀਬ 2 ਹਜ਼ਾਰ ਪੇਜ਼ਾਂ ਦਾ ਹੈ, ਜਿਸ ਨੂੰ ਸਕੈਨ ਕੀਤਾ ਜਾ ਰਿਹਾ ਹੈ, ਇਸ ਲਈ ਦਸਤਾਵੇਜ਼ ਦਾਖ਼ਲ ਕਰਨ ’ਚ ਸਮਾਂ ਲੱਗੇਗਾ। ਉਸ ਤੋਂ ਬਾਅਦ ਅਦਾਲਤ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦੇ ਦਿੱਤਾ। ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ ਮੰਗਲਵਾਰ ਨੂੰ ਦਿੱਲੀ ਦੇ ਰਾਊਜ਼ ਐਵੇਨਿਊ ਅਦਾਲਤ ’ਚ ਨੀਟ ਪੇਪਰ ਲੀਕ ਮਾਮਲੇ ’ਚ 13 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਸੀ।