ਐਮਾਂ ਮਾਂਗਟ, 3 ਫਰਵਰੀ (ਗੁਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸ਼ੂਗਰ ਮਿਲ ਮੁਕੇਰੀਆਂ ਵਿਚੋਂ ਗੰਨਾ ਖ਼ਾਲੀ ਕਰਕੇ ਵਾਪਸ ਗੁਰਦਾਸਪੁਰ ਨੂੰ ਜਾ ਰਹੇ ਟਰੈਕਟਰ ਟਰਾਲੀ ਨੂੰ ਟਿੱਪਰ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਟਰੈਕਟਰ ਚਾਲਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਰਾਜਨ ਕੁਮਾਰ ਪੁੱਤਰ ਚਰਨ ਦਾਸ ਵਾਸੀ ਪਿੰਡ ਜੋੜਾ ਛੱਤਰਾ ਨਜ਼ਦੀਕ ਕਲਾਨੋਰ ਅਤੇ ਅਜੇ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਪਿੰਡ ਭੋਪਰ ਸੈਦਾਂ ਨਜ਼ਦੀਕ ਕਲਾਨੋਰ ਇਹ ਦੋਵੇਂ ਵਿਅਕਤੀ ਸ਼ੂਗਰ ਮਿਲ ਮੁਕੇਰੀਆਂ ਵਿਚ ਗੰਨੇ ਦੀ ਟਰਾਲੀ ਖ਼ਾਲੀ ਹੋਣ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ ਕਿ ਪਿੱਛੋਂ ਤੇਜ਼ ਰਫ਼ਤਾਰ ਟਰਾਲੇ ਵਲੋਂ ਟਰੈਕਟਰ ਟਰਾਲੀ ਦੇ ਪਿੱਛੇ ਜ਼ੋਰ ਨਾਲ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਟਰੈਕਟਰ 'ਤੇ ਬੈਠੇ ਵਿਅਕਤੀ ਅਜੇ ਕੁਮਾਰ ਦੇ ਸਿਰ 'ਚ ਸੱਟ ਲੱਗ ਗਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ | ਟਰੈਕਟਰ ਚਾਲਕ ਰਾਜਨ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਸੜਕ ਸੁਰੱਖਿਆ ਫੋਰਸ ਦੀ ਗੱਡੀ ਮੌਕੇ 'ਤੇ ਪਹੁੰਚੀ ਜਿਸ ਵਿਚ ਏ.ਐਸ.ਆਈ ਚਰਨਜੀਤ ਸਿੰਘ, ਕਾਂਸਟੇਬਲ ਹੀਰਾ ਅਤੇ ਮੈਡਮ ਜਸਵਿੰਦਰ ਕੌਰ ਨੇ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ | ਇਸ ਹਾਦਸੇ ਵਿਚ ਹਾਦਸਾ ਗ੍ਰਸਤ ਵਾਹਨਾਂ ਨੂੰ ਮੁਕੇਰੀਆਂ ਪੁਲਿਸ ਵੱਲੋਂ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |