ਨਵੀਂ ਦਿੱਲੀ, 12 ਸਤੰਬਰ (ਪੀ.ਟੀ.ਆਈ.)-ਬ੍ਰਿਕਸ ਸੰਮੇਲਨ ’ਚ ਸ਼ਾਮਿਲ ਹੋਣ ਵਾਲੇ ਵਿਸ਼ਵ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੱਖੇ ਗਏ ਰਾਤ ਦੇ ਖਾਣੇ ਵਿਚ ਵਿਸ਼ੇਸ਼ ਭਾਰਤੀ ਪਕਵਾਨ ਪਰੋਸੇ ਗਏ। ਮਹਿਮਾਨਾਂ ਲਈ ਤਿਆਰ ਕੀਤੇ ਗਏ ਮੀਨੂ ’ਚ ਰਵਾਇਤੀ ਭਾਰਤੀ ਸੁਆਦਾਂ ਨੂੰ ਖਾਸ ਅੰਦਾਜ਼ ’ਚ ਪੇਸ਼ ਕੀਤਾ ਗਿਆ। ਖਾਣੇ ਦੀ ਸ਼ੁਰੂਆਤ ‘ਖੰਡਵੀ ਮਿਲੇ’ ਤੇ ‘ਖੁੰਬ ਗਲੌਟੀ’ ਵਰਗੇ ਸਟਾਰਟਰਜ਼ ਨਾਲ ਹੋਈ। ਮੁੱਖ ਭੋਜਨ ’ਚ ‘ਪਨੀਰ ਲਬਾਬਦਾਰ’, ‘ਗੁੱਚੀ ਮਾਰਮਿਕ’ ਤੇ ‘ਗਾਜਰ-ਬੀਨ ਪੋਰੀਯਾਲ’ ਪਰੋਸੇ ਗਏ। ਇਸ ਤੋਂ ਇਲਾਵਾ ‘ਟਮਾਟਰ ਬੇਲੇ ਸਾਰੂ’ ਅਤੇ ‘ਬਾਜਰਾ ਪੁਲਾਓ’ ਨੇ ਵੀ ਮੀਨੂ ’ਚ ਆਪਣੀ ਥਾਂ ਬਣਾਈ। ਮਿਠਾਈਆਂ ’ਚ ‘ਜਲੇਬੀ ਨਾਲ ਫਰੂਟ ਕਰੀਮ’ ਅਤੇ ਖਾਸ ਤੌਰ ’ਤੇ ‘ਸ਼ਹਿਤੂਤ ਫਿਰਨੀ’ ਸ਼ਾਮਿਲ ਸੀ। ਇਸ ਮੌਕੇ 100 ਤੋਂ ਵੱਧ ਕਲਾਕਾਰਾਂ ਨੇ ਸੱਭਿਆਚਾਰਕ ਪੇਸ਼ਕਾਰੀ ਦਿੱਤੀ। ਇਨ੍ਹਾਂ ’ਚ ਭਾਰਤ ਤੋਂ ਇਲਾਵਾ ਬ੍ਰਿਕਸ ਦੇ ਹੋਰ ਮੈਂਬਰ ਦੇਸ਼ਾਂ ਦੇ ਕਲਾਕਾਰ ਵੀ ਸ਼ਾਮਿਲ ਸਨ।
ਸ਼ੀ ਜਿਨਪਿੰਗ ਨਹੀਂ ਹੋਏ ਸ਼ਾਮਿਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਤ ਦੇ ਖਾਣੇ ਦੀ ਦਾਅਵਤ ’ਚ ਸ਼ਿਰਕਤ ਨਹੀਂ ਕੀਤੀ। ਉਹ ਆਰਾਮ ਕਰਨ ਲਈ ਆਪਣੇ ਹੋਟਲ ਵਾਪਸ ਚਲੇ ਗਏ ਸਨ। ਅਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਵੀ ਬ੍ਰਿਕਸ ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਵਤਨ ਪਰਤ ਗਏ ਸਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਬ੍ਰਿਕਸ ਦੇ ਹੋਰ ਨੇਤਾਵਾਂ ਨੇ ਰਾਤ ਦੇ ਖਾਣੇ ’ਚ ਸ਼ਿਰਕਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਪਿਊਸ਼ ਗੋਇਲ, ਅਸ਼ਵਿਨੀ ਵੈਸ਼ਨਵ ਅਤੇ ਸ਼ਿਵਰਾਜ ਸਿੰਘ ਚੌਹਾਨ, ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੀ ਸ਼ਾਮਿਲ ਹੋਏ।
ਵਿਸ਼ਵ ਨੇਤਾਵਾਂ ਨੇ ਭਾਰਤ ਦੇ ਪਕਵਾਨਾਂ ਦਾ ਚੱਖਿਆ ਸਵਾਦ
ਵਿਸ਼ਵ ਨੇਤਾਵਾਂ ਨੇ ਭਾਰਤ ਦੇ ਪਕਵਾਨਾਂ ਦਾ ਚੱਖਿਆ ਸਵਾਦ
ਅਜੀਤ ਡੈਸਕ
13-09-2026