ਹੁਸ਼ਿਆਰਪੁਰ, 3 ਜਨਵਰੀ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਵਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੀਰਜ ਗੋਇਲ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਤਹਿਤ ਪਿੰਡ ਸਹਾਏਪੁਰ, ਪਿੰਡ ਸੈਚੀਆਂ, ਓਟ ਕਲੀਨਿਕ ਮੰਡ ਪੰਧੇਰ, ਦੀਨੇਵਾਲ ਕਲਾਂ ਅਤੇ ਓਟ ਕਲੀਨਿਕ ਹੈਲਥ ਸੈਂਟਰ ਮਾਹਿਲਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ | ਇਸ ਮੌਕੇ ਪੈਨਲ ਐਡਵੋਕੇਟਾਂ ਵਲੋਂ ਬਾਲ ਵਿਵਾਹ ਮੁਕਤ ਭਾਰਤ ਮੁਹਿੰਮ ਸੰਬੰਧੀ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਧਿਆਨ 'ਚ ਲਿਆਂਦਾ ਗਿਆ ਕਿ ਲੜਕੀ ਦੀ ਵਿਆਹ ਦੀ ਉਮਰ 18 ਸਾਲ ਤੋ ਘੱਟ ਨਾ ਹੋਵੇ ਅਤੇ ਲੜਕੇ ਦੀ ਉਮਰ 21 ਸਾਲ ਤੋ ਘੱਟ ਨਹੀਂ ਹੋਣੀ ਚਾਹੀਦੀ | ਇਸ ਦੇ ਨਾਲ ਹੀ ਨਾਲਸਾ ਦੀ ਵਾਤਾਵਰਨ ਕਾਨੂੰਨੀ ਸਾਖਰਤਾ ਅਤੇ ਭਾਈਚਾਰਕ ਸੁਰੱਖਿਆ ਪਹਿਲਕਦਮੀ, ਜਿਸ ਦਾ ਸਿਰਲੇਖ ਅੱਜ ਦੀ ਰੱਖਿਆ ਕਰੋ, ਕੱਲ੍ਹ ਨੂੰ ਸੁਰੱਖਿਅਤ ਕਰੋ ਸੀ, ਬਾਰੇ ਦੱਸਦੇ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਪਿੰਡਾਂ ਵਿਚ ਪਰਾਲੀ ਨੂੰ ਨਾ ਸਾੜਿਆ ਜਾਵੇ, ਨਾ ਹੀ ਪਲਾਸਟਿਕ ਨੂੰ ਅੱਗ ਲਗਾਈ ਜਾਵੇ | ਇਸ ਤੋਂ ਇਲਾਵਾ ਐਚ.ਆਈ.ਵੀ ਏਡਜ਼ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ | ਅਖ਼ੀਰ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਹੁਸ਼ਿਆਰਪੁਰ ਵਿਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਪ੍ਰਚਾਰ ਸਮੱਗਰੀ ਵੰਡੀ ਗਈ |