06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਸਕੂਲ ਸਿੱਖਿਆ ਪੱਖੋਂ ਕੇਰਲ ਨੂੰ ਪਛਾੜ ਦੇਸ਼ ਦਾ ਮੋਹਰੀ ਸੂਬਾ ਬਣਿਆ-ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 6 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਵਿਚ ਅੱਜ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਰੋਜ਼ਗਾਰ ਪੈਦਾ ਕਰਨ ਤੇ ਜੀਵਨ ਜਾਚ ਸਿਖਾਉਣ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਨ ਲਈ ‘ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ

Ad Position 21
No active advertisement
ਅਜੀਤ ਡੈਸਕ 07-08-2026

ਚੰਡੀਗੜ੍ਹ, 6 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਵਿਚ ਅੱਜ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਰੋਜ਼ਗਾਰ ਪੈਦਾ ਕਰਨ ਤੇ ਜੀਵਨ ਜਾਚ ਸਿਖਾਉਣ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਨ ਲਈ ‘ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਪੇਸ਼  ਕੀਤੇ ਗਏ ਮਤੇ ’ਤੇ ਹੋਈ ਜ਼ੋਰਦਾਰ ਬਹਿਸ ਦੇ ਜਵਾਬ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਦਨ ਨੂੰ ਦੱਸਿਆ ਕਿ ਨੀਤੀ ਆਯੋਗ ਦੀ ਰੈਂਕਿੰਗ ਵਿਚ ਪੰਜਾਬ ਇਸ ਸਾਲ ਕੇਰਲ ਨੂੰ ਪਛਾੜ ਕੇ ਸਕੂਲ ਸਿੱਖਿਆ ਲਈ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ । ਉਨ੍ਹਾਂ ਕਿਹਾ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਈ ਗਈ ਸੀ ਉਸ ਸਮੇਂ ਸਕੂਲਾਂ ਦੇ ਚਾਰ ਲੱਖ ਵਿਦਿਆਰਥੀ ਤੱਪੜਾਂ (ਟਾਟਾਂ) ’ਤੇ ਬੈਠਣ ਲਈ ਮਜਬੂਰ ਸਨ, 4 ਹਜ਼ਾਰ ਸਕੂਲਾਂ ਵਿਚ ਚਾਰ ਦੀਵਾਰੀ ਤੱਕ ਨਹੀਂ ਸੀ ਤੇ 3200 ਸਕੂਲਾਂ ਵਿਚ ਵਰਤੋਂਯੋਗ ਬਾਥਰੂਮ ਵੀ ਨਹੀਂ ਸਨ । ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ 19,125 ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਹੁਣ ਤਕ 3638 ਕਰੋੜ ਰੁਪਏ ਖਰਚੇ ਹਨ ਅਤੇ ਵਿਸ਼ਵ ਬੈਂਕ ਤੋਂ ਇਕ ਹਜ਼ਾਰ ਕਰੋੜ ਰੁਪਏ ਹੋਰ ਪ੍ਰਾਪਤ ਕੀਤੇ ਜਾ ਰਹੇ ਸਨ । ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਆਉਣ ਤੋਂ ਪਹਿਲਾਂ 2021 ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ 80 ਵਿਦਿਆਰਥੀਆਂ ਨੇ ਨੀਟ ਦਾ ਪੇਪਰ ਪਾਸ ਕੀਤਾ ਸੀ, ਜਦੋਂਕਿ ਇਸ ਸਾਲ ਇਹ ਗਿਣਤੀ 882 ’ਤੇ ਪੁੱਜ ਗਈ ਹੈ, ਜੋ ਕਿ ਵੱਡੀ ਪ੍ਰਾਪਤੀ ਹੈ । ਬੈਂਸ ਨੇ ਦੱਸਿਆ ਕਿ ਸਾਡੀ ਸਰਕਾਰ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਕਿਤਾਬਾਂ ਅਕਤੂਬਰ-ਨਵੰਬਰ ਤੱਕ ਉਪਲਬਧ ਹੁੰਦੀਆਂ ਰਹੀਆਂ ਜਦੋਂ ਕਿ ਹੁਣ 15 ਫਰਵਰੀ ਤੱਕ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਕਿਤਾਬਾਂ ਆ ਜਾਂਦੀਆਂ ਹਨ ਤੇ 31 ਮਾਰਚ ਤਕ ਵਿਦਿਆਰਥੀਆਂ ’ਚ ਵੰਡ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ 12 ਜਮਾਤ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਵਿਚ ਪਹਿਲਾ ਰਾਜ ਹੈ । ਉਨ੍ਹਾਂ ਕਿਹਾ ਕਿ ਮੈਂ ਹਰ ਜ਼ਿਲ੍ਹੇ ਦੇ 2000 ਤੱਕ ਸਕੂਲਾਂ ਦਾ ਹੁਣ ਤੱਕ ਦੌਰਾ ਕਰ ਚੁੱਕਾ ਹਾਂ ਅਤੇ ਮੰਤਰੀ ਬਣਨ  ਮੌਕੇ ਮੈਂ ਵੇਖਿਆ ਕਈ ਸਕੂਲਾਂ ਵਿਚ 8ਵੀਂ ਜਮਾਤ ਦੇ ਬੱਚੇ ਸਾਧਾਰਨ ਜੋੜ ਜਾਂ ਜਮ੍ਹਾਂ ਘਟਾਓ ਵੀ ਨਹੀਂ ਕਰ ਸਕਦੇ ਸਨ । ਅਜਿਹੇ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਨੂੰ ਤੀਜੀ ਦੇ ਸਿਲੇਬਸ ਤੋਂ ਪੜ੍ਹਾਇਆ ਗਿਆ ਤੇ ਇਸ ਪ੍ਰੋਗਰਾਮ ਅਧੀਨ ਹੁਣ ਤਕ 12 ਲੱਖ ਬੱਚੇ ਕਵਰ ਕੀਤੇ ਜਾ ਚੁੱਕੇ ਹਨ । 
ਭਾਖੜਾ ਡੈਮ ਤੇ ਖਣਨ 
ਰਾਜ ਦੇ ਸਿੰਜਾਈ ਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸਿਫਰ ਕਾਲ ਦੌਰਾਨ ਭਾਖੜਾ ਡੈਮ ਦੇ ਇਕ ਪਾਸੇ ਝੁਕਣ ਸੰਬੰਧੀ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਪ੍ਰਗਟਾਏ ਖ਼ਦਸ਼ਿਆਂ ਅਤੇ ਡੈਮ ਦੀ ਸੁਰੱਖਿਆ ਪ੍ਰਤੀ ਪ੍ਰਗਟਾਈ ਚਿੰਤਾ ਅਤੇ ਖਣਨ ਸੰਬੰਧੀ ਉੱਠੇ ਮਾਮਲਿਆਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ਦੇ ਡਿਜ਼ਾਈਨ ਵਿਚ 1.03 ਇੰਚ ਤੱਕ ਦਾ ਝੁਕਾ ਸਧਾਰਨ ਦਰਸਾਇਆ ਹੋਇਆ ਹੈ ਤੇ ਡੈਮ ’ਤੇ ਦਬਾਅ ਕਾਰਨ 1995 ਤੋਂ ਹੁਣ ਤੱਕ 15 ਵਾਰ ਅਜਿਹਾ ਝੁਕਾ ਆਇਆ ਹੈ ਤੇ ਡੈਮ ਬਾਅਦ ਵਿਚ ਵਾਪਸ ਆਪਣੇ ਸਥਾਨ ’ਤੇ ਆ ਜਾਂਦਾ ਹੈ, ਇਸ ਲਈ ਖ਼ਤਰੇ ਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ । ਲੇਕਿਨ ਉਨ੍ਹਾਂ ਕਿਹਾ ਕਿ ਡੈਮ ਵਿਚ 26 ਫੀਸਦੀ ਸਿਲਟ ਦੇ ਜਮ੍ਹਾਂ ਹੋ ਜਾਣ ਕਾਰਨ ਅਤੇ ਭਾਰਤ ਸਰਕਾਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਸ ਦੀ ਇਸ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਹੈ, ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਡੈਮ ’ਚ ਪਾਣੀ ਭੰਡਾਰਨ ਦੀ ਸਮਰੱਥਾ 26 ਫੀਸਦੀ ਘਟ ਗਈ ਹੈ ਤੇ ਰਾਜ ਸਰਕਾਰ ਲਗਾਤਾਰ ਇਹ ਮਾਮਲਾ ਕੇਂਦਰ ਤੇ ਬੀ.ਬੀ.ਐਮ.ਬੀ. ਕੋਲ ਉਠਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿਚ ਖਣਨ ਮਾਫ਼ੀਆ ਵਿਰੁੱਧ ਲਗਾਤਾਰ ਕਾਰਵਾਈ ਹੋ ਰਹੀ ਹੈ ਤੇ ਇਸ ਦਾ ਸਬੂਤ ਇਹ ਹੈ ਕਿ ਰਾਜ ਦੀ ਖਣਨ ਤੋਂ ਆਮਦਨ, ਜੋ ਮਗਰਲੀਆਂ ਸਰਕਾਰਾਂ ’ਚ ਸਾਲਾਨਾ 120 ਕਰੋੜ ਰੁਪਏ ਸੀ, ਉਹ ਹੁਣ ਤੱਕ 825 ਕਰੋੜ ਰੁਪਏ ਹੋ ਗਈ ਹੈ । ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਪੰਜਾਬ ਵਿਚ 1989 ਦੌਰਾਨ ਪੋਟਾਸ਼ ਦਾ ਪਤਾ ਲੱਗਾ ਸੀ, ਲੇਕਿਨ ਅੱਗੋਂ ਖੋਜ ਨਹੀਂ ਹੋਈ, ਲੇਕਿਨ ਹੁਣ ਸੂਬੇ ਵਿਚ 10 ਥਾਵਾਂ ’ਤੇ ਖੋਜ ਦਾ ਕੰਮ ਜਾਰੀ ਹੈ ਤੇ ਸੂਬੇ ਵਿਚ ਹੁਣ ਮੁਕਤਸਰ, ਬਠਿੰਡਾ ਤੇ ਫ਼ਰੀਦਕੋਟ ਵਿਖੇ ਪੈਟਰੋਲ ਭੰਡਾਰਨ ਹੋਣ ਦੇ ਸਬੂਤ ਮਿਲੇ ਹਨ ਤੇ ਡਰਿਲਿੰਗ ਜਾਰੀ ਹੈ।
ਸ੍ਰੀ ਗੋਇਲ ਨੇ ਦੱਸਿਆ ਕਿ ਜਿਓਆਲੌਜੀਕਲ ਸਰਵੇ ਆਫ਼ ਇੰਡੀਆ ਨੂੰ ਸਾਲ 1985-86 ਤੇ ਹੋਰ 1991 ਤੋਂ 1994 ਤੱਕ ਪੰਜਾਬ ਵਿਚ ਮੁੱਦਕੀ ਦਰਿਆ ਕੋਲ ਸੋਨੇ ਦੇ ਭੰਡਾਰਨ ਦੇ ਸਬੂਤ ਵੀ ਮਿਲੇ ਸਨ ਤੇ ਹੁਣ ਸਾਡੀ ਸਰਕਾਰ ਵਲੋਂ ਕੇਂਦਰ ਤੇ ਇਸ ਖੋਜ ਨੂੰ ਅੱਗੇ ਤੋਰਨ ਲਈ ਗੱਲਬਾਤ ਕੀਤੀ ਗਈ ਹੈ। 
ਐਫ.ਬੀ.ਆਈ. ਦੇ ਪੰਜਾਬ ਪੁਲਿਸ ’ਤੇ ਦੋਸ਼
ਵਿਧਾਨ ਸਭਾ ’ਚ ਅੱਜ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਗੈਂਗਸਟਰਾਂ ਵਲੋਂ ਆਉਂਦੇ ਫਿਰੌਤੀਆਂ ਦੇ ਫੋਨਾਂ ਵਿਚ ਪੰਜਾਬ ਪੁਲਿਸ ਦੀ ਸ਼ਮੂਲੀਅਤ ਸੰਬੰਧੀ ਅਮਰੀਕਾ ਦੀ ਕੌਮੀ ਜਾਂਚ ਏਜੰਸੀ ਐਫ.ਬੀ.ਆਈ. ਦੇ ਸਬੂਤਾਂ ਦਾ ਮੁੱਦਾ ਉਠਾਇਆ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿਚ ਵੀ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਂਅ ਸਾਹਮਣੇ ਆਏ ਹਨ ਅਤੇ ਭਗੌੜੇ ਹਨ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੇਰੇ ਕੋਲ 10-12 ਅਜਿਹੇ ਅਧਿਕਾਰੀਆਂ ਦੀ ਸੂਚੀ ਹੈ ਜੋ ਭਗੌੜੇ ਹਨ ਅਤੇ ਇੱਥੇ ਹੀ ਤੁਰੇ ਫਿਰਦੇ ਹਨ । ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਤੇ ਯੂਰਪ ਦੀ ਜਾਂਚ ਏਜੰਸੀ ਦੀ ਸਾਂਝੀ ਜਾਂਚ ਵਿਚ ਵੀ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੇ ਨਾਂਅ ’ਤੇ ਸਬੂਤ ਸਾਹਮਣੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਮਗਰਲੇ 4 ਸਾਲਾਂ ਦੌਰਾਨ ਰਾਜ ਲਈ ਪੱਕਾ ਡੀ.ਜੀ.ਪੀ. ਹੀ ਨਹੀਂ ਲਗਾ ਸਕੀ । ਉਨ੍ਹਾਂ ਸਰਕਾਰ ਤੋਂ ਇਸ ਸੰਬੰਧੀ ਸਦਨ ਵਿਚ ਜਵਾਬ ਦੀ ਵੀ ਮੰਗ ਕੀਤੀ । ਸਿਫ਼ਰ ਕਾਲ ਵਿਚ ਹੀ ਕਾਂਗਰਸ ਮੈਂਬਰਾਂ ਅਤੇ ਭਾਜਪਾ ਦੇ ਅਸ਼ਵਨੀ ਸ਼ਰਮਾ ਵਲੋਂ ਜਾਰੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਵੀ ਉਠਾਇਆ ਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਸਦਨ ਕਮੇਟੀ ਦੇ ਗਠਨ ਦੀ ਮੰਗ ਵੀ ਕੀਤੀ ਗਈ ਤੇ ਕਿਹਾ ਕਿ ਉਹ ਕਮੇਟੀ ਨੂੰ ਨਾਜਾਇਜ਼ ਖਣਨ ਵਾਲੀਆਂ ਥਾਵਾਂ ’ਤੇ ਲੈ ਕੇ ਜਾਣਗੇ । ਸਰਕਾਰ ਵਲੋਂ ਕੋਈ ਜਵਾਬ ਨਾ ਮਿਲਣ ’ਤੇ ਕਾਂਗਰਸ ਮੈਂਬਰ ਕੁਝ ਸਮਾਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ । ਲੇਕਿਨ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਸੀ ਕਿ ਜਾਂਚ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸੋਨੀਆ ਗਾਂਧੀ ਨੂੰ ਕਾਂਗਰਸ ਮੰਤਰੀਆਂ ਤੇ ਸੰਸਦ ਮੈਂਬਰਾਂ ਸੰਬੰਧੀ ਗੈਰ ਕਾਨੂੰਨੀ ਖਣਨ ਕਰਨ ਲਈ ਭੇਜੇ ਨਾਵਾਂ ਦੀ ਸੂਚੀ ਨੂੰ ਵੀ ਸ਼ਾਮਿਲ ਕੀਤਾ ਜਾਵੇ । 
ਸਵੈ-ਰੱਖਿਆ ਲਈ ਹਥਿਆਰਾਂ ਦੇ ਲਾਇਸੰਸ
ਪੰਜਾਬ ਵਿਚ ਸਵੈ ਰੱਖਿਆਂ ਲਈ ਹਥਿਆਰਾਂ ਦੇ ਲਾਇਸੰਸ ਲੈਣ ਦੀ ਪ੍ਰਕਿਰਿਆ ਦੇ ਬਹੁਤ ਗੁੰਝਲਦਾਰ ਹੋਣ ਤੇ ਆਜ਼ਾਦ ਮੈਂਬਰ ਰਾਣਾ ਇੰਦਰ ਪ੍ਰਤਾਪ ਸਿੰਘ ਅਨੁਸਾਰ 2 ਲੱਖ ਤੋਂ 5 ਲੱਖ ਦੀ ਰਿਸ਼ਵਤ, ਖਰਚਿਆਂ ਦੇ ਦੋਸ਼ਾਂ ਬਾਅਦ ਤਕਰੀਬਨ ਸਾਰੀਆਂ ਪਾਰਟੀਆਂ ਵਲੋਂ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ, ਸਪੱਸ਼ਟ ਤੇ ਸਰਲ ਬਣਾਉਣ ਦੀ ਮੰਗ ਉੱਠੀ । ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਕਿਹਾ ਕਿ ਪਿਤਾ ਦੇ ਜਾਣ ਤੋਂ ਬਾਅਦ ਉਸ ਦਾ ਹਥਿਆਰ ਤਾਂ ਬਿਨਾਂ ਰੋਕ ਟੋਕ ਬੱਚਿਆਂ ਦੇ ਨਾਂਅ ਟਰਾਂਸਫ਼ਰ ਹੋਣ ਚਾਹੀਦਾ ਹੈ। ਮੈਂਬਰਾਂ ਨੇ ਕਿਹਾ ਕਿ ਵੱਡੀ ਆਬਾਦੀ ਸੂਬੇ ਵਿਚ ਡੇਰਿਆਂ ਵਿਚ ਰਹਿੰਦੀ ਹੈ ਇਨ੍ਹਾਂ ਲਈ ਲਾਇਸੰਸ ਹਥਿਆਰ ਜ਼ਰੂਰੀ ਹਨ। ਮੈਂਬਰਾਂ ਦਾ ਕਹਿਣਾ ਸੀ ਕਿ ਥਾਣਿਆਂ ਵਿਚ ਪੁਲਿਸ ਉਪਲਬਧ ਨਹੀਂ ਹੈ । ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਪ੍ਰਵਾਸੀ ਭਾਰਤੀ ਲਈ ਹਥਿਆਰਾਂ ਦੇ ਲਾਇਸੰਸਾਂ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਮੰਗ ਉਠਾਈ । ਵਿਧਾਇਕ ਦਾ ਕਹਿਣਾ ਸੀ ਕਿ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਤਾਂ ਬਿਨਾਂ ਰੋਕ ਟੋਕ ਹਥਿਆਰਾਂ ਲਈ ਲਾਇਸੈਂਸ ਮਿਲਣੇ ਚਾਹੀਦੇ ਹਨ । 
ਮਸ਼ਹੂਰ ਗਾਇਕ ਰਵਨੀਤ ਸਿੰਘ ਦਾ ਸਦਨ ਵਿਚ ਹਾਜ਼ਰ ਹੋਣ ’ਤੇ ਸਵਾਗਤ 
ਮਸ਼ਹੂਰ ਗਾਇਕ ਤੇ ਐਂਕਰ ਰਵਨੀਤ ਸਿੰਘ ਤੇ ਪੰਜਾਬੀ ਗਾਇਕ ਜੋਤੀ ਨੂਰਾਂ ਦਾ ਅੱਜ ਪੰਜਾਬ ਵਿਧਾਨ ਸਦਨ ਦੇ ਗਵਰਨਰ ਬਾਕਸ ਵਿਚ ਹਾਜ਼ਰ ਹੋਣ ’ਤੇ ਸਦਨ ਦੇ ਮੈਂਬਰਾਂ ਬੈਂਚ ਥਪ-ਥਪਾ ਕੇ ਸਵਾਗਤ ਕੀਤਾ । ਉਕਤ ਦੋਵੇਂ ਕਲਾਕਾਰ ਅੱਜ ਇੱਥੇ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ ਤੇ ਉਨ੍ਹਾਂ ਗਵਰਨਰ ਬਾਕਸ ਵਿਚ ਬੈਠ ਕੇ ਕੁਝ ਸਮੇਂ ਲਈ ਇਜਲਾਸ ਦੀ ਕਾਰਵਾਈ ਵੇਖੀ ।  ਸਪੀਕਰ ਕੁਲਤਾਰ ਸਿੰਘ ਸੰਧਵਾਂ ਜਦੋਂ ਉਨ੍ਹਾਂ ਦੇ ਸਦਨ ਵਿਚ ਹਾਜ਼ਰ ਹੋਣ ਸੰਬੰਧੀ ਐਲਾਨ ਕੀਤਾ ਤਾਂ ਮੰਤਰੀਆਂ, ਵਿਧਾਇਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਕਤ ਦੋਵੇਂ ਪੰਜਾਬੀ ਦੇ ਨਾਮਵਰ ਕਲਾਕਾਰ ਹਨ। 

 

Ad Position 22
No active advertisement
ਪਿਛਲੀ ਖ਼ਬਰ ਬੰਬੇ ਹਾਈ ਕੋਰਟ ਵਲੋਂ ਤਰੁਣ ਤੇਜਪਾਲ ਨੂੰ 10 ਸਾਲ ਕੈਦ ਦੀ ਸਜ਼ਾ ਅਗਲੀ ਖ਼ਬਰ ਲੁਧਿਆਣਾ ’ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਆਸ਼ੂ-ਵੜਿੰਗ ਸਮਰਥਕਾਂ ਵਿਚਾਲੇ ਤਕਰਾਰ
Ad Position 24
No active advertisement