06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲੁਧਿਆਣਾ ’ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਆਸ਼ੂ-ਵੜਿੰਗ ਸਮਰਥਕਾਂ ਵਿਚਾਲੇ ਤਕਰਾਰ

ਜਤਿੰਦਰ ਭੰਬੀ ਲੁਧਿਆਣਾ, 6 ਅਗਸਤ -ਸਥਾਨਕ ਗੁਰੂ ਨਾਨਕ ਦੇਵ ਭਵਨ ਵਿਚ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਭਾਰਤ ਭੂਸ਼ਨ ਆਸ਼ੂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ

Ad Position 21
No active advertisement
ਅਜੀਤ ਡੈਸਕ 07-08-2026

ਜਤਿੰਦਰ ਭੰਬੀ
ਲੁਧਿਆਣਾ, 6 ਅਗਸਤ -ਸਥਾਨਕ ਗੁਰੂ ਨਾਨਕ ਦੇਵ ਭਵਨ ਵਿਚ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਭਾਰਤ ਭੂਸ਼ਨ ਆਸ਼ੂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਿਆ ਅਤੇ ਨੌਬਤ ਹੱਥੋਪਾਈ ਤੱਕ ਪੁੱਜ ਗਈ। ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਲੋਂ ਹਰ ਸ਼ਹਿਰ ਵਿਚ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਵਲੋਂ ਗੁਰੂ ਨਾਨਕ ਦੇਵ ਭਵਨ ’ਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਸਵੇਰੇ ਪੌਣੇ 12 ਵਜੇ ਦੇ ਕਰੀਬ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਗੁਰੂ ਨਾਨਕ ਭਵਨ ਪੁੱਜੇ ਤਾਂ ਇਨ੍ਹਾਂ ਦੇ ਹਮਾਇਤੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਜਦੋਂ ਇਹ ਦੋਵੇਂ ਆਗੂ ਜ਼ਿਲ੍ਹਾ ਕਾਂਗਰਸੀ ਆਗੂਆਂ ਨਾਲ ਸਟੇਜ ’ਤੇ ਪਹੁੰਚੇ ਤਾਂ ਹਾਲ ਵਿਚ ਪਹਿਲਾਂ ਤੋਂ ਮੌਜੂਦ ਆਸ਼ੂ ਸਮਰਥਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਮਰਥਕ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿਚ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਹ ਸਭ ਕੁੱਝ ਹੁੰਦਾ ਦੇਖ ਕੇ ਸਟੇਜ ’ਤੇ ਮੌਜੂਦ ਕਾਂਗਰਸੀ ਆਗੂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਸ਼ੂ ਸਮਰਥਕ ਹੋਰ ਭੜਕ ਪਏ ਅਤੇ ਇਨ੍ਹਾਂ ਨੇ ‘ਭੁਪੇਸ਼ ਬਘੇਲ ਗੋ ਬੈਕ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਸਮਰਥਕ ਅਜੇ ਨਾਅਰੇ ਲਗਾ ਹੀ ਰਹੇ ਸਨ ਕਿ ਦੂਜੇ ਪਾਸਿਓਂ ਰਾਜਾ ਵੜਿੰਗ ਦੇ ਸਮਰਥਕਾਂ ਵਲੋਂ ਵੀ ਉਨ੍ਹਾਂ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਕ ਸਮੇਂ ਤਾਂ ਇਨ੍ਹਾਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਿਆ, ਉਥੇ ਮੌਜੂਦ ਕਾਂਗਰਸੀ ਆਗੂਆਂ ਨੇ ਇਨ੍ਹਾਂ ਦੋਵਾਂ ਧੜਿਆਂ ਦੇ ਸਮਰਥਕ ਅਲੱਗ-ਅਲੱਗ ਕੀਤੇ। ਇਨ੍ਹਾਂ ਵਿਚੋਂ ਕੁੱਝ ਆਸ਼ੂ ਸਮਰਥਕਾਂ ਨੇ ‘ਭੁਪੇਸ਼ ਬਘੇਲ ਗੋ ਬੈਕ’ ਦੇ ਸਟਿੱਕਰਾਂ ਵਾਲੀਆਂ ਟੀ ਸ਼ਰਟਾਂ ਵੀ ਪਾਈਆਂ ਹੋਈਆਂ ਸਨ। ਇਹ ਹੰਗਾਮਾ ਅੱਧਾ ਘੰਟਾ ਦੇ ਕਰੀਬ ਹੋਇਆ ਜ਼ਬਰਦਸਤ ਨਾਅਰੇਬਾਜ਼ੀ ਤੋਂ ਬਾਅਦ ਇਹ ਸਮਰਥਕ ਵਾਪਸ ਚਲੇ ਗਏ। ਇਸ ਮੌਕੇ ਰਾਜਾ ਵੜਿੰਗ ਨੂੰ ਵੀ ਨਾਅਰੇ ਲਗਾਉਂਦੇ ਵੇਖਿਆ ਗਿਆ, ਜੋ ਕਹਿ ਰਹੇ ਸੀ ‘ਆਰ.ਐਸ.ਐਸ. ਦੇ ਚਮਚੋ ਬਾਹਰ ਜਾਓ ਬਾਹਰ ਜਾਓ’। ਇਸ ਮੌਕੇ ਭੁਪੇਸ਼ ਬਘੇਲ, ਰਾਜਾ ਵੜਿੰਗ, ਰਵਿੰਦਰ ਡਾਲਵੀ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਨੇ ਕਿਹਾ ਕਿ ‘ਹਰ ਬੂਥ ਕਾਂਗਰਸ ਮਜ਼ਬੂਤ’ ਦੇ ਪ੍ਰੋਗਰਾਮ ਤਹਿਤ ਉਨ੍ਹਾਂ ਵਲੋਂ ਹਰੇਕ ਜ਼ਿਲ੍ਹੇ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਤਰ ਭਾਰਤ ‘ਚ ਜਿੱਤ ਦੀ ਸ਼ੁਰੂਆਤ ਪੰਜਾਬ ‘ਚ ਸਰਕਾਰ ਬਣਾ ਕੇ ਕੀਤੀ ਜਾਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੂਬੇ ਭਰ ਵਿਚ ਕਾਂਗਰਸ ਦੀ ਲਹਿਰ ਹੈ ਅਤੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਵਲੋਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨ ਸੰਬੰਧੀ ਦਿੱਤੇ ਗਏ ਆਪਣੇ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਸੂਬੇ ਵਿਚ ਆਪਣਾ ਆਧਾਰ ਖ਼ਤਮ ਕਰ ਚੁੱਕਾ ਹੈ, ਜੇਕਰ ਪਾਰਟੀ ਹਾਈਕਮਾਨ ਦਾ ਹੁਕਮ ਹੋਵੇਗਾ ਤਾਂ ਉਹ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਹੀ ਚੋਣ ਲੜਨਗੇ। ਇਸ ਮੌਕੇ ਉਨ੍ਹਾਂ ਨੇ ਹਲਕਾ ਪੱਛਮੀ ਤੋਂ ਕਾਂਗਰਸੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਪਵਨ ਦੀਵਾਨ ਦੀ ਵੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਤੋਂ ਹਿਸਾਬ ਲਵਾਂਗੇ । ਇਸ ਮੌਕੇ ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕੇ.ਕੇ. ਬਾਵਾ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ, ਜਸਬੀਰ ਸਿੰਘ ਜੱਸੀ ਖੰਗੂੜਾ, ਜਰਨੈਲ ਸਿੰਘ ਸ਼ਿਮਲਾਪੁਰੀ, ਸਾਬਕਾ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ, ਨਿਰਮਲ ਕੈੜਾ, ਯੂਥ ਕਾਂਗਰਸ ਪ੍ਰਧਾਨ ਮਨਰਾਜ ਠੁਕਰਾਲ, ਸਾਬਕਾ ਪ੍ਰਧਾਨ ਹੈਪੀ ਲਾਲੀ, ਪਵਨਦੀਪ ਮਦਾਨ, ਲਖਵੀਰ ਸਿੰਘ ਸੰਧੂ, ਹਰਵਿੰਦਰ ਸਿੰਘ ਕਲੇਰ, ਸੁਸ਼ੀਲ ਮਲਹੋਤਰਾ, ਰਮੇਸ਼ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ। 
ਬਘੇਲ ਅਤੇ ਰਾਜਾ ਵੜਿੰਗ ਦੀ ਬੈਂਸ ਨਾਲ ਅਹਿਮ ਮੀਟਿੰਗ
ਲੁਧਿਆਣਾ : ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨਾਲ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੇਰ ਸ਼ਾਮ ਮੀਟਿੰਗ ਕੀਤੀ ਗਈ। ਹਾਲ ਦੀ ਘੜੀ ਮੀਟਿੰਗ ਦੇ ਵੇਰਵੇ ਨਹੀਂ ਮਿਲ ਸਕੇ ਪਰ ਸੂਤਰਾਂ ਅਨੁਸਾਰ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸੰਸਦ ਮੈਂਬਰ ਡਾ. ਅਮਰ ਸਿੰਘ ਵੀ ਸ਼ਾਮਿਲ ਹੋਏ ਅਤੇ ਵੱਖਰੇ ਤੌਰ ’ਤੇ ਇਨ੍ਹਾਂ ਤਿੰਨਾਂ ਆਗੂਆਂ ਨੇ ਬੈਂਸ ਨਾਲ ਮੌਜੂਦਾ ਸਿਆਸੀ ਹਾਲਾਤ ’ਤੇ ਵਿਚਾਰ-ਵਟਾਂਦਰਾ ਕੀਤਾ। ਅੱਜ ਪ੍ਰੋਗਰਾਮ ਤੋਂ ਬਾਅਦ ਇਨ੍ਹਾਂ ਆਗੂਆਂ ਵਲੋਂ ਬੈਂਸ ਨੂੰ ਥਾਪੀ ਦਿੱਤੀ ਗਈ ਹੈ ਅਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਇਨ੍ਹਾਂ ਆਗੂਆਂ ਨੇ ਬੈਂਸ ਨੂੰ ਵਧਾਈ ਵੀ ਦਿੱਤੀ ਹੈ। ਇਸ ਮੀਟਿੰਗ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਬੈਂਸ ਨੂੰ ਕਾਂਗਰਸ ਵਿਚ ਅਹਿਮ ਜ਼ਿੰਮੇਵਾਰੀ ਦੇਣ ਬਾਰੇ ਵੀ ਆਗੂਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਪੱਖੋਂ ਕੇਰਲ ਨੂੰ ਪਛਾੜ ਦੇਸ਼ ਦਾ ਮੋਹਰੀ ਸੂਬਾ ਬਣਿਆ-ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਿਰ ਚੁੱਕਿਆ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦਾ ਮੁੱਦਾ
Ad Position 24
No active advertisement